ਨਵਜੋਤ ਸਿੱਧੂ ਨੇ ਕੀਤੇ ਸਨ ਲਗਾਤਾਰ ਤਿੰਨ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸੇ
ਨਵਜੋਤ ਸਿੰਘ ਸਿੱਧੂ ਨੂੰ ਇਨਕਾਰ ਕਰ ਚੁੱਕੇ ਸਨ ਅਮਰਿੰਦਰ ਪਰ ਅਚਾਨਕ ਸੌਂਪੀ ਜਾਂਚ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ (Badals) ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੋਵਾਂ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਾਂਚ ਸੌਂਪ ਦਿੱਤੀ ਗਈ ਹੈ। ਮੁੱਖ ਸਕੱਤਰ ਕਰਨ ਅਵਤਾਰ ਨਾ ਸਿਰਫ਼ ਦੋਵਾਂ ਬਾਦਲਾਂ ਖ਼ਿਲਾਫ਼ ਜਾਂਚ ਕਰਨਗੇ, ਸਗੋਂ ਜਲਦ ਹੀ ਇਸ ਸਬੰਧੀ ਰਿਪੋਰਟ ਤਿਆਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਸੌਂਪਣਗੇ, ਜਿਸ ਤੋਂ ਬਾਅਦ ਅਮਰਿੰਦਰ ਸਿੰਘ ਤੈਅ ਕਰਨਗੇ ਕਿ ਦੋਹੇ ਬਾਦਲਾ ਖ਼ਿਲਾਫ਼ ਕੋਈ ਕਾਰਵਾਈ ਕਰਨੀ ਹੈ ਜਾਂ ਫਿਰ ਨਹੀਂ ਕਰਨੀ ਹੈ ਪਰ 3 ਮਾਮਲਿਆਂ ਵਿੱਚ ਜਾਂਚ ਸ਼ੁਰੂ ਹੋਣ ਦੇ ਕਾਰਨ ਦੋਵੇਂ ਬਾਦਲਾਂ ਲਈ ਪਰੇਸ਼ਾਨੀ ਖੜੀ ਹੋ ਗਈ ਹੈ। (Badals)
ਇਹ ਤਿੰਨੇ ਉਹ ਮਾਮਲੇ ਹਨ, ਜਿਨਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸਾ ਕਰਦੇ ਹੋਏ ਬਾਦਲਾ ਖ਼ਿਲਾਫ਼ ਵੱਡੇ ਪੱਧਰ ‘ਤੇ ਦੋਸ਼ ਲਗਾਏ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਮੁੱਖ ਸਕੱਤਰ ਨੂੰ ਨਵਜੋਤ ਸਿੱਧੂ ਦੀਆਂ ਤਿੰਨੇ ਚਿੱਠੀਆਂ ਸਣੇ ਸਾਰੇ ਉਹ ਦਸਤਾਵੇਜ਼ ਵੀ ਭੇਜ ਦਿੱਤੇ ਗਏ ਹਨ, ਜਿਨਾਂ ਨੂੰ ਸਿੱਧੂ ਨੇ ਮੁੱਖ ਮੰਤਰੀ ਨੂੰ ਚਿੱਠੀ ਦੇ ਨਾਲ ਭੇਜਿਆ ਸੀ। ਨਵਜੋਤ ਸਿੱਧੂ ਵੱਲੋਂ ਲਗਾਤਾਰ ਤਿੰਨੇ ਹਫ਼ਤਿਆਂ ਤੋਂ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਖ਼ਿਲਾਫ਼ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਮੁਹਿੰਮ ਛੇੜੀ ਹੋਈ ਹੈ।
ਨਵਜੋਤ ਸਿੱਧੂ ਨੇ ਆਪਣੀ ਪ੍ਰੈਸ ਕਾਨਫਰੰਸਾਂ ਵਿੱਚ ਹੁਣ ਤੱਕ ਹਵਾਈ ਜਹਾਜ਼ ਦੇ ਸਫ਼ਰ ‘ਤੇ ਡੇਢ ਅਰਬ ਰੁਪਏ ਦਾ ਖ਼ਰਚ ਅਤੇ ਇਸ਼ਤਿਹਾਰਾਂ ‘ਤੇ 1 ਅਰਬ 82 ਕਰੋੜ ਰੁਪਏ ਦਾ ਖ਼ਰਚ ਕਰਨ ਦਾ ਦੋਸ਼ ਲਗਾਇਆ ਸੀ। ਇਸ ਨਾਲ ਹੀ ਪੰਜਾਬ ਵਿੱਚ ਇਨੈਸਟਰ ਸਮਿਟ ਵਿੱਚ 120 ਲੱਖ ਕਰੋੜ ਰੁਪਏ ਦੇ ਐਮ.ਓ.ਯੂ. ਹੋਣ ਦੇ ਬਾਵਜੂਦ ਵੀ ਇੱਕ ਪੈਸਾ ਨਹੀਂ ਆਉਣ ਦੀ ਗਲ ‘ਤੇ ਵੀ ਸੁਆਲ਼ਿਆ ਨਿਸ਼ਾਨ ਲਗਾਇਆ ਸੀ। ਇਨਾਂ ਤਿੰਨੇ ਪ੍ਰੈਸ ਕਾਨਫਰੰਸ ਬਾਰੇ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਸੀ। (Badals)
