ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਵਿਚਾਰ ਲੇਖ ਸਿਦਕੀ ਸਿੱਖ ਸ਼ਹ...

    ਸਿਦਕੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ

    ਸਿਦਕੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ

    ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਕੌਮਾਂ ਹੋਈਆਂ ਹਨ ਜਿਨ੍ਹਾਂ ਦੇ ਸਿਰਾਂ ‘ਤੇ ਬਿਪਤਾ ਰੂਪੀ ਬਦਲ ਅਕਸਰ ਮੰਡਰਾਉਂਦੇ ਰਹੇ ਹਨ। ਇਨ੍ਹਾਂ ਕੌਮਾਂ ਵਿਚ ਸਿੱਖ ਕੌਮ ਦਾ ਨਾਂਅ ਉੱਭਰਵੇਂ ਰੂਪ ਵਿੱਚ ਲਿਆ ਜਾ ਸਕਦਾ ਹੈ। ਜਿੱਥੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੂੰ ਆਪਣੇ ਦ੍ਰਿੜ ਇਰਾਦੇ ਤੇ Àੁੱਚੀ ਪਹੁੰਚ ਸਦਕਾ ਤੱਤੀਆਂ ਤਵੀਆਂ ਦੇ ਸੇਕ ਨੂੰ ਠੰਢਿਆਂ ਕਰਨਾ ਪਿਆ, ਉੱਥੇ ਇਸ ਧਰਮ ਦੇ ਪੈਰੋਕਾਰਾਂ/ਸੇਵਕਾਂ ਨੂੰ ਵੀ ਆਪਣੀ ਸਿਦਕਦਿਲੀ ਦੇ ਸਰਮਾਏ ਨਾਲ ਰੰਬੀ ਦੀਆਂ ਤਿੱਖੀਆਂ ਧਾਰਾਂ ਦਾ ਮੂੰਹ ਮੋੜਨਾ ਪਿਆ।

    ਨਿਰਭਉ ਜਪ ਕੇ ਸਗਲ ਭਉ ਮਿਟਾਉਣ ਵਾਲੇ ਅਤੇ ਮਰਨ ਨੂੰ ਸੱਚ ਤੇ ਜਿਊਣ ਨੂੰ ਝੂਠ ਸਮਝ ਕੇ ਚੱਲਣ ਵਾਲੇ ਇਹ ਮਰਜੀਵੜੇ ਮੌਤ ਨੂੰ ਵੀ ਮਖੌਲ ਕਰਦੇ ਰਹੇ ਹਨ। ਆਪਣੇ ਤਨ ਅਤੇ ਮਨ ਨੂੰ ਉਸ ਅਕਾਲ-ਪੁਰਖ ਦੀ ਅਮਾਨਤ ਸਮਝਣ ਵਾਲੇ ਇਹ ਸੂਰਮੇ ਜਦੋਂ ਕਿਸੇ ਉੱਚੇ ਅਤੇ ਸੁੱਚੇ ਆਸ਼ੇ ਦੀ ਪੂਰਤੀ ਹਿੱਤ ਮੈਦਾਨ ਵਿਚ ਆ ਜਾਂਦੇ ਹਨ ਤਾਂ ਉਸ ਆਸ਼ੇ ਦੀ ਪੂਰਤੀ ਤੋਂ ਬਗ਼ੈਰ ਮੈਦਾਨ ਨੂੰ ਵਿਹਲਾ ਨਹੀਂ ਕਰਦੇ। ਅਜਿਹਾ ਕਰਦਿਆਂ ਬੇਸ਼ੱਕ ਉਨ੍ਹਾਂ ਨੂੰ ਆਪਣੇ ਸਿਰਾਂ ਦੀਆਂ ਖੋਪਰੀਆਂ ਵੀ ਲਾਹੁਣੀਆਂ ਪੈ ਜਾਣ। ਕੁਰਬਾਨੀ ਦਾ ਪੁੰਜ ਬਣਨ ਵਾਲਿਆਂ ਇਨ੍ਹਾਂ ਸੂਰਮਿਆਂ ਵਿਚ ਹੀ ਸ਼ਾਮਿਲ ਹੈ ਸ਼ਹੀਦ ਭਾਈ ਤਾਰੂ ਸਿੰਘ ਦਾ ਨਾਂਅ।

