ਸਿੱਧੂ ਦੀ ਮੁੱਖ ਮੰਤਰੀ ਨਾਲ ਮੀਟਿੰਗ ਖਤਮ, ਭਗਵੰਤ ਮਾਨ ਨੂੰ ਦੱਸਿਆ ‘ਪੰਜਾਬ ਦਾ ਮਸੀਹਾ’

maan sidhu

ਕਾਂਗਰਸ ਸਰਕਾਰ ਦੀ ਮਾਫ਼ੀਆ ਰਾਜ ਨਾਲ ਕੀਤੀ ਤੁਲਨਾ

ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਘੇਰੀ ਪਿਛਲੀ ਕਾਂਗਰਸ ਸਰਕਾਰ

  • ਕਾਂਗਰਸ ਰਾਜ ਵਿੱਚ ਨਹੀਂ ਹੁੰਦੀ ਸੀ ਮਾਫ਼ੀਆ ਖ਼ਿਲਾਫ਼ ਕਾਰਵਾਈ ਪਰ ਹੁਣ ਮਾਫ਼ੀਆ ਦਾ ਆ ਗਿਐ ਸਮਾਂ : ਸਿੱਧੂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਨਵਜੋਤ ਸਿੱਧੂ ਨੇ ਕਾਂਗਰਸ ਸਰਕਾਰ ਨੂੰ ਹੀ ਘੇਰਦੇ ਹੋਏ ਮਾਫ਼ੀਆ ਰਾਜ ਵਾਲੀ ਸਰਕਾਰ ਤੱਕ ਕਰਾਰ ਦੇ ਦਿੱਤਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਭਗਵੰਤ ਮਾਨ ਨੂੰ ਪੰਜਾਬ ਦਾ ਮਸੀਹਾ ਦੇ ਤੌਰ ’ਤੇ ਤੁਲਨਾ ਵੀ ਕਰ ਦਿੱਤੀ ਹੈ। ਭਗਵੰਤ ਮਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਗਦ-ਗਦ ਨਜ਼ਰ ਆਏ ਨਵਜੋਤ ਸਿੱਧੂ ਨੇ ਇੱਥੇ ਤੱਕ ਕਹਿ ਦਿੱਤਾ ਕਿ ਪਿਛਲੀ ਸਰਕਾਰ ਵਿੱਚ ਮਾਫ਼ੀਆ ਰਾਜ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਸੀ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਵਿੱਚ ਮਾਫ਼ੀਆ ਦਾ ਸਮਾਂ ਆ ਗਿਆ ਹੈ। ਭਗਵੰਤ ਮਾਨ ਹੋਈ ਮੀਟਿੰਗ ਤੋਂ ਬਾਅਦ ਉਨਾਂ ਨੂੰ ਉਮੀਦ ਜਾਗ ਗਈ ਹੈ ਕਿ ਪੰਜਾਬ ਦਾ ਹੁੁਣ ਭਲਾ ਹੋਣ ਵਾਲਾ ਹੈ।

