ਆਪ ਵਿਧਾਇਕ ਡਾ. ਬਲਜਿੰਦਰ ਕੌਰ ਦਾ ਖਹਿਰਾ ‘ਤੇ ਹਮਲਾ 

AAP, MLA, Dr. Baljinder Kaur, Attack, Khaira

ਖਹਿਰੇ ਦੀ ਗੈਰਤ ਅਤੇ ਜ਼ਮੀਰ ਮਰ ਚੁੱਕੇ ਨੇ, ਦਲਿਤ ਸਮਾਜ ਦਾ ਉਡਾਇਐ ਮਜ਼ਾਕ

ਕਿਹਾ, ਖਹਿਰਾ ਵਰਗੇ ਬਖੇੜੇਬਾਜ਼ ਨੂੰ ਆਪ ‘ਚ ਸ਼ਾਮਲ ਕਰਨਾ ਸਭ ਤੋਂ ਵੱਡੀ ਭੁੱਲ

ਚੰਡੀਗੜ੍ਹ, ਸੱਚ ਕਹੂੰ ਨਿਊਜ਼

ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾ ਕਰਨ ਵਾਲੇ ਸੁਖਪਾਲ ਖਹਿਰਾ ਵਰਗੇ ਇਨਸਾਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਾ ਹੀ ਸਭ ਤੋਂ ਵੱਡੀ ਭੁੱਲ ਸੀ, ਜਿਸ ਦਾ ਸਿੱਟਾ ਅੱਜ ਸਾਡੀ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਵਿੱਚ ਲੋਕਾਂ ਅਤੇ ਪੰਜਾਬੀਆਂ ਦੀ ਸੇਵਾ ਕਰਨ ਲਈ ਨਹੀਂ, ਸਗੋਂ ਅਹੁਦਿਆਂ ਦੇ ਲਾਲਚ ਵਿੱਚ ਆਇਆ ਸੀ। ਜਿਸ ਕਾਰਨ ਇੱਕ ਅਹੁਦਾ ਵਾਪਸ ਲੈਣ ਤੋਂ ਬਾਅਦ ਉਹ ਨੇ ਇੰਨ੍ਹਾਂ ਵੱਡਾ ਬਖੇੜਾ ਖੜ੍ਹਾ ਕਰਕੇ ਰੱਖ ਦਿੱਤਾ ਹੈ। ਸਾਨੂੰ ਤਾਂ ਸ਼ਰਮ ਆਉਂਦੀ ਹੈ ਕਿ ਅਸੀਂ ਖਹਿਰੇ ਵਰਗੇ ਨਾਲ ਕੰਮ ਕੀਤਾ ਹੈ, ਜਿਹੜਾ ਕਿ ਮਹਿਲਾ ਵਿਧਾਇਕਾਂ ਖ਼ਿਲਾਫ਼ ਸਾਜ਼ਿਸ਼ ਤੱਕ ਰਚ ਰਿਹਾ ਹੈ।

ਇਹ ਦੋਸ਼ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨ ਅਤੇ ਵਿਧਾਇਕ ਡਾ. ਬਲਜਿੰਦਰ ਕੌਰ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਹਨ। ਡਾ. ਬਲਜਿੰਦਰ ਕੌਰ (Dr. Baljinder Kaur) ਨੇ ਕਿਹਾ ਕਿ ਸੁਖਪਾਲ ਖਹਿਰਾ ਅਤੇ ਉਸ ਦੇ 4 ਓ.ਐਸ.ਡੀ. ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾਰਟੀ ਦੀਆਂ 2 ਮਹਿਲਾ ਵਿਧਾਇਕਾਂ ਖ਼ਿਲਾਫ਼ ਗਲਤ ਪ੍ਰਚਾਰ ਕਰਦੇ ਹੋਏ ਗਲਤ ਹਰਕਤਾਂ ਕਰਨ ‘ਤੇ ਉੱਤਰੇ ਹੋਏ ਹਨ। ਉਨਾਂ ਦੋਸ਼ ਲਗਾਇਆ ਕਿ ਖਹਿਰੇ ਦੇ ਓ.ਐਸ.ਡੀ. ਵਲੋਂ 2 ਮਹਿਲਾ ਵਿਧਾਇਕਾਂ ਦੀਆਂ ਫੋਟੋਆਂ ਨਾਲ ਛੇੜ-ਛਾੜ ਕਰਦੇ ਹੋਏ ਗਲਤ ਤਰੀਕੇ ਦੀ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈ ਹੈ।

ਇਹ ਆਪਣੇ ਆਪ ਨੂੰ ਸੰਸਕਾਰੀ ਕਹਿਣ ਵਾਲੇ ਖਹਿਰਾ ਅਤੇ ਉਸ ਦੀ ਟੀਮ ਦੀਆਂ ਹਰਕਤਾਂ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਪਤਾ ਸੀ ਕਿ ਇਸ ਬਖੇੜੇਬਾਜ਼ ਖਹਿਰਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹੋ ਕੁਝ ਕਰਨਾ ਹੈ, ਜਿਹੜੀ ਕਿ ਪਾਰਟੀ ਦੀ ਸਭ ਤੋਂ ਵੱਡੀ ਭੁੱਲ ਵੀ ਹੈ। ਉਨਾਂ ਕਿਹਾ ਕਿ ਖਹਿਰਾ ਕੀ ਪਾਰਟੀ ਤੋਂ ਇਹੋ ਖ਼ੁਦਮੁਖ਼ਤਿਆਰੀ ਚਾਹੁੰਦਾ ਹੈ ਕਿ ਉਹ ਕਿਸੇ ਵੀ ਮਹਿਲਾ ਵਿਧਾਇਕ ਦੇ ਮਾਨ ਸਨਮਾਨ ਦੀਆਂ ਧੱਜੀਆਂ ਉਡਾ ਸਕੇ। (Dr. Baljinder Kaur)

ਉਨਾਂ ਕਿਹਾ ਕਿ ਖਹਿਰਾ ਦੀ ਗੈਰਤ ਅਤੇ ਜ਼ਮੀਰ ਮਰ ਚੁੱਕਾ ਹੈ ਤਾਂ ਹੀ ਇਹੋ ਜਿਹੀ ਹਰਕਤਾਂ ਕਰਨ ‘ਤੇ ਉਤਾਰੂ ਹੋਇਆ ਪਿਆ ਹੈ। ਉਨਾਂ ਕਿਹਾ ਕਿ ਇੱਕ ਦਲਿਤ ਨੂੰ ਵਿਧਾਇਕ ਦਾ ਲੀਡਰ ਬਣਾਉਣ ਤੋਂ ਬਾਅਦ ਕੀਤੀ ਗਈ ਬਗਾਵਤ ਅਤੇ ਹੁਣ ਦਲਿਤ ਮਹਿਲਾ ਖ਼ਿਲਾਫ਼ ਕੀਤੇ ਜਾ ਰਹੇ ਕਾਰਨਾਮਿਆਂ ਨੂੰ ਦੇਖ ਕੇ ਸਾਫ਼ ਜ਼ਾਹਿਰ ਹੈ ਕਿ ਖਹਿਰਾ ਨਾ ਸਿਰਫ਼ ਦਲਿਤ ਵਿਰੋਧੀ ਹੈ, ਸਗੋਂ ਉਹ ਦਲਿਤ ਸਮਾਜ ਦਾ ਅਪਮਾਨ ਕਰਨ ਵਿੱਚ ਲੱਗਿਆ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।