    ਭਾਈ ਤਾਰੂ ਸਿੰਘ ਦਾ ਜਨਮ ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਵਿਖੇ ਇੱਕ ਕਿਰਸਾਨ ਪਰਿਵਾਰ ਵਿੱਚ ਹੋਇਆ। ਬਾਲ ਵਰੇਸ ਵਿੱਚ ਹੀ ਆਪ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਦੀ ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ ਭਜਨੀਕ ਕਿਸਮ ਦੀ ਔਰਤ ਸਨ। ਉਨ੍ਹਾਂ ਨੇ ਭਾਈ ਤਾਰੂ ਸਿੰਘ ਦੇ ਮਨ ਵਿੱਚ ਗੁਰੂ ਸਾਹਿਬਾਨ, ਗੁਰਬਾਣੀ ਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸਤਿਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਆਪਣੀ ਕਿਰਤ-ਕਮਾਈ ਵਿਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਲੱਗ ਪਏ। ਲੋੜਵੰਦ ਗੁਰਮੁਖ ਪਿਆਰੇ ਉਨ੍ਹਾਂ ਦੇ ਘਰ ਕਈ-ਕਈ ਦਿਨ ਠਹਿਰ ਕੇ ਪ੍ਰਸ਼ਾਦਾ-ਪਾਣੀ ਛਕਦੇ ਸਨ।

    ਕਦੇ-ਕਦੇ ਭਾਈ ਸਾਹਿਬ ਬਾਬਾ ਬੁੱਢਾ ਜੀ ਨੇੜਲੇ ਜੰਗਲਾਂ ਵਿੱਚ ਵੱਸਦੇ ਸਿੰਘਾਂ ਨੂੰ ਰਸਦਾਂ ਵੀ ਪਹੁੰਚਾਇਆ ਕਰਦੇ ਸਨ। ਪਰਉਪਕਾਰੀ ਅਤੇ ਨੇਕਬਖ਼ਤ ਹੋਣ ਕਰਕੇ ਆਲੇ-ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੀ ਉਨ੍ਹਾਂ ਦਾ ਬਰਾਬਰ ਦਾ ਸਤਿਕਾਰ ਸੀ। ਇਸ ਸਤਿਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ ਸਕੰਟ ਦੇ ਸਮੇਂ ਆਪਣੇ ਨਗਰ-ਖੇੜੇ ਵਿਚ ਬੇਖੌਫ਼ ਵਿਚਰਦੇ ਰਹੇ ਹਨ।

    ਜੰਡਿਆਲੇ ਦਾ ਵਸਨੀਕ ਹਰਭਗਤ ਨਿਰੰਜਨੀਆ, ਜਿਸ ਦੇ ਵਡੇਰਿਆਂ ਦੀ ਬਾਂਹ ਸ੍ਰੀ ਗੁਰੂ ਤੇਗ਼ ਬਹਾਰਦ ਜੀ ਨੇ ਫੜ੍ਹੀ ਸੀ, ਉਹ ਗੁਰੂ ਨਾਨਕ ਦੇ ਘਰ ਦਾ ਅਕ੍ਰਿਤਘਣ ਸਾਬਤ ਹੋ ਗਿਆ। ਬਾਬੇਕਿਆਂ ਦਾ ਧੰਨਵਾਦੀ ਹੋਣ ਦੀ ਬਜਾਏ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤਕੀ ਬਣ ਬੈਠਾ।

    ਇਸ ਘਾਤਿਕਮਈ ਪੈਂਤੜੇ ਤੋਂ ਹੀ ਉਸ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੂੰ ਜਾ ਕੇ ਮੂੰਹ ਮਾਰਿਆ ਕਿ ਪੂਹਲੇ ਪਿੰਡ ਵਿਚ ਵੱਸਦਾ ਤਾਰੂ ਸਿੰਘ ਆਪਣੇ ਘਰ ਆਏ ਡਾਕੂਆਂ ਨੂੰ ਜਲਪਾਨ ਕਰਵਾਉਂਦਾ ਹੈ ਅਤੇ ਰਾਤ ਰਹਿਣ ਦੀ ਠਹਿਰ ਤੱਕ ਵੀ ਦਿੰਦਾ ਹੈ। ਹਕੂਮਤ ਦੇ ਬਾਗੀਆਂ ਦੀ ਮੱਦਦ ਕਰਨ ਦੇ ਨਾਲ-ਨਾਲ ਇਹ (ਤਾਰੂ ਸਿੰਘ) ਮੁਖ਼ਬਰੀ ਦਾ ਕੰਮ ਵੀ ਕਰਦਾ ਹੈ। ਇੱਥੇ ਹੀ ਬੱਸ ਨਹੀਂ, ਹੋਰ ਵੀ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ ਕੇ ਨਿਰੰਜਨੀਏ ਨੇ ਜ਼ਕਰੀਆਂ ਖ਼ਾਨ ਦੇ ਕੰਨ ਚੰਗੀ ਤਰ੍ਹਾਂ ਭਰ ਦਿੱਤੇ।

    ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਾਈ ਬੈਠੀ ਸੀ ਕਿ ਪਿੰਡਾਂ ਵਿਚ ਰਹਿਣ ਵਾਲੇ ਵਿਰਲੇ-ਟਾਵੇਂ ਸਿੱਖ ਜਿੱਥੇ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਕੇ ਚੱਲਣ, ਉੱਥੇ ਸਰਕਾਰੀ ਨਿਜ਼ਾਮ ਦੇ ਪ੍ਰਤੀ ਵਫ਼ਾਦਾਰ ਵੀ ਰਹਿਣ। ਪਰ ਸਰਕਾਰੀ ਉਮੀਦ ਤੋਂ ਬਿਲਕੁਲ ਉਲਟ ਭਾਈ ਤਾਰੂ ਸਿੰਘ ਵਰਗੇ ਸਿੱਖ ਕੇਵਲ ਆਪਣੀ ਸੁੱਖ-ਸ਼ਾਂਤੀ ਖ਼ਾਤਰ ਹੀ ਨਹੀਂ ਜੀ ਰਹੇ ਸਨ

    ਸਗੋਂ ਉਹ ਆਪਣੇ ਸਿਰਲੱਥ/ਸੂਰਮੇ ਭਰਾਵਾਂ ਦੀ ਲੋੜ ਪੈਣ ‘ਤੇ ਡੱਟਵੀਂ ਸਹਾਇਤਾ ਵੀ ਕਰਦੇ ਰਹਿੰਦੇ ਸਨ। ਸੂਬੇਦਾਰ ਜ਼ਕਰੀਆ ਖ਼ਾਨ ਨੇ ਨਿਰੰਜਨੀਏ ਦੀ ਚੁਗਲੀ ਦੀ ਚੁੱਕ ਵਿਚ ਆ ਕੇ ਤੇ ਬਗ਼ੈਰ ਕਿਸੇ ਪੁੱਛ-ਪੜਤਾਲ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਇਸ ਹੁਕਮ ਤਹਿਤ ਹੀ ਲਗਭਗ ਡੇਢ ਕੁ ਦਰਜਨ ਪੁਲਸੀਏ ਪੈਦਲ ਚੱਲ ਕੇ ਪੂਹਲੇ ਪਿੰਡ ਆਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੇ ਸਨ ਤਾਂ ਪੂਹਲੇ ਪਿੰਡ ਦੇ ਵਸਨੀਕਾਂ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਸਨਮੁੱਖ ਰੱਖ ਕੇ ਉਨ੍ਹਾਂ ਦੀ ਨਜ਼ਾਇਜ ਪਕੜ ਦੇ ਖਿਲਾਫ਼ ਹਾਅ ਦਾ ਨਾਅਰਾ ਵੀ ਮਾਰਿਆ ਪਰ ਇਸ ਨਾਅਰੇ ਦੀ ਆਵਾਜ਼ ਦਾ ਹਕੂਮਤ ਦੇ ਬੋਲ਼ੇ ਕੰਨਾਂ ‘ਤੇ ਕੋਈ ਅਸਰ ਨਹੀਂ ਹੋਇਆ।

    ਲਾਹੌਰ ਲਿਜਾ ਕੇ ਭਾਈ ਤਾਰੂ ਸਿੰਘ ਨੂੰ ਜ਼ੇਲ੍ਹ ਵਿਚ ਡੱਕ ਦਿੱਤਾ ਗਿਆ। ਜੇਲ੍ਹ ਵਿਚ ਭਾਈ ਜੀ ਨੂੰ ਕਈ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ। ਪਰ ਜਿਵੇਂ-ਜਿਵੇਂ ਹਕੂਮਤੀ ਕਰਿੰਦਿਆਂ ਵੱਲੋਂ ਭਾਈ ਸਾਹਿਬ ਨੂੰ ਸਤਾਇਆ ਜਾ ਰਿਹਾ ਸੀ ਤਿਵੇਂ-ਤਿਵੇਂ ਉਨ੍ਹਾਂ ਦੇ ਚਿਹਰੇ ਦੀ ਚਮਕ ਚੜ੍ਹਦੀ ਕਲਾ ਵਾਲੀ ਹੋਈ ਜਾ ਰਹੀ ਸੀ। ਅਖੀਰ ਭਾਈ ਤਾਰੂ ਸਿੰਘ ਨੂੰ ਨਵਾਬ ਜ਼ਕਰੀਆ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ।

