ਸਿੱਧੂ ਬਣ ਰਹੇ ਹਨ ਪੰਜਾਬ ਸਰਕਾਰ ਲਈ ਪ੍ਰੇਸ਼ਾਨੀ, ਹੁਣ ਖਜ਼ਾਨੇ ਨੂੰ ਲੈ ਕੇ ਚੁੱਕੇ ਸਵਾਲ

ਘੋਸ਼ਣਾ ਕਰਨ ਤੋਂ ਪਹਿਲਾਂ ਦੱਸਣ ਕਿਥੋਂ ਆਏਗਾ ਪੈਸਾ, ਹਰ ਮਹੀਨੇ ਖਜਾਨੇ ਦੀ ਸਥਿਤੀ ਹੋਵੇ ਜਨਤਕ

  • ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਇੱਕ ਵਾਰ ਫਿਰ ਤੋਂ ਹਮਲਾ, ਖਜਾਨੇ ਨੂੰ ਲੈ ਕੇ ਚੁੱਕੇ ਸੁਆਲ
  • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਕਰ ਰਹੇ ਹਨ ਐਲਾਨ ਤਾਂ ਨਵਜੋਤ ਸਿੱਧੂ ਕਰ ਰਹੇ ਹਨ ਸੁਆਲ

(ਅਸ਼ਵਨੀ ਚਾਵਲਾ) ਚੰਡੀਗੜ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆਉਦੇ ਹਨ ਤੇ ਪੰਜਾਬ ਸਰਕਾਰ ਲਈ ਪ੍ਰਸ਼ਾਨੀ ਖੜੇ ਕਰ ਰਹੇ ਹਨ ਇੱਕ ਪਾਸੇ ਚੰਨੀ ਐਲਾਨ ’ਤੇ ਐਲਾਨ ਕਰੀ ਜਾ ਰਹੇ ਹਨ ਤੇ ਦੂਜੇ ਪਾਸੇ ਨਵਜੋਤ ਸਿੱਧੂ ਨਵੇਂ-ਨਵੇਂ ਸਵਾਲ ਖੜੇ ਕਰ ਰਹੇ ਹਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵੱਡੀ ਵੱਡੀ ਘੋਸ਼ਣਾ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਸ ਲਈ ਪੈਸਾ ਕਿਥੋਂ ਆਏਗਾ, ਕਿਉਂਕਿ ਖਜਾਨੇ ਦੀ ਹਾਲਤ ਪਹਿਲਾਂ ਹੀ ਮਾੜੀ ਹੈ ਅਤੇ ਪੰਜਾਬ ਇਸ ਸਮੇਂ ਦੇਸ਼ ਵਿੱਚ ਸਭ ਤੋਂ ਕਰਜ਼ਦਾਰ ਸੂਬਿਆ ਵਿੱਚ ਸ਼ੁਮਾਰ ਹੈ। ਇਹੋ ਜਿਹੇ ਸਮੇਂ ਘੱਟ ਤੋਂ ਘੱਟ ਆਮ ਜਨਤਾ ਨੂੰ ਪੈਸੇ ਦੇ ਆਉਣ ਸਬੰਧੀ ਜਾਣਕਾਰੀ ਦੇਣੀ ਜਰੂਰੀ ਹੋਵੇ। ਇਹ ਹਮਲਾ ਮੁੜ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੀਤਾ ਹੈ। ਨਵਜੋਤ ਸਿੱਧੂ ਨੇ ਲਗਾਤਾਰ ਤਿੰਨ ਟਵੀਟ ਕਰਦੇ ਹੋਏ ਇਸ ਸਬੰਧੀ ਕਈ ਸੁਆਲ ਖੜੇ ਕੀਤੇ ਹਨ।

ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ’ਤੇ ਹਮਲਾ ਬੋਲਦੇ ਹੋਏ ਪੁੱਛਿਆ ਕਿ ਕਿਸੇ ਵੀ ਸਰਕਾਰ ਤੋਂ ਜਵਾਬਦੇਹੀ ਲਈ ਸਭ ਤੋਂ ਵੱਡੀ ਜਰੂਰਤ ਅਤੇ ਅਹਿਮ ਗਲ ਇਹ ਹੈ ਕਿ ਉਨਾਂ ਤੋਂ ਪੁੱਛਿਆ ਜਾਵੇ ਕਿ ਘੋਸ਼ਣਾ ਨੂੰ ਪੂਰਾ ਕਰਨ ਲਈ ਉਹ ਫੰਡ ਕਿਥੋਂ ਲੈ ਕੇ ਆਉਣਗੇ। ਕੀ ਉਨਾਂ ਨੇ ਕਮਾਈ ਦੇ ਨਵੇਂ ਸਾਧਣ ਪੈਦਾ ਕੀਤੇ ਹਨ। ਨਵਜੋਤ ਸਿੱਧੂ ਦਾ ਟਵੀਟ ਉਸ ਸਮੇਂ ਆਇਆ ਹੈ, ਜਦੋਂ ਉਹ ਆਦਮਪੂਰ ਵਿਖੇ ਲੋਕਲ ਲੋਕਾਂ ਲਈ ਵੱਡੀ ਘੋਸ਼ਣਾਵਾਂ ਕਰ ਰਹੇ ਸਨ।

ਨਵਜੋਤ ਸਿੱਧੂ ਨੇ ਲਿਖਿਆ ਕਿ ਇਸ ਸਮੇਂ ਪੰਜਾਬ ਭਾਰਤ ’ਚ ਸਭ ਤੋਂ ਜਿਆਦਾ ਕਰਜ਼ਦਾਰ ਸੂਬਾ ਹੈ। ਪੰਜਾਬ ਦੀ ਕਮਾਈ ਦਾ ਅੱਧੇ ਤੋਂ ਜਿਆਦਾ ਹਿੱਸਾ ਮਹਿੰਗੇ ਭਾਅ ’ਤੇ ਲਏ ਹੋਏ ਕਰਜ਼ ਦੀ ਅਦਾਇਗੀ ਵਿੱਚ ਜਾਂਦਾ ਹੈ। ਸਾਨੂੰ ਉਨਾਂ ਅਹਿਮ ਮੁੱਦੇ ਤੋਂ ਹਟਣਾ ਨਹੀਂ ਚਾਹੀਦਾ ਹੈ, ਜਿਹਦਾ ਹਰ ਪੰਜਾਬੀ ਅਤੇ ਪਾਰਟੀ ਦਾ ਵਰਕਰ ਹਲ ਕਰਨ ਦੀ ਮੰਗ ਕਰ ਰਿਹਾ ਹੈ, ਕਿਉਂਕਿ ਪੰਜਾਬ ਵਿੱਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ।

ਇਥੇ ਦੱਸਣ ਯੋਗ ਹੈ ਕਿ ਪਿਛਲੇ ਦੋ ਹਫ਼ਤੇ ਤੋਂ ਚਰਨਜੀਤ ਸਿੰਘ ਚੰਨੀ ਲਗਾਤਾਰ ਵੱਡੇ ਵੱਡੇ ਐਲਾਨ ਕਰ ਰਹੇ ਹਨ ਅਤੇ ਉਨਾਂ ਐਲਾਨ ਕਰਨ ਦੇ ਚਲਦੇ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਬਾਰੇ ਚਰਚਾ ਵੀ ਹੋਣ ਲਗ ਪਈ ਹੈ, ਜਿਹੜਾ ਕਿ ਕੁਝ ਕਾਂਗਰਸੀ ਲੀਡਰਾਂ ਨੂੰ ਵੀ ਪਸੰਦ ਨਹੀਂ ਆ ਰਹੀ ਹੈ। ਜਿਸ ਕਾਰਨ ਹੁਣ ਕਾਫ਼ੀ ਜਿਆਦਾ ਸੁਆਲ ਜੁਆਬ ਹੋਣ ਲਗ ਪਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