ਪਿਛਲੇ ਢਾਈ ਸਾਲ ਦੇ ਕਾਰਜਕਾਲ ‘ਚ ਪਹਿਲੀ ਵਾਰ ਕਿਸੇ ਵਿਧਾਇਕ ਨੇ ਕੀਤੀ ਕੈਬਨਿਟ ਦੇ ਫੈਸਲੇ ਦੀ ਖ਼ਿਲਾਫ਼ਤ
- ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ‘ਚ ਹੋਇਆ ਸੀ ਫੈਸਲਾ, ਵਿਧਾਇਕ ਤਾਂ ਦੂਰ ਮੰਤਰੀ ਵੀ ਨਹੀਂ ਕਰਨਗੇ ਕੋਈ ਉਦਘਾਟਨ
- ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਕਰ ਸਕਦੇ ਹਨ ਕੋਈ ਉਦਘਾਟਨ ਜਾਂ ਫਿਰ ਰੱਖ ਸਕਦੇ ਹਨ ਨੀਂਹ ਪੱਥਰ
ਚੰਡੀਗੜ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਸਟਰੀਟ ਲਾਈਟਾਂ ਦਾ ਉਦਘਾਟਨ ਕਰਦੇ ਹੋਏ ਨਾ ਸਿਰਫ਼ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ, ਸਗੋਂ ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ਖ਼ਿਲਾਫ਼ ਜਾਂਦੇ ਹੋਏ ਆਪਣੀ ਹੀ ਸਰਕਾਰ ਦੇ ਫੈਸਲੇ ਦੀ ਖ਼ਿਲਾਫ਼ਤ ਤੱਕ ਕਰ ਦਿੱਤੀ ਹੈ। ਨਵਜੋਤ ਸਿੱਧੂ ਦੇ ਇਸ ਖ਼ਿਲਾਫ਼ਤ ਤੋਂ ਪੰਜਾਬ ਕੈਬਨਿਟ ਦੇ ਕਈ ਮੰਤਰੀ ਵੀ ਹੈਰਾਨ ਹਨ ਕਿ ਜਿਹੜੇ ਫੈਸਲੇ ਨੂੰ ਇੱਕ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਮੰਨ ਰਹੇ ਹਨ ਪਰ ਨਵਜੋਤ ਸਿੱਧੂ ਸਿਰਫ਼ ਵਿਧਾਇਕ ਹੁੰਦੇ ਹੋਏ ਵੀ ਉਸ ਫੈਸਲੇ ਨੂੰ ਤੋੜਨ ਵਿੱਚ ਲੱਗੇ ਹੋਏ ਹਨ।
ਇਸ ਸਮੇਂ ਪੰਜਾਬ ‘ਚ ਕੋਈ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਕਿਸੇ ਵੀ ਸਰਕਾਰੀ ਪ੍ਰੋਜੈਕਟ ਦਾ ਨੀਂਹ ਪੱਥਰ ਜਾਂ ਫਿਰ ਉਸ ਦਾ ਉਦਘਾਟਨ ਨਹੀਂ ਕਰ ਸਕਦਾ ਹੈ, ਕਿਉਂਕਿ 18 ਮਾਰਚ 2017 ਨੂੰ ਹੋਈ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਸ ਤਰ੍ਹਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਹਰ ਤਰ੍ਹਾਂ ਦੇ ਸਮਾਗਮ ‘ਤੇ ਪਾਬੰਦੀ ਲਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਢਾਈ ਸਾਲ ਦੌਰਾਨ ਸ਼ਾਇਦ ਹੀ ਕੋਈ ਮੌਕਾ ਆਇਆ ਹੋਵੇ, ਜਿੱਥੇ ਕਿ ਸਰਕਾਰੀ ਪ੍ਰੋਜੈਕਟ ਦਾ ਉਦਘਾਟਨ ਜਾਂ ਫਿਰ ਨੀਂਹ ਪੱਥਰ ਰੱਖਿਆ ਗਿਆ ਹੋਵੇ। ਇਨ੍ਹਾਂ ਪ੍ਰੋਜੈਕਟ ਵਿੱਚ ਵੀ ਕਿਸੇ ਮੰਤਰੀ ਜਾਂ ਫਿਰ ਵਿਧਾਇਕ ਨੇ ਭੂਮਿਕਾ ਨਹੀਂ ਨਿਭਾਈ ਹੈ, ਸਗੋਂ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਉਦਘਾਟਨ ਜਾਂ ਫਿਰ ਨੀਂਹ ਪੱਥਰ ਰੱਖਣ ਲਈ ਖੁਦ ਗਏ ਹਨ।
