ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਬੀਤੀ 15 ਮਾਰਚ ਨੂੰ ਹੋਈ ਸੀ ਦੁਬਈ ‘ਚ ਮੌਤ
ਅੰਮ੍ਰਿਤਸਰ, ਰਾਜਨ ਮਾਨ
ਦੁਬਈ ‘ਚ ਆਪਣੀ ਜਾਨ ਗਵਾ ਬੈਠੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੁਕਵਾਲ ਮਾਜਰੀ ਨਾਲ ਸਬੰਧਿਤ 45 ਸਾਲਾ ਸ਼ਿਵ ਕੁਮਾਰ ਪੁੱਤਰ ਦੇਵ ਰਾਜ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਦੱਸਣਯੋਗ ਹੈ ਕਿ ਸ਼ਿਵ ਕੁਮਾਰ ਕਰੀਬ 2 ਸਾਲ ਪਹਿਲਾਂ ਕਰਜਾ ਚੁੱਕ ਕੇ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਫ਼ਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਅਚਾਨਕ ਬੀਤੀ 15 ਮਾਰਚ ਨੂੰ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਸੀ ਹਵਾਈ ਅੱਡੇ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪੀ੍ਰਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ, ਪਰਮਿੰਦਰ ਸਿੰਘ ਕੜਿਆਲ ਅਤੇ ਦੁਬਈ ਤੋਂ ਮ੍ਰਿਤਕ ਦੇਹ ਲੈ ਕੇ ਵਤਨ ਪੁੱਜੇ ਡਾ. ਉਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੇ ਡਾ. ਐੱਸ. ਪੀ. ਸਿੰਘ ਉਬਰਾਏ ਨੂੰ ਫੋਨ ਕਰਕੇ ਸ਼ਿਵ ਕੁਮਾਰ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਉਕਤ ਭਾਰਤੀ ਵਿਅਕਤੀ ਦੀ ਪਹਿਚਾਣ ਕਰਕੇ ਉਸ ਦੀ ਮੌਤ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇ ਜਿਸ ‘ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਦੀ ਦੁਬਈ ਵਿਚਲੀ ਟੀਮ ਨੇ ਮ੍ਰਿਤਕ ਦਾ ਪੂਰਾ ਪਤਾ ਕਰਨ ਉਪਰੰਤ ਟਰੱਸਟ ਦੀ ਹੁਸ਼ਿਆਰਪੁਰ ਜ਼ਿਲ੍ਹਾ ਇਕਾਈ ਰਾਹੀਂ ਸ਼ਿਵ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਜੋ ਆਪਣੇ ‘ਤੇ ਟੁੱਟੇ ਇਸ ਕਹਿਰ ਤੋਂ ਅਣਜਾਨ ਸਨ ।
ਇਸੇ ਦੌਰਾਨ ਮ੍ਰਿਤਕ ਦੇਹ ਲੈਣ ਆਏ ਸ਼ਿਵ ਕੁਮਾਰ ਦੇ ਭਰਾ ਅਸ਼ੋਕ ਕੁਮਾਰ, ਸਤਪਾਲ, ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਵਿਜੈ ਕੁਮਾਰ ਨੇ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਸ਼ਿਵ ਕੁਮਾਰ ਕਰੀਬ ਦੋ ਵਰੇ ਪਹਿਲਾਂ ਕਰਜ਼ਾ ਚੁੱਕ ਕੇ ਮਿਹਨਤ ਕਰਨ ਲਈ ਦੁਬਈ ਗਿਆ ਸੀ, ਪਰ ਤਹਿਸ਼ੁਦਾ ਮਜ਼ਦੂਰੀ ਨਾ ਮਿਲਣ ਕਾਰਨ ਕਰਕੇ ਉਸਨੇ ਕਾਰੋਬਾਰੀ ਕੰਪਨੀ ਨੂੰ ਛੱਡ ਦਿਤਾ, ਜਿਸ ਤੋਂ ਬਾਅਦ ਕੰਮ ਨਾ ਮਿਲਣ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਸ਼ਿਵ ਕੁਮਾਰ ਆਪਣੀ ਪਿਤਾ ਦੀ ਮੌਤ ਦੀ ਖਬਰ ਤੋਂ ਵੀ ਅਣਜਾਨ ਸੀ ਮ੍ਰਿਤਕ ਸ਼ਿਵ ਕੁਮਾਰ 3, 5 ਤੇ 8 ਸਾਲ ਦੀਆਂ ਤਿੰਨ ਧੀਆਂ ਦਾ ਪਿਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।