ਥਾਰ ਨੂੰ ਸਵੇਰੇ ਉੱਠਦਿਆਂ ਹੀ ਸਾਫ਼ ਕਰਦੇ ਨੇ ਬਲਕੌਰ ਸਿੰਘ
ਮਾਨਸਾ (ਸੁਖਜੀਤ ਮਾਨ)। ‘ਸਿੱਧੂ ਦੀ ਲਾਸਟ ਰਾਈਡ (ਥਾਰ) ਭਾਵੇਂ ਮੇਰੀ ਲਾਸਟ ਰਾਈਡ ਬਣ ਜਾਵੇ, ਉਸ ਨੂੰ ਮੈਂ ਲੈ ਕੇ ਹੀ ਇਸ ਕਰਕੇ ਆਇਆ ਹਾਂ। ਮੈਂ ਸਵੇਰੇ ਉੱਠ ਕੇ ਉਸ ’ਤੇ ਕੱਪੜਾ ਇਸੇ ਕਰਕੇ ਮਾਰਦਾ ਹਾਂ, ਮੈਨੂੰ ਉਸ ’ਚ ਪੁੱਤ ਬੈਠਾ ਦਿਖਾਈ ਦਿੰਦਾ ਹੈ’’। ਇਹ ਪ੍ਰਗਟਾਵਾ ਸਿੱਧੂ ਮੂਸੇਵਾਲਾ (Sidhu MooseWala) ਦੇ ਪਿਤਾ ਬਲਕੌਰ ਸਿੰਘ ਨੇ ਅੱਜ ਆਪਣੇ ਘਰ ਪੁੱਜੇ ਸਿੱਧੂ ਦੇ ਸਮਰਥਕਾਂ ਕੋਲ ਗੋਲੀਆਂ ਨਾਲ ਵਿੰਨ੍ਹੀ ਥਾਰ ਨਾਲ ਪੰਜਾਬ ਭਰ ’ਚ ਜਾਣ ਦੀ ਜਾਣਕਾਰੀ ਦੇਣ ਮੌਕੇ ਕੀਤਾ।
ਸਿੱਧੂ ਦਾ ਬਰਸੀ ਸਮਾਗਮ ਕੁਝ ਦਿਨਾਂ ਨੂੰ ਰੱਖਿਆ ਜਾਵੇਗਾ
ਬਲਕੌਰ ਸਿੰਘ ਨੇ ਕਿਹਾ ਕਿ ਉਸ ਨੂੰ ਇਨਸਾਫ ਦੀ ਮੰਗ ਲਈ ਰੋਂਦਿਆਂ-ਕੁਰਲਾਉਂਦਿਆਂ ਨੂੰ 10 ਮਹੀਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਅਪਰੈਲ ਤੋਂ ਪਹਿਲਾਂ ਸਿੱਧੂ ਦਾ ਬਰਸੀ ਸਮਾਗਮ ਰੱਖਿਆ ਜਾਵੇ, ਥੋੜ੍ਹੇ ਦਿਨਾਂ ’ਚ ਹੀ ਤਾਰੀਖ ਤੈਅ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਗੋਲੀਆਂ ਨਾਲ ਵਿੰਨ੍ਹੀ ਥਾਰ ਜੀਪ ਨੂੰ ਲੈ ਕੇ ਪੂਰੇ ਪੰਜਾਬ ’ਚ ਜਾਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਦਿਵਾ ਸਕੀ।
ਭਰੇ ਮਨ ਨਾਲ ਬਲਕੌਰ ਸਿੰਘ ਨੇ ਕਿਹਾ ਕਿ ਉਂਝ ਤਾਂ ਉਸਦੇ ਪੁੱਤਰ (Sidhu MooseWala) ਨੇ ਉਸਦੀ ਬਰਸੀ ਕਰਨੀ ਸੀ ਪਰ ਹੁਣ ਉਸਨੂੰ ਆਪਣੇ ਪੁੱਤਰ ਦੀ ਬਰਸੀ ਕਰਨੀ ਪੈ ਰਹੀ ਹੈ। ਇਨਸਾਫ਼ ਦੀ ਮੰਗ ਦੌਰਾਨ ਉਨ੍ਹਾਂ ਸਿੱਧੂ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਹੀ ਸਿੱਧੂ ਲਈ ਇਨਸਾਫ਼ ਮੰਗਿਆ ਜਾਵੇਗਾ, ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਨਿੱਜੀ ਸੰਪਤੀ ਦਾ ਕੋਈ ਨੁਕਸਾਨ ਨਹੀਂ ਕਰਨਾ। ਕੁੱਝ ਮਹੀਨੇ ਪਹਿਲਾਂ ਬਲਕੌਰ ਸਿੰਘ ਥਾਰ ਨੂੰ ਥਾਣੇ ’ਚੋਂ ਘਰ ਲੈ ਆਏ ਸੀ। ਉਨ੍ਹਾਂ ਥਾਰ ਦੀ ਕਿਸੇ ਵੀ ਤਰ੍ਹਾਂ ਕੋਈ ਮੁਰੰਮਤ ਨਹੀਂ ਕਰਵਾਈ ਸੀ ਸਗੋਂ ਉਸੇ ਤਰ੍ਹਾਂ ਹੀ ਘਰ ’ਚ ਲਿਆ ਕੇ ਖੜ੍ਹਾਇਆ। ਹੁਣ ਉਹ ਉਸੇ ਥਾਰ ਨੂੰ ਪੂਰੇ ਪੰਜਾਬ ’ਚ ਲੈ ਕੇ ਜਾਣਗੇ। ਜਿਕਰਯੋਗ ਹੈ ਕਿ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਥਾਰ ਗੱਡੀ ’ਚ ਬੈਠੇ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।