ਇਨਾਂ ਤਿੰਨੇ ਚਿੱਠੀਆਂ ‘ਤੇ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਅਚਾਨਕ ਇਨਾਂ ਤਿੰਨੇ ਚਿੱਠੀਆਂ ‘ਤੇ ਜਾਂਚ ਦੇ ਆਦੇਸ਼ ਬੀਤੇ ਹਫ਼ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਰੀ ਕਰ ਦਿੱਤੇ ਹਨ। ਇਨਾਂ ਤਿੰਨੇ ਮਾਮਲੇ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹਰ ਪਹਿਲੂ ਦੀ ਜਾਂਚ ਕਰਨਗੇ ਕਿ ਜਿਹੜਾ ਖ਼ਰਚ ਹੋਇਆ, ਉਹ ਨਿਯਮਾਂ ਅਨੁਸਾਰ ਹੋਇਆ ਜਾਂ ਫਿਰ ਨਹੀਂ ਹੋਇਆ ਹੈ। ਇਸ ਨਾਲ ਭ੍ਰਿਸ਼ਟਾਚਾਰ ਤੋਂ ਲੈ ਕੇ ਫਾਲਤੂ ਖ਼ਰਚ ਬਾਰੇ ਵੀ ਜਾਂਚ ਕੀਤੀ ਜਾਏਗੀ, ਇਸ ਲਈ ਹਰ ਇੱਕ ਫਾਈਲ ਨੂੰ ਚੈੱਕ ਵੀ ਕੀਤਾ ਜਾ ਸਕਦਾ ਹੈ। ਜਿਸ ਲਈ ਮੁੱਖ ਸਕੱਤਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀਆਂ ਵੀ ਲਗਾ ਰਹੇ ਹਨ। (Badals)
ਇਸ਼ਤਿਹਾਰਾਂ ਦੇ ਖ਼ਰਚ ‘ਚ ਫਸ ਸਕਦੇ ਹਨ ਬਾਦਲ
ਇਸ਼ਤਿਹਾਰਾਂ ਲਈ ਕੀਤੇ ਗਏ 200 ਕਰੋੜ ਤੋਂ ਜਿਆਦਾ ਖ਼ਰਚ ਦੇ ਮਾਮਲੇ ਵਿੱਚ ਬਾਦਲ ਬੁਰੀ ਤਰ੍ਹਾਂ ਫਸ ਸਕਦੇ ਹਨ, ਕਿਉਂਕਿ ਇਸ ਮਾਮਲੇ ਵਿੱਚ ਕੈਗ ਨੇ ਵੀ ਸੁਆਲ਼ੀਆ ਨਿਸ਼ਾਨ ਲਗਾਇਆ ਸੀ, ਸਗੋਂ ਕਈ ਇਹੋ ਜਿਹੇ ਅਖ਼ਬਾਰਾਂ ਅਤੇ ਰੇਡੀਓ ਸਣੇ ਵਿਦੇਸ਼ੀ ਚੈਨਲਾਂ ਨੂੰ ਇਸ਼ਤਿਹਾਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਨਿਯਮਾਂ ਅਨੁਸਾਰ ਇਸ਼ਤਿਹਾਰ ਲੈ ਨਹੀਂ ਸਕਦੇ ਸਨ ਤਾਂ ਕੁਝ ਚੋਣਾਂ ਸਮੇਂ ਹੀ ਸ਼ੁਰੂ ਹੋਏ ਅਤੇ ਬਾਅਦ ਵਿੱਚ ਬੰਦ ਹੋ ਗਏ।
ਸਿੱਧੂ ਦੀ ਨਰਾਜ਼ਗੀ ਦਾ ਪਿਆ ਮੁੱਲ
ਬਾਦਲਾਂ ਖ਼ਿਲਾਫ਼ ਕਾਰਵਾਈ ਨਹੀਂ ਕਰਨ ਦੇ ਕਾਰਨ ਨਵਜੋਤ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਖ਼ਾਸੇ ਨਰਾਜ਼ ਹੋ ਗਏ ਸਨ। ਜਿਸ ਤੋਂ ਬਾਅਦ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੱਕ ਵੀ ਇਹ ਗੱਲ ਪਹੁੰਚਾਈ ਗਈ ਸੀ। ਨਵਜੋਤ ਸਿੱਧੂ ਦੀ ਨਰਾਜ਼ਗੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਚਿੱਠੀਆਂ ‘ਤੇ ਜਾਂਚ ਦੇ ਆਦੇਸ਼ ਦਿੱਤੇ ਹਨ। (Badals)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।