    ਨਿਧੱੜਕਤਾ ਦੇ ਨਾਲ ਭਾਈ ਸਾਹਿਬ ਨੇ ਖ਼ਾਨ ਨੂੰ ਕਿਹਾ, ‘ਅਸੀਂ ਜ਼ਮੀਨ ਦਾ ਮਾਲੀਆ ਅਤੇ ਟੈਕਸ ਸਰਕਾਰ ਨੂੰ ਦਿੰਦੇ ਹਾਂ ਬਾਕੀ ਮਿਹਨਤ ਜੋ ਸਾਡੇ ਪੱਲੇ ਪੈਂਦੀ ਹੈ ਉਸ ਵਿੱਚੋਂ ਅਸੀਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ। ਹੇ ਨਵਾਬ! ਤੂੰ ਦੱਸ ਕਿ ਇਸ ਵਿੱਚ ਤੇਰੀ ਜੇਬ੍ਹ ਵਿੱਚੋਂ ਕੀ ਜਾਂਦਾ ਹੈ ਜਿਸ ਦੀ ਤੂੰ ਸਾਨੂੰ ਸਜ਼ਾ ਦੇ ਰਿਹਾ ਹੈ?’ ਭਾਈ ਤਾਰੂ ਸਿੰਘ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਨਵਾਬ ਜ਼ਕਰੀਆ ਖ਼ਾਨ ਦੇ ਸੱਤੀਂ ਕਪੜੀਂ ਅੱਗ ਲੱਗ ਗਈ।

    ਕੋਈ ਦਲੀਲਪੂਰਵਕ ਉੱਤਰ ਦੇਣ ਦੀ ਬਜਾਏ ਉਹ ਕਹਿਣ ਲੱਗਾ ਕਿ ਤੇਰੀ ਜਾਨ ਕੇਵਲ ਮੁਸਲਮਾਨ ਬਣਨ ਨਾਲ ਹੀ ਬਖਸ਼ੀ ਜਾ ਸਕਦੀ ਹੈ। ਭਾਈ ਤਾਰੂ ਸਿੰਘ ਜੀ ਨੇ ਦਲੇਰਾਨਾ ਜਵਾਬ ਵਿਚ ਕਿਹਾ ਕਿ ਕੀ ਮੁਸਲਮਾਨ ਬਣ ਕੇ ਮੈਨੂੰ ਮੌਤ ਨਹੀਂ ਆਵੇਗੀ? ਕੀ ਮੁਸਲਮਾਨ ਕਦੀ ਮਰਦੇ ਨਹੀਂ? ਜੇਕਰ ਮੌਤ ਨੇ ਇੱਕ ਦਿਨ ਆ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ/ਧਰਮ ਤੋਂ ਕਿਉਂ ਬੇਮੁੱਖ ਹੋਵਾਂ। ਇਸ ਬੇਮੁੱਖਤਾ ਕਾਰਨ ਮੈਂ ਦਰਗਾਹ ਵਿਚ ਕੀ ਮੂੰਹ ਲੈ ਕੇ ਜਾਵਾਂਗਾ?

    ਭਾਈ ਤਾਰੂ ਸਿੰਘ ਦੀ ਨਿੱਡਰਤਾ ਨੂੰ ਦੇਖ ਕੇ ਸੂਬੇਦਾਰ ਖ਼ਾਨ ਦੇ ਦੰਦ ਜੁੜ ਗਏ। ਜਨੂੰਨ ਦੀ ਅੱਗ ਵਿਚ ਮੱਚਿਆ ਹੋਣ ਕਰਕੇ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਕਿ ਤੂੰ ਆਪਣੀ ਇਸ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈਂ ਇਹ ਆਖ ਕੇ ਖ਼ਾਨ ਨੇ ਇੱਕ ਜਲਾਦ ਨੂੰ ਬੁਲਾ ਲਿਆ ਤੇ ਹੁਕਮ ਕੀਤਾ ਇਸ ਬਾਗੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਵੱਖ ਕਰ ਦਿੱਤੀ ਜਾਵੇ। ਭਾਈ ਤਾਰੂ ਸਿੰਘ ਨੇ ਧਰਮ ਨੂੰ ਹਾਰਨ ਦੀ ਬਜਾਏ ਸਰੀਰ ਨੂੰ ਹਾਰਨਾ ਪ੍ਰਵਾਨ ਕਰ ਲਿਆ।

    ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਮੋਚੀ ਨੇ ਆਪਣੀ ਤੇਜ਼ ਧਾਰ ਵਾਲੀ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਨੇ ਸੀ ਤੱਕ ਨਹੀਂ ਕੀਤੀ, ਸਗੋਂ ਅਕਾਲ-ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ। ਭਾਈ ਤਾਰੂ ਸਿੰਘ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਗਏ। ਅੱਜ ਜਦੋਂ ਵੀ ਵਾਹਿਗੁਰੂ ਦੇ ਸਨਮੁੱਖ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਵਿਚ ਸਿੱਖੀ ਨੂੰ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲਿਆਂ (ਭਾਈ ਤਾਰੂ ਸਿੰਘ ਜੀ ਵਰਗਿਆਂ) ਦਾ ਨਾਂਅ ਬੜੇ ਹੀ ਅਦਬ ਨਾਲ ਲਿਆ ਜਾਂਦਾ ਹੈ।
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719
    ਰਮੇਸ਼ ਬੱਗਾ ਚੋਹਲਾ
    94631-32719

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here