ਮੰਤਰੀ ਮੰਡਲ ‘ਚ ਲਏ ਗਏ ਫੈਸਲੇ ਅਨੁਸਾਰ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਇਸ ਤਰ੍ਹਾਂ ਦੀ ਖ਼ਾਸ ਛੋਟ ਹੈ ਕਿ ਉਹ ਕਿਸੇ ਵੀ ਵੱਡੇ ਛੋਟੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਨਾਲ ਹੀ ਉਦਘਾਟਨ ਕਰ ਸਕਦੇ ਹਨ। ਪਿਛਲੇ ਢਾਈ ਸਾਲਾਂ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਬਹੁ ਕਰੋੜੀ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਹੀ ਨੀਂਹ ਪੱਥਰ ਰੱਖੇ ਹਨ ਜਾਂ ਫਿਰ ਉਦਘਾਟਨ ਕੀਤੇ ਹਨ। ਨਵਜੋਤ ਸਿੱਧੂ ਪਹਿਲੇ ਕਾਂਗਰਸ ਦੇ ਵਿਧਾਇਕ ਹਨ, ਜਿਨ੍ਹਾਂ ਨੇ ਕੈਬਨਿਟ ਦੇ ਫੈਸਲੇ ਖ਼ਿਲਾਫ਼ ਜਾ ਕੇ ਕਿਸੇ ਛੋਟੇ ਜਿਹੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ। ਇਸ ਬਾਰੇ ਹੁਣ ਇਤਰਾਜ਼ ਵੀ ਉੱਠਣੇ ਸ਼ੁਰੂ ਹੋ ਗਏ ਹਨ ਕਿ ਨਵਜੋਤ ਸਿੱਧੂ ਨੂੰ ਇਸ ਤਰ੍ਹਾਂ ਕੈਬਨਿਟ ਦੇ ਫੈਸਲੇ ਖ਼ਿਲਾਫ਼ ਜਾ ਕੇ ਕੰਮ ਨਹੀਂ ਕਰਨਾ ਚਾਹੀਦਾ ਸੀ।
ਫਾਇਰ ਬ੍ਰਿਗੇਡ ਨੂੰ ਹਰੀ ਝੰਡੀ ਦਿਖਾਉਣਾ ਦੱਸਿਆ ਸੀ ਜਾਇਜ਼
ਨਵਜੋਤ ਸਿੱਧੂ ਨੇ ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਰਹਿੰਦੇ ਹੋਏ ਫਾਇਰ ਬ੍ਰਿਗੇਡ ਦੀਆਂ ਨਵੀਂ ਗੱਡੀਆਂ ਨੂੰ ਹਰੀ ਝੰਡੀ ਵੀ ਦਿਖਾਈ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਇਸ ਨੂੰ ਜਾਇਜ਼ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਪਾਬੰਦੀ ਉਦਘਾਟਨ ਤੇ ਨੀਂਹ ਪੱਥਰ ‘ਤੇ ਲੱਗੀ ਹੋਈ ਹੈ, ਜਦੋਂ ਕਿ ਇਹ ਤਾਂ ਪੰਜਾਬ ਨੂੰ ਅੱਗ ਤੋਂ ਬਚਾਉਣ ਵਾਲੇ ਮਾਡਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਨ। ਉਹ ਕੋਈ ਉਦਘਾਟਨ ਨਹੀਂ ਕਰ ਰਹੇ ਹਨ ਸਿਰਫ਼ ਹਰੀ ਝੰਡੀ ਹੀ ਦਿਖਾ ਰਹੇ ਹਨ।
ਸਿੱਧੂ ਖ਼ੁਦ ਸਨ ਉਸ ਕੈਬਨਿਟ ‘ਚ ਹਾਜ਼ਰ
ਜਦੋਂ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ‘ਤੇ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਸਬੰਧੀ ਪਾਬੰਦੀ ਲਗਾਈ ਰਹੀ ਸੀ ਤਾਂ ਉਸੇ ਕੈਬਨਿਟ ਮੀਟਿੰਗ ਵਿੱਚ ਖ਼ੁਦ ਨਵਜੋਤ ਸਿੱਧੂ ਬਤੌਰ ਮੰਤਰੀ ਹਾਜ਼ਰ ਵੀ ਸਨ। ਉਸ ਸਮੇਂ ਨਵਜੋਤ ਸਿੱਧੂ ਨੇ ਖ਼ੁਦ ਇਸ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਖ਼ੁਦ ਹਾਮੀ ਭਰੀ ਸੀ ਪਰ ਹੁਣ ਉਸੇ ਕੈਬਨਿਟ ਦੀ ਫੈਸਲੇ ਖ਼ਿਲਾਫ਼ ਜਾ ਕੇ ਉਦਘਾਟਨ ਕਰਨ ‘ਚ ਲੱਗੇ ਹੋਏ ਹਨ।