ਰਾਤ ਨੂੰ ਵੀ ਥਾਣੇ ਅੱਗੇ ਧਰਨੇ ‘ਤੇ ਬੈਠੀ ਔਰਤ, ਧਰਨੇ ਤੋਂ ਉਠਾਉਣ ਲਈ ਪਾਣੀ ਵੀ ਛੱਡਿਆ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਿਸ ਵੱਲੋਂ ਥਾਣੇ ਅੱਗੇ ਆਪਣੇ ਪਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਧਰਨੇ ‘ਤੇ ਬੈਠੀ ਔਰਤ ਦੀ ਸੁਣਵਾਈ ਤਾਂ ਕੀ ਕਰਨੀ ਸੀ, ਸਗੋਂ ਪੀੜਤ ਔਰਤ ਦੇ ਹੱਕ ਵਿੱਚ ਪੁੱਜੀ ਮਹਿਲਾ ਕਮਿਸ਼ਨ ਪੰਜਾਬ ਦੀ ਨਵਨਿਯੁਕਤ ਸੀਨੀ: ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨਾਲ ਵੀ ਸਬੰਧਿਤ ਥਾਣੇ ਦੇ ਥਾਣਾ ਮੁਖੀ ਵੱਲੋਂ ਬੁਰਾ ਵਿਵਹਾਰ ਕਰਨ ਅਤੇ ਕੋਈ ਗੱਲ ਨਾ ਸੁਣਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਸਰਕਾਰ ਵੱਲੋਂ ਬਿਮਲਾ ਸ਼ਰਮਾ ਨੂੰ ਔਰਤਾਂ ਦੀਆਂ ਸਮੱਸਿਆਵਾਂ ਸੁਣਨ ਲਈ ਅਹੁਦੇ ‘ਤੇ ਬਿਠਾਇਆ ਗਿਆ ਸੀ, ਪਰ ਖੁਦ ਉਨ੍ਹਾਂ ਦੀ ਹੀ ਕੋਈ ਸੁਣਵਾਈ ਨਹੀਂ ਹੋਈ। Vice Chairperson
ਮਾਮਲੇ ਦੀ ਜਾਣਕਾਰੀ ਅਨੁਸਾਰ ਮੁਹਾਲੀ ਦੀ ਇੱਕ ਔਰਤ ਜਿਸਦਾ ਕਿ ਆਪਣੇ ਪਤੀ ਨਾਲ ਹੀ ਵਿਵਾਦ ਚੱਲ ਰਿਹਾ ਹੈ। ਉਹ ਕੱਲ੍ਹ ਅਦਾਲਤ ਵਿੱਚ ਆਪਣੀ ਤਾਰੀਖ ਭੁਗਤਣ ਆਈ ਸੀ ਤਾਂ ਉੱਥੇ ਉਸਦੇ ਪਤੀ ਦੇ ਡਰਾਇਵਰ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ ਅਤੇ ਉਸ ਨਾਲ ਬਦਤਮੀਜ਼ੀ ਕੀਤੀ ਗਈ। ਇਸ ਦੌਰਾਨ ਲੋਕਾਂ ਵੱਲੋਂ ਡਰਾਇਵਰ ਨੂੰ ਫੜ ਕੇ ਪੁਲਿਸ ਥਾਣੇ ਦੇ ਦਿੱਤਾ ਗਿਆ। ਉਕਤ ਔਰਤ ਥਾਣਾ ਲਹੌਰੀ ਗੇਟ ਵਿਖੇ ਡਰਾਇਵਰ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜੀ, ਪਰ ਔਰਤ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਇਸ ਤੋਂ ਅੱਕੀ ਔਰਤ ਥਾਣੇ ਅੱਗੇ ਹੀ ਕੱਲ੍ਹ ਸ਼ਾਮ ਨੂੰ ਧਰਨੇ ‘ਤੇ ਬੈਠ ਗਈ, ਪਰ ਫੇਰ ਵੀ ਪੁਲਿਸ ਵੱਲੋਂ ਉਸ ਨੂੰ ਧੱਕੇ ਨਾਲ ਉਥੋਂ ਉਠਾਉਣ ਦਾ ਯਤਨ ਕੀਤਾ ਗਿਆ, ਪਰ ਪੀੜਤ ਔਰਤ ਆਪਣੀ ਸ਼ਿਕਾਇਤ ਲਿਖਣ ਤੱਕ ਉੱਥੇ ਹੀ ਬੈਠੀ ਰਹੀ। ਇੱਥੋਂ ਤੱਕ ਪੁਲਿਸ ਵੱਲੋਂ ਥਾਣੇ ਦੇ ਗੇਟ ਅੱਗੇ ਬੈਠੀ ਔਰਤ ਹੇਠਾਂ ਪਾਣੀ ਵੀ ਛੱਡਿਆ ਗਿਆ, ਪਰ ਉਸ ਦੀ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ। ਉਕਤ ਔਰਤ ਰਾਤ ਭਰ ਥਾਣੇ ਅੱਗੇ ਧਰਨੇ ‘ਤੇ ਬੈਠੀ ਰਹੀ। ਇਸ ਮਾਮਲੇ ਦਾ ਪਤਾ ਜਦੋਂ ਮਹਿਲਾ ਕਮਿਸ਼ਨ ਪੰਜਾਬ ਦੀ ਸੀਨੀ. ਵਾਈਸ ਚੇਅਰਪਰਸਨ ਬਿਮਲਾ ਸ਼ਰਮਾ ਨੂੰ ਲੱਗਿਆ ਤਾਂ ਉਹ ਸਵੇਰੇ ਪੀੜਤ ਔਰਤ ਦੀ ਮੱਦਦ ਲਈ ਥਾਣੇ ਪੁੱਜੀ। ਚੇਅਰਪਰਸਨ ਵੱਲੋਂ ਸਬੰਧਿਤ ਐਸਐਚਓ ਨੂੰ ਰਿਪੋਰਟ ਲਿਖਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸ੍ਰੀਮਤੀ ਬਿਮਲਾ ਸ਼ਰਮਾ ਨੇ ਦੱਸਿਆ ਕਿ ਐਸਐਚਓ ਨੇ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਾ ਦਿਖਾਈ ਅਤੇ ਘੰਟਾ ਬੈਠਣ ਤੋਂ ਬਾਅਦ ਉਸਦੀ ਵੀ ਕੋਈ ਗੱਲ ਨਹੀਂ ਸੁਣੀ ਗਈ। (Vice Chairperson )