ਭਗਵੰਤ ਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੱਧੂ ਲਗਾਤਾਰ ਹੀ ਭਗਵੰਤ ਮਾਨ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਸਨ। ਨਵਜੋਤ ਸਿੰਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਕੱਤਰੇਤ ਵਿਖੇ ਲਗਭਗ 50 ਮਿੰਟ ਮੁਲਾਕਾਤ ਹੋਈ ਅਤੇ ਉਸ ਤੋਂ ਬਾਅਦ ਨਵਜੋਤ ਸਿੱਧੂ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕੋਈ ਗੁਲਦਸਤਾ ਲੈ ਕੇ ਭਗਵੰਤ ਮਾਨ ਨੂੰ ਵਧਾਈ ਦੇਣ ਨਹੀਂ ਆਏ ਸਨ, ਉਹ ਤਾਂ ਪੰਜਾਬ ਦੇ ਮਸਲੇ ਲੈ ਕੇ ਆਏ ਸਨ, ਜਿਹੜੇ ਕਿ ਪਿਛਲੀ ਸਰਕਾਰ ਦੌਰਾਨ ਹਲ ਹੀ ਨਹੀਂ ਹੋ ਪਾਏ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਿੱਚ ਮੁੱਖ ਮੰਤਰੀ ਬਨਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਹੈ। ਜਿਸ ਤਰੀਕੇ ਨਾਲ ਭਗਵੰਤ ਮਾਨ 10 ਸਾਲ ਪਹਿਲਾਂ ਮਿਲਦੇ ਸਨ ਅਤੇ ਅੱਜ ਵੀ ਉਸੇ ਤਰੀਕੇ ਨਾਲ ਹੀ ਉਨਾਂ ਨਾਲ ਮਿਲੇ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਉਹ ਦਾਅਵੇ ਨਾਲ ਆਖ ਸਕਦੇ ਹਨ ਕਿ ਹੁਣ ਪੰਜਾਬ ਵਿੱਚ ਮਾਫ਼ੀਆ ਰਾਜ ਦਾ ਸਮਾਂ ਆ ਗਿਆ ਹੈ, ਕਿਉਂਕਿ ਭਗਵੰਤ ਮਾਨ ਜਲਦ ਹੀ ਇਸ ਮਾਫ਼ੀਆ ਰਾਜ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਨ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਿਛਲੇ 7 ਸਾਲਾਂ ਤੋਂ ਜਿਹੜੀ ਚੀਜ਼ਾਂ ਲਈ ਲੜ ਰਿਹਾ ਸੀ, ਅੱਜ ਵੀ ਉਹ ਲੜਾਈ ਹੀ ਲੜ ਰਿਹਾ ਹੈ। ਸੱਤਾ ਵਿੱਚ ਰਹਿੰਦੇ ਹੋਏ ਆਪਣੀ ਸਰਕਾਰ ਵਿੱਚ ਪਹਿਲਾਂ ਲੜਾਈ ਲੜੀ ਤਾਂ ਹੁਣ ਸੱਤਾ ਤੋਂ ਬਾਹਰ ਹੁੰਦੇ ਹੋਏ ਉਸੇ ਲੜਾਈ ’ਤੇ ਕਾਈਮ ਹਨ। ਜਦੋਂ ਤੱਕ ਪੰਜਾਬ ਵਿੱਚੋਂ ਮਾਫ਼ੀਆ ਰਾਜ ਖ਼ਤਮ ਨਹੀਂ ਹੋ ਜਾਏਗਾ, ਉਨਾਂ ਦੀ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੇਗੀ ਪਰ ਉਨਾਂ ਨੂੰ ਭਗਵੰਤ ਮਾਨ ਤੋਂ ਕਾਫ਼ੀ ਜਿਆਦਾ ਉਮੀਦਾਂ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਤਾਂ ਉਸ ਦੀ ਆਮਦਨ ਨਾਲ ਹੀ ਹੋਣਾ ਹੈ ਪਰ ਪਿਛਲੀ ਸਰਕਾਰਾਂ ਨੇ ਮਾਫ਼ੀਆ ਰਾਜ ਅਤੇ ਠੇਕੇਦਾਰੀ ਸਿਸਟਮ ਵਿੱਚ ਪੰਜਾਬ ਹੀ ਗਿਰਵੀ ਰੱਖ ਦਿੱਤਾ। ਜਿਸ ਕਾਰਨ ਇਹ ਹਾਲਤ ਹੋਈ ਪਈ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਨੂੰ ਇਕ ਚੀਜ਼ ਸਾਫ਼ ਦਿਖਾਈ ਦੇ ਰਹੀ ਹੈ ਕਿ ਪੰਜਾਬ ਵਿੱਚ ਗੱਦਾਰਾਂ ਦਾ ਸਮਾਂ ਆ ਗਿਆ ਹੈ, ਭਾਵੇਂ ਰੇਤ ਮਾਫ਼ੀਆ ਦੀ ਗੱਲ ਹੋ ਜਾਂ ਫਿਰ ਸ਼ਰਾਬ ਅਤੇ ਕੇਬਲ ਮਾਫ਼ੀਆ ਦੀ ਗੱਲ ਹੋਵੇ। ਇਨਾਂ ਖ਼ਿਲਾਫ਼ ਹੁਣ ਕਾਰਵਾਈ ਹੋਏਗੀ, ਜਿਹੜੀ ਕਿ ਪਿਛਲੀ ਸਰਕਾਰਾਂ ਦਰਮਿਆਨ ਨਹੀਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