ਭੁੱਖ…
ਕਰਨੈਲ ਸਿੰਘ ਨੇ ਸੋਚਿਆ ਕਿ ਇਸ ਦੁੱਖ ਦੀ ਘੜੀ ਵਿਚ ਵਿੱਚ ਗਰੀਬਾਂ ਦੀ ਮੱਦਦ ਕਰਨੀ ਚਾਹੀਦੀ ਹੈ ਇਸ ਉਦੇਸ਼ ਨਾਲ ਉਸਨੇ ਰਾਸ਼ਨ ਵੰਡਣ ਦਾ ਮਨ ਬਣਾਇਆ ਤੇ ਵੰਡਣਾ ਵੀ ਸ਼ੁਰੂ ਕਰ ਦਿੱਤਾ ਝੁੱਗੀਆਂ-ਝੌਂਪੜੀਆਂ ਵਿੱਚ ਜਾਂਦਾ ਤੇ ਰਾਸ਼ਨ ਵੰਡਦਾ ”ਕਰਨੈਲ ਪੁੱਤ ਘਰੇ ਈ ਆਂ?” ਬਾਹਰੋਂ ਆਵਾਜ਼ ਆਈ ਕਰਨੈਲ ਨੇ ਦੇਖਿਆ ਕਿ ਉਸਦੇ ਮੁਹੱਲੇ ਵਿਚੋਂ ਈ ਇੱਕ ਬਜ਼ੁਰਗ ਔਰਤ ਸੀ ”ਹਾਂ ਤਾਈ ਘਰ ਈ ਆਂ!” ਕਰਨੈਲ ਬੋਲਿਆ ”ਵੇ ਪੁੱਤ ਮੈਂ ਤੇਰੇ ਕੋਲ ਇੱਕ ਕੰਮ ਆਈ ਸੀ!” ”ਹਾਂ ਦੱਸ ਤਾਈ” ਕਰਨੈਲ ਬੋਲਿਆ ”ਵੇ ਪੁੱਤ ਕੁਝ ਰਾਸ਼ਨ ਸਾਨੂੰ ਵੀ ਦੇ-ਦੇ… ਤੇਰਾ ਭਲਾ ਹੋਊ!” (Shot Story)
ਤਾਈ ਨੇ ਚੁੰਨੀ ਦੇ ਲੜ ਨਾਲ ਹੰਝੂ ਪੂੰਝਦਿਆਂ ਕਿਹਾ ”ਪਰ ਤਾਈ ਤੁਸੀਂ ਤਾਂ?” ”ਵੇ ਪੁੱਤ ਘਰੇ ਭੁੱਖ ਵਰਤੀ ਪਈ ਐ… ਮੁੰਡੇ ਸ਼ਰਮ ਦੇ ਮਾਰੇ ਘਰੇ ਈ ਪਏ ਆ… ਕਿਸੇ ਤੋਂ ਕੁਝ ਨਹੀਂ ਮੰਗਦੇ… ਨਿਆਣੇ ਭੁੱਖ ਨਾਲ ਵਿਲਕਦੇ ਪਏ ਨੇ … ਪੁੱਤ ਮੈਂ ਸਮਝਦੀ ਆ ਤੇਰੀ ਗੱਲ…ਪਰ ਤੂੰ ਜਾਤਾਂ-ਪਾਤਾਂ ਨਾ ਵੇਖ…ਇਹ ਵੇਖ ਕਿ ਭੁੱਖ ਸਭਨੂੰ ਲੱਗਦੀ ਆ!” ਤਾਈ ਦੀ ਬੇਬਸੀ ਦੇਖ ਕਰਨੈਲ ਹੱਕਾ-ਬੱਕਾ ਰਹਿ ਗਿਆ ਤਾਈ ਦੀ ਬੇਬਸੀ ਨੇ ਉਸਨੂੰ ਹਲੂਣ ਕੇ ਰੱਖ ਦਿੱਤਾ ਉਸਨੇ ਹਾਂ ਵਿਚ ਸਿਰ ਹਿਲਾਇਆ ਤੇ ਅੰਦਰੋਂ ਰਾਸ਼ਨ ਲੈਣ ਚਲਾ ਗਿਆ… ਪਰ ਉਸਦਾ ਅੰਦਰ ਬੁਰੀ ਤਰ੍ਹਾਂ ਬੇਚੈਨ ਹੋ ਗਿਆ ।
ਗਰੀਬੀ ਦਾ ਦੈਂਤ
ਗਰੀਬੂ ਨੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਝਿੜਕਦਿਆਂ ਕਿਹਾ, ”ਓ ਟੈਨੀ… ਅੱਜ ਤੂੰ ਬਾਹਰਲੇ ਕੋਠੀ ਆਲੇ ਸਰਦਾਰਾਂ ਦੇ ਦਿਹਾੜੀ ਜਾਣੈ” ਟੈਨੀ ਨੇ ਤਰਲਾ ਕੀਤਾ, ”ਨਹੀਂ ਬਾਪੂ ਮੈਂ ਸਕੂਲ ਜਾਣਾ… ਮੇਰਾ ਦਿਲ ਵੀ ਪੜਨ੍ਹ ਨੂੰ ਕਰਦਾ” ”ਓਏ ਜੇ ਪੜਨ੍ਹਾ ਸੀ ਤਾਂ ਸਰਦਾਰਾਂ ਘਰੇ ਜੰਮਦਾ… ਐਥੇ ਟੁੱਕ ਨਹੀਂ ਪੂਰਾ ਹੁੰਦਾ ਤੇ ਬਣਨਾ ਇਹਨੇ ਡੀ.ਸੀ.!”
