ਕਿਸਾਨ ਆਗੂਆਂ ਨਾਲ ਕਰਨਗੇ ਮੁਲਾਕਾਤ, ਪਾਰਟੀ ਲੀਡਰਾਂ ਨੂੰ ਨਾ ਘੇਰਣ ਕਿਸਾਨ
ਮੋਗਾ ਵਿਖੇ ਹੋਈ ਸੀ ਹਿੰਸਕ ਘਟਨਾ, ਸੁਖਬੀਰ ਬਾਦਲ ਨਹੀਂ ਚਾਹੁੰਦੇ ਹਨ ਕੋਈ ਵਿਵਾਦ
ਅਸ਼ਵਨੀ ਚਾਵਲਾ, ਚੰਡੀਗੜ। ਮੋਗਾ ’ਚ ਕਿਸਾਨਾਂ ਵੱਲੋਂ ਕੀਤੇ ਗਏ ਘਿਰਾਓ ਮਗਰੋ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 6 ਦਿਨਾਂ ਲਈ ‘ਪੰਜਾਬ ਦੀ ਗੱਲ’ ਰੈਲੀਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਕਰ ਲਿਆ ਹੈ ਸੁਖਬੀਰ ਬਾਦਲ ਇਨਾਂ 6 ਦਿਨਾਂ ਵਿੱਚ ਕਿਸਾਨ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ ਤਾਂ ਕਿ ਉਨਾਂ ਰਾਹੀਂ ਪੰਜਾਬ ਵਿੱਚ ਅਕਾਲੀ ਦਲ ਦੇ ਲੀਡਰਾਂ ਨੂੰ ਨਾ ਘੇਰਣ ਸਬੰਧੀ ਕੋਈ ਸੰਦੇਸ਼ ਕਿਸਾਨਾਂ ਨੂੰ ਪਹੁੰਚਾਇਆ ਜਾਵੇ। ਹਾਲਾਂਕਿ ਸੁਖਬੀਰ ਬਾਦਲ ਇਥੇ ਹੀ ਰੈਲੀਆਂ ਦੌਰਾਨ ਹੋਏ ਹਮਲੇ ਪਿੱਛੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਦੱਸਿਆ ਗਿਆ ਹੈ ਪਰ ਫਿਰ ਵੀ ਉਹ ਕਿਸੇ ਵੀ ਤਰਾਂ ਦੇ ਨੁਕਸਾਨ ਤੋਂ ਬਚਣ ਲਈ ਫਿਲਹਾਲ ਆਪਣੇ ਪ੍ਰੋਗਰਾਮ ਨੂੰ ਟਾਲ ਰਹੇ ਹਨ।
ਸੁਖਬੀਰ ਬਾਦਲ ਨੇ ਚੰਡੀਗੜ ਵਿਖੇ ਪੈ੍ਰਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਏ ਸਨ ਅਤੇ ਉਨਾਂ ਦੀ ਪਾਰਟੀ ਸਿਰਫ਼ ਪੰਜਾਬ ਦੀ ਖੇਤਰੀ ਹੀ ਪਾਰਟੀ ਹੈ, ਜਦੋਂ ਕਿ ਬਾਕੀ ਸਾਰੀਆ ਪਾਰਟੀਆਂ ਦੀ ਹਾਈ ਕਮਾਨ ਦਿੱਲੀ ਵਿਖੇ ਬੈਠ ਕੇ ਆਦੇਸ਼ ਜਾਰੀ ਕਰਦੀ ਹੈ। ਇਸ ਲਈ ਕਿਸਾਨਾਂ ਲਈ ਹਿਤੈਸ਼ੀ ਸ਼ੋ੍ਰਮਣੀ ਅਕਾਲੀ ਦਲ ਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਕੇਜਰੀਵਾਲ ਨੇ ਦਿੱਲੀ ਵਿਖੇ ਤਿੰਨੇ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਹੈ, ਜਦੋਂ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੈਬਨਿਟ ਦੀ ਕੁਰਸੀ ਤੱਕ ਨੂੰ ਲੱਤ ਮਾਰੀ ਹੋਈ ਹੈ।
ਸੁਖਬੀਰ ਬਾਦਲ ਨੇ ਉਨਾਂ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਦੀ ਲਿਸਟ ਜਾਰੀ ਕੀਤਾ, ਜਿਹੜੇ ਕਿ ਉਨਾਂ ਦੀ ਰੈਲੀਆਂ ਦੌਰਾਨ ਕਿਸਾਨ ਬਣ ਕੇ ਖੱਲਰ੍ਹ ਪਾਉਣ ਦੀ ਕੋਸ਼ਸ਼ ਕਰ ਰਹੇ ਹਨ ਅਤੇ ਇਸ ਦੌਰਾਨ ਹਿੰਸਕ ਘਟਨਾਵਾਂ ਵੀ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਫਿਲਹਾਲ ਕੁਝ ਦਿਨ ਲਈ ਰੈਲੀਆਂ ਨੂੰ ਟਾਲਦੇ ਹੋਏ ਕਿਸਾਨ ਆਗੂਆਂ ਨੂੰ ਮਿਲਣਗੇ ਤਾਂ ਕਿ ਕਾਂਗਰਸ ਅਤੇ ਆਪ ਦੇ ਲੀਡਰ ਘੁਸਪੈਠ ਕਰਦੇ ਹੋਏ ਕਿਸਾਨਾਂ ਦਾ ਨਾਅ ਬਦਨਾਮ ਨਾ ਕਰ ਸਕਣ।
ਕਾਂਗਰਸੀ ਮੰਤਰੀ ਜਸਜੀਤ ਰੰਧਾਵਾ ਦੀ ਪੁੱਤਰੀ ਅਨੂ ਰੰਧਾਵਾ ਅਕਾਲੀ ਦਲ ’ਚ ਸ਼ਾਮਲ
ਘਨੌਰ ਹਲਕੇ ਤੋਂ ਵਿਧਾਇਕ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸਵ. ਜਸਜੀਤ ਰੰਧਾਵਾ ਦੀ ਪੁੱਤਰੀ ਅਨੂ ਰੰਧਾਵਾ ਕਾਂਗਰਸ ਪਾਰਟੀ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹੈ। ਅਨੂ ਰੰਧਾਵਾ ਆਪਣੇ ਪਿਤਾ ਨੂੰ ਚੋਣ ਵਿੱਚ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ ਪਰ ਪਿਤਾ ਜਸਜੀਤ ਰੰਧਾਵਾ ਦੇ ਦਿਹਾਂਤ ਤੋਂ ਬਾਅਦ ਜਿਆਦਾ ਸਰਗਰਮ ਸਿਆਸਤ ਵਿੱਚ ਨਹੀਂ ਰਹੀ। ਹੁਣ ਸ਼ੋ੍ਰਮਣੀ ਅਕਾਲੀ ਦਲ ਤੋਂ ਉਹ ਸਰਗਰਮ ਸਿਆਸਤ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੀ ਹੈ। ਸੁਖਬੀਰ ਬਾਦਲ ਨੇ ਚੰਡੀਗੜ ਵਿਖੇ ਅਨੂ ਰੰਧਾਵਾ ਨੂੰ ਖ਼ੁਦ ਸ਼ੋ੍ਰਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਦੇ ਹੋਏ ਪਾਰਟੀ ਦਾ ਉਪ ਪ੍ਰਧਾਨ ਵੀ ਬਣਾ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