ਉਨ੍ਹਾਂ ਦੱਸਿਆ ਕਿ ਜਦੋਂ ਉਹਨਾਂ ਉਕਤ ਔਰਤ ਨੂੰ ਕਿਹਾ ਕਿ ਉਹ ਮਹਿਲਾ ਕਮਿਸ਼ਨ ਨੂੰ ਆਪਣੀ ਅਰਜ਼ੀ ਦੇਵੇ ਤਾਂ ਅਸੀਂ ਥਾਣੇ ਚੋਂ ਪੇਪਰ ਅਤੇ ਪੈਨ ਦੇਣ ਲਈ ਕਿਹਾ, ਪਰ ਸਾਨੂੰ ਨਾ ਹੀ ਖਾਲੀ ਪੇਪਰ ਦਿੱਤਾ ਅਤੇ ਨਾ ਹੀ ਪੈੱਨ। ਬਿਮਲਾ ਸ਼ਰਮਾ ਨੇ ਕਿਹਾ ਕਿ ਐਸਐਚਓ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ ਅਤੇ ਬੇਇੱਜਤੀ ਕੀਤੀ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਅੱਜ ਪਟਿਆਲਾ ਵਿਖੇ ਮਾਨਯੋਗ ਜੱਜ ਸਾਹਿਬ ਨੇ ਆਉਣਾ ਸੀ ਤਾਂ ਪੀੜਤ ਔਰਤ ਉਸ ਸਮਾਗਮ ਵਿੱਚ ਪੁੱਜੀ ਤਾਂ ਉੱਥੇ ਵੀ ਸਬੰਧਿਤ ਐਸਐਚਓ ਵੱਲੋਂ ਉਕਤ ਔਰਤ ਨੂੰ ਡਿਪਟੀ ਨੂੰ ਮਿਲਣ ਬਹਾਨੇ ਬਾਹਰ ਕੱਢ ਦਿੱਤਾ ਗਿਆ। ਬਿਮਲਾ ਸ਼ਰਮਾ ਨੇ ਦੱਸਿਆ ਕਿ ਉਕਤ ਐਸਐਚਓ ਨੇ ਇੱਕ ਸੀਨੀ. ਵਾਈਸ ਚੇਅਰਪਰਸਨ ਦੀ ਗੱਲ ਨਹੀਂ ਸੁਣੀ ਤਾਂ ਉਕਤ ਔਰਤ ਦੀ ਕੀ ਸੁਣਵਾਈ ਹੋਣੀ ਹੈ। ਉਨ੍ਹਾਂ ਕਿਹਾ ਕਿ ਇਸ ਵਿਵਹਾਰ ਸਬੰਧੀ ਸਰਕਾਰ ਨੂੰ ਇਸ ਦੀ ਸ਼ਿਕਾਇਤ ਭੇਜੇਗੀ।
ਔਰਤ ਦੀ ਸ਼ਿਕਾਇਤ ਮਿਲੀ, ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ
ਇਸ ਮਾਮਲੇ ਸਬੰਧੀ ਡੀਐਸਪੀ ਵਰੁਣ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਮਿਲ ਗਈ ਹੈ, ਜਿਸ ਵਿੱਚ ਉਸ ਵੱਲੋਂ ਡਰਾਈਵਰ ਖਿਲਾਫ਼ ਛੇੜਛਾੜ ਦੇ ਦੋਸ਼ ਲਗਾਏ ਗਏ ਹਨ, ਜਿਸ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਅਗਲੀ ਹੋਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਔਰਤ ਧਰਨੇ ਤੋਂ ਉੱਠ ਗਈ ਹੈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਉਠ ਗਈ ਸੀ, ਪਰ ਮੁੜ ਥਾਣੇ ਅੱਗੇ ਬੈਠ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਖਿਲਾਫ਼ ਡਰਾਈਵਰ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਹ ਹਸਪਤਾਲ ਵਿਖੇ ਦਾਖਲ ਹੈ। (Vice Chairperson )
ਅੱੈਸਐੱਚਓ ਨੇ ਫੋਨ ਨਾ ਚੁੱਕਿਆ
ਇਸ ਮਾਮਲੇ ਸਬੰਧੀ ਜਦੋਂ ਥਾਣਾ ਲਹੌਰੀ ਗੇਟ ਦੇ ਐਸਐਚਓ ਜਸਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।