ਲਿਫ਼ਾਫ਼ੇ ਚੁੱਕਣ ਪੁੱਜੀ ਨਗਰ ਕੌਂਸਲ, ਲੌਂਗੋਵਾਲ ਦੀ ਟੀਮ ਦਾ ਦੁਕਾਨਦਾਰਾਂ ਨੇ ਕੀਤਾ ਜ਼ੋਰਦਾਰ ਵਿਰੋਧ

ਪੰਜਾਬ ਸਰਕਾਰ ਅਤੇ ਨਗਰ ਕੌਂਸਲ , ਲੌਂਗੋਵਾਲ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ

ਲੌਂਗੋਵਾਲ, (ਹਰਪਾਲ) | ਸਥਾਨਕ ਬਜਾਰ ਦੀਆਂ ਦੁਕਾਨਾਂ ਅਤੇ ਰੇਹੜੀਆਂ ਤੋਂ ਪੋਲੀਥੀਨ ਲਿਫ਼ਾਫ਼ੇ ਚੁੱਕਣ ਲਈ ਪੁੱਜੀ ਨਗਰ ਕੌਂਸਲ ਲੌਂਗੋਵਾਲ ਦੀ ਟੀਮ ਦਾ ਦੁਕਾਨਦਾਰਾਂ ਨੇ ਜ਼ੋਰਦਾਰ ਵਿਰੋਧ ਕੀਤਾ । ਜਿਕਰਯੋਗ ਹੈ ਕਿ ਬੱਸ ਸਟੈਂਡ ਤੋਂ ਚੱਲੀ ਇਹ ਟੀਮ ਜਿਉੰ ਹੀ ਜੈਨ ਮੰਦਰ ਚੌਕ ਨੇੜਲੀਆਂ ਦੁਕਾਨਾਂ ਤੇ ਪੁੱਜੀ ਤਾਂ ਗੁੱਸੇ  ਵਿੱਚ ਆਏ ਲੋਕਾਂ ਨੇ ਟੀਮ ਨੂੰ ਚੌਕ ਵਿੱਚ ਹੀ ਘੇਰ ਲਿਆ ਅਤੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਸਬੰਧੀ ਦੁਕਾਨਦਾਰ ਰਤਨ ਕੁਮਾਰ ਮੰਗੂ,ਪ੍ਰੇਮ ਕੁਮਾਰ ਨੀਟਾ ਲੰਬੂ,ਕਾਮਰੇਡ ਨੀਰਜ ਗੋਇਲ, ਬਿੱਟੂ ਗਰਗ ਸਵੀਟਸ,ਮਨੀ ਮੋਬਾਇਲਾਂ ਵਾਲਾ, ਸੋਨੂੰ ਜਿੰਦਲ,ਮੋਨੂੰ ਜਿੰਦਲ,ਕ੍ਰਿਸ਼ਨ ਲਾਲ ਮੂਣਕ ਵਾਲਾ, ਗੋਲਡੀ,ਮੱਖਣ ਲਾਲ ,ਗੋਰਾ ਲਾਲ ਲੰਬੂ,ਅੰਮਿ੍ਤ ਲਾਲ ਸਿੰਗਲਾ, ਪੰਕਜ ਕੁਮਾਰ,ਰਘਵੀਰ ਚੰਦ ਗੀਰਾ,ਭੀਮ ਸੈਨ ਜੈਨ, ਚਰਨ ਦਾਸ ਗੋਇਲ,ਹੰਸ ਰਾਜ ਆਦਿ ਦੁਕਾਨਦਾਰਾਂ ਦਾ ਤਰਕ ਸੀ ਕਿ ਕ੍ਰਿਸ਼ਨ ਚੰਦ ਲੰਬੂ ਦੀ ਦੁਕਾਨ ਵਿਚ ਇਹ ਟੀਮ ਮਾਲਕ ਦੀ ਗੈਰਹਾਜ਼ਰੀ ਵਿਚ ਹੀ ਦੁਕਾਨ ਅੰਦਰ ਜਾ ਵੜੀ ਅਤੇ ਦਰਾਜਾਂ ਵਿੱਚ ਫਰੋਲਾ ਫਰਾਲੀ ਕਰਨ ਲੱਗੀ ਸੀ, ਜਿਸ ਕਾਰਨ ਨੇੜਲੇ ਦੁਕਾਨਦਾਰਾਂ ਨੇ ਜ਼ੋਰਦਾਰ ਵਿਰੋਧ ਕਰ ਦਿੱਤਾ।

ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੌਲੀਥੀਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰਵਾਵੇ ,ਇਕ ਪਾਸੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੋਲੀਥੀਨ ਲਿਫ਼ਾਫ਼ੇ ਦੀਆਂ ਫੈਕਟਰੀਆਂ ਸ਼ਰ੍ਹੇਆਮ ਚੱਲ ਰਹੀਆਂ ਹਨ ਤੇ ਦੂਜੇ ਪਾਸੇ ਰੇਹੜੀਆਂ ਵਾਲਿਆਂ ਅਤੇ ਦੁਕਾਨਦਾਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦੁਕਾਨਦਾਰਾਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਨਗਰ ਕੌਸ਼ਲ ਦੀ ਲਿਫਾਫੇ ਚੇੈਕ ਕਰਨ ਆਈ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੇ.ਈ ਧੂਰੀ ਅਤੇ ਸਵੱਛ ਭਾਰਤ ਇੰਚਾਰਜ ਰੀਤੂ ਸ਼ਰਮਾ ਨੂੰ ਜਦ ਇਸ ਸੰਬੰਧ ਵਿਚ ਪੁੱਛਿਆ ਤਾਂ ਉਨ੍ਹਾਂ ਕਿਹਾ ਅਸੀ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਹੀ ਇਹ ਕਾਰਵਾਈ ਕਰ ਰਹੇ ਹਾਂ। ਦੁਕਾਨਦਾਰਾਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਦੁਕਾਨ ਵਿਚ ਉਨ੍ਹਾਂ ਦੀ ਟੀਮ ਚੈੱਕਿੰਗ ਕਰਨ ਲਈ ਗਈ ਸੀ ਉਥੇ ਪਹਿਲਾਂ ਇਕ ਵਿਅਕਤੀ ਮੌਜੂਦ ਸੀ  ਸਾਨੂੰ ਇਹ ਪਤਾ ਨਹੀ ਸੀ ਕਿ ਉਹ ਮਾਲਕ ਜਾਂ ਮੁਲਾਜ਼ਮ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