ਕੇਕੜਾ ਨੂੰ 14 ਜੂਨ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ (Sidhu MooseWala) ਮਾਮਲੇ ’ਚ ਅੱਜ ਮਾਨਸਾ ਪੁਲਿਸ ਵੱਲੋਂ 9 ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਕੇਕੜਾ ਨੂੰ 14 ਜੂਨ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਇਲਾਵਾ ਸਾਰਜ ਮਿੰਟੂ, ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਪ੍ਰਭਦੀਪ ਪੱਬੀ ਤੇ ਚਰਨਜੀਤ ਚੇਤਨ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਮਾਨਸਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਮੋਨੂੰ ਡਾਗਰ, ਨਸੀਬ ਖਾਨ ਤੇ ਪਵਨ ਦਾ 15 ਜੂਨ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਦਾਲਤ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਗੋਲਡੀ ਬਰਾੜ ਨਾਲ 13 ਵਾਰ ਕੀਤੀ ਸੀ ਗੱਲਬਾਤ
ਸਿੱਧੂ ਮੂਸੇਵਾਲਾ (Sidhu MooseWala) ਕਤਲ ਕਾਂਡ ’ਚ ਰੇਕੀ ਕਰਨ ਵਾਲੇ ਕੇਕੜਾ ਨੇ ਪੁਲਿਸ ਵੱਲੋਂ ਰਿਮਾਂਡ ’ਤੇ ਲੈ ਕੇ ਕੀਤੀ ਜਾ ਰਹੀ ਪੁਛਗਿੱਛ ’ਚ ਕਈ ਅਹਿਮ ਖੁਲਾਸੇ ਕੀਤੇ ਹਨ। ਕੇਕੜਾ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਲਈ ਉਸ ਨੂੰ ਸਿਰਫ਼ 15 ਹਜ਼ਾਰ ਰੁਪਏ ਮਿਲੇ ਸਨ। ਉਸ ਨੇ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਜਾਵੇਗਾ। ਮੇਰੇ ਤੋਂ ਸਿਰਫ਼ ਮੂਸੇਵਾਲਾ ਦੀ ਰੇਕੀ ਕਰਵਾਈ ਜਾ ਰਹੀ ਸੀ। ਪੁਲਿਸ ਪੁਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਕਤਲ ਵਾਲੇ ਦਿਨ 13 ਵਾਰੀ ਫੋਨ ’ਤੇ ਗੱਲਬਾਤ ਹੋਈ ਸੀ। ਉਸ ਨੇ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਮੂਵਮੈਂਟ ਦੀ ਜਾਣਕਾਰੀ ਦਿੱਤੀ।
ਕੇਕੜਾ ਨੇ ਹੀ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ (Sidhu MooseWala) ਬਿਨਾ ਗੰਨਮੈਨਾਂ ਦੇ ਥਾਰ ਜੀਪ ’ਚ ਜਾ ਰਿਹਾ ਹੈ। ਉਸ ਦੇ ਨਾਲ ਦੋ ਸਾਥੀ ਹਨ ਤੇ ਜੀਪ ਖੁਦ ਮੂਸੇਵਾਲਾ ਚਲਾ ਰਿਹਾ ਹੈ। ਇਹ ਸਾਰੀ ਜਾਣਕਾਰੀ ਕੇਕੜਾ ਫੋਨ ਰਾਹੀਂ ਗੋਲਡੀ ਬਰਾੜ ਨੂੰ ਦਿੰਦਾ ਰਿਹਾ। ਕੇਕੜਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਗੋਲਡੀ ਬਰਾੜ ਐਨਾ ਵੱਡਾ ਗੈਂਗਸਟਰ ਹੈ ਤੇ ਉਹ ਮੂਸੇਵਾਲਾ ਦਾ ਕਤਲ ਕਰਨਾ ਚਾਹੁੰਦਾ ਹੈ। ਪੁਲਿਸ ਹਾਲੇ ਕੇਕੜਾ ਤੋਂ ਹੋਰ ਵੀ ਪੁਛਗਿੱਛ ਕਰ ਰਹੀ ਹੈ। ਹਾਲੇ ਹੋਰ ਵੀ ਕਈ ਰਾਜ ਖੁੱਲ੍ਹਣੇ ਬਾਕੀ ਹਨ। ਜਿਕਰਯੋਗ ਹੈ ਕਿ ਸੰਦੀਪ ਕੇਕੜਾ ਹਰਿਆਣਾ ਦੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ ਤੇ ਉਹ ਨਸ਼ੇ ਦਾ ਆਦਿ ਹੈ। ਸਿੱਧ ਮੂਸੇਵਾਲਾ ਦੀ ਰੇਕੀ ਲਈ ਉਸ ਨੇ ਸਿਰਫ 15 ਹਜ਼ਾਰ ਰੁਪਏ ਲਏ ਸਨ।
ਸਿੱਧੂ ਮੂਸੇਵਾਲਾ ਹੱਤਿਆਕਾਂਡ ’ਤੇ ਦਿੱਲੀ ਪੁਲਿਸ ਦਾ ਵੱਡਾ ਖੁਲਾਸਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਇੱਕ ਬਿਆਨ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਮਾਸਟਰਮਾਈਂਡ ਦੱਸਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਹਰਗੋਬਿੰਦਰ ਸਿੰਘ ਧਾਲੀਵਾਲ ਦੇ ਅਨੁਸਾਰ ਮੂਸੇ ਵਾਲਾ ’ਤੇ ਗੋਲੀ ਚਲਾਉਣ ਵਾਲੇ ਇੱਕ ਸ਼ੂਟਰ ਦੇ ਕਰੀਬੀ ਸਿਧੇਸ਼ ਹੀਰਾਮਨ ਕਾਂਬਲੇ ਉਰਫ ਮਹਾਕਾਲ ਨੂੰ ਪੁਣੇ ਤੋਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਮਹਾਰਾਸ਼ਟਰ ਪੁਲਿਸ ਨੇ ਉਸਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਪੁਲਿਸ ਮੁਤਾਬਕ ਮਹਾਕਾਲ ਸਿੱਧੂ ਮੂਸੇ ਵਾਲਾ ’ਤੇ ਗੋਲੀਆਂ ਚਲਾਉਣ ਵਾਲੇ ਲੋਕਾਂ ’ਚੋਂ ਇਕ ਦਾ ਕਰੀਬੀ ਸਾਥੀ ਹੈ
ਪਰ ਉਹ ਇਸ ਕਤਲ ’ਚ ਸ਼ਾਮਲ ਨਹੀਂ ਸੀ। ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਮਹਾਕਾਲ ਦੋਵਾਂ ਸ਼ੂਟਰਾਂ ਦੇ ਸੰਪਰਕ ਵਿੱਚ ਸੀ। ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਹੋਰ ਵਿਅਕਤੀਆਂ ਦੀ ਵੀ ਸ਼ਨਾਖਤ ਕੀਤੀ ਗਈ ਹੈ। ਉਸ ਨੇ ਅੱਗੇ ਕਿਹਾ, ਬਿਸ਼ਨੋਈ ਇਸ ਕਤਲ ਦਾ ਮਾਸਟਰ ਮਾਈਂਡ ਹੈ, ਜਿਸ ਨੂੰ ਕਥਿਤ ਤੌਰ ’ਤੇ ਸਚਿਨ ਬਿਸ਼ਨੋਈ ਨੇ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਸਪੈਸ਼ਲ ਸੈੱਲ ਦੀਆਂ ਕਈ ਟੀਮਾਂ ਕੰਮ ਕਰ ਰਹੀਆਂ ਹਨ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ’ਚ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇ ਵਾਲਾ ਦੀ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੰਜਾਬ ਵਿੱਚ ਕਾਤਲਾਂ ਦੇ ਖਿਲਾਫ ਧਾਰਾਵਾਂ 302, 302 ਅਤੇ 341 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