ਗਰੀਬੂ ਨੇ ਖਿਝ ਕੇ ਕਿਹਾ ਟੈਨੀ ਨੇ ਫਿਰ ਤਰਲਾ ਪਾਇਆ, ”ਬਾਪੂ ਸਕੂਲੋਂ ਆ ਕੇ ਮੈਂ ਸਰਦਾਰਾਂ ਦੇ ਕੰਮ ਜਾਂਦਾ ਰਿਹਾ ਕਰੂੰ… ਬਾਪੂ ਮੈਨੂੰ ਪੜ੍ਹ ਲੈਣ ਦੇ… ਛੁੱਟੀ ਆਲੇ ਦਿਨ ਮੈਂ ਸਾਰਾ ਦਿਨ ਸਰਦਾਰਾਂ ਦਾ ਕੂੜਾ ਸੁੱਟੂੰ, ਡੰਗਰ ਚਾਰੂੰ… ਪਰ ਬਾਪੂ…?” ਟੈਨੀ ਦੀਆਂ ਅੱਖਾਂ ਵਿੱਚੋਂ ਪਾਰ-ਪਾਰ ਹੰਝੂ ਵਗ ਰਹੇ ਸਨ ਆਪਣੀ ਔਲਾਦ ਦਾ ਭਲਾ ਕੌਣ ਨਹੀਂ ਚਾਹੁੰਦਾ… ਗਰੀਬੂ ਦਾ ਵੀ ਕਾਲਜਾ ਫਟ ਰਿਹਾ ਸੀ… ਪਰ ਗਰੀਬੀ ਦੇ ਦੈਂਤ ਅੱਗੇ ਗਰੀਬੂ ਬੇਬਸ ਸੀ … ਮਜ਼ਬੂਰ ਸੀ ਉਸਨੇ ਅੱਖਾਂ ਵਿੱਚੋਂ ਹੰਝੂਆਂ ਨੂੰ ਛਲਕਣ ਨਾ ਦਿੱਤਾ… ਤੇ ਪਸੀਨੇ ਬਹਾਨੇ ਅੱਖਾਂ ਪੂੰਝਦਾ ਬਾਹਰ ਨੂੰ ਤੁਰ ਗਿਆ ।
ਪੇਟ ਦੀ ਅੱਗ
ਕਰਤਾਰ ਆਪਣੇ ਬੱਚਿਆਂ ਨਾਲ ਛੱਤ ਉੱਪਰ ਖੇਡ ਰਿਹਾ ਸੀ ਉਸਦੀ ਬੇਟੀ ਬੋਲੀ, ”ਪਾਪਾ ਸਾਰੀ ਦੁਨੀਆਂ ‘ਤੇ ਕੰਮ ਬੰਦ ਪਏ ਨੇ?” ਕਰਤਾਰ ਨੇ ਹਾਂ ਵਿਚ ਸਿਰ ਹਿਲਾਇਆ ”ਪਾਪਾ ਕੀ ਸਾਰੇ ਲੋਕ ਘਰਾਂ ਵਿੱਚ ਬੈਠੇ ਨੇ?” ਕਰਤਾਰ ਨੇ ਫਿਰ ਹਾਂ ਵਿਚ ਸਿਰ ਹਿਲਾਇਆ ਕਰਤਾਰ ਦੀ ਬੇਟੀ ਨੇ ਇਸ਼ਾਰੇ ਨਾਲ ਕਰਤਾਰ ਦਾ ਧਿਆਨ ਰੂੜੀਆਂ ਤੋਂ ਕਾਗਜ਼ ਚੁੱਕਦੀ ਇੱਕ ਨਿੱਕੀ ਜਿਹੀ ਕੁੜੀ ਵੱਲ ਦਿਵਾਇਆ ਤੇ ਪੁੱਛਿਆ, ”ਪਾਪਾ ਫਿਰ ਇਹ ਕਿਓਂ ਕੰਮ ਕਰ ਰਹੀ ਏ?” ਉਸ ਗ਼ਰੀਬ ਕੁੜੀ ਵੱਲ ਵੇਖ ਕਰਤਾਰ ਦੀਆਂ ਅੱਖਾਂ ਨਮ ਹੋ ਗਈਆਂ ਉਹ ਕਦੇ ਰੂੜੀਆਂ ਤੋਂ ਕਾਗਜ਼ ਚੁੱਕਦੀ ਉਸ ਗ਼ਰੀਬ ਕੁੜੀ ਵੱਲ ਵੇਖਦਾ ਤੇ ਕਦੇ ਅਸਮਾਨ ਵੱਲ… ਪਰ ਆਪਣੀ ਬੇਟੀ ਦੇ ਸਵਾਲ ਦਾ ਜਵਾਬ ਉਸ ਕੋਲ ਨਹੀਂ ਸੀ … ਕਿਉਂਕਿ ਉਹ ਜਾਣਦਾ ਸੀ ਕਿ ਪੇਟ ਦੀ ਅੱਗ ਭਾਸ਼ਣਾਂ ਤੇ ਦਲੀਲਾਂ ਨਾਲ ਨਹੀਂ ਬੁਝਦੀ।
ਮੋ. 99140-43045
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