ਅਪਾਹਜਾਂ ਲਈ ਪ੍ਰੇਰਨਾਸ੍ਰੋਤ ਹੈ ਸ਼ਾਇਰ ਪ੍ਰਸ਼ੋਤਮ ਪੱਤੋ

ਅਪਾਹਜਾਂ ਲਈ ਪ੍ਰੇਰਨਾਸ੍ਰੋਤ ਹੈ ਸ਼ਾਇਰ ਪ੍ਰਸ਼ੋਤਮ ਪੱਤੋ

ਰਾਜਵਿੰਦਰ ਰੌਂਤਾ | ਸਾਹਿਤਕਾਰ ਪ੍ਰਸ਼ੋਤਮ ਪੱਤੋ ਅਪਾਹਜ ਹੋ ਕੇ ਵੀ ਅਪਾਹਜ ਨਹੀ ਸਗੋਂ ਸਵਾਇਆ ਮਨੁੱਖ ਬਣਕੇ ਜਿੰਦਗੀ ਵਿੱਚ ਵਿਚਰ ਰਿਹਾ ਹੈ । ਸਾਹਿਤ ਸੱਭਿਆਚਾਰ ਤੇ ਕਲਾ ਦੇ ਖੇਤਰ ਵਿੱਚ ਸਰਗਰਮ ਪੱਤੋ ਮੂਹਰੇ ਹੋ ਕੇ  ਸਮਾਗਮ ਰਚਾਉਂਦਾ ਹੈ ਅਤੇ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਕਲਮ ਜ਼ਰੀਏ ਚਾਨਣ ਦਾ ਪਸਾਰਾ ਕਰ ਰਿਹਾ ਪ੍ਰਸ਼ੋਤਮ ਪੱਤੋ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਤੋਂ ਐਸਐਲਏ ਲੈਬ ਅਟੈਂਡੈਂਟ ਵਜੋਂ ਸੇਵਾ ਮੁਕਤ ਹੋਇਆ ਸਮਾਜ ਸੇਵਾ ਨੂੰ ਸਮਰਪਿਤ ਹੈ।

ਉਹ ਖੱਬੇਪੱਖੀ ਲੋਕ ਕਵੀ ਹੈ। ਉਸਦੀ ਪੰਜਵੀ ਕਾਵਿ ਪੁਸਤਕ ‘ਪੀੜ ਦਰ ਪੀੜ’ ਪ੍ਰਕਾਸ਼ਨ ਅਧੀਨ ਹੈ।  1975 ਤੋਂ ਪੀਐਸਯੂ ਨਾਲ ਜੁੜਿਆ ਅਤੇ ’78 ‘ਚ ਬੇਰੁਜ਼ਗਾਰ ਅਧਿਆਪਕ ਘੋਲ ਵਿੱਚ ਜੇਲ ਯਾਤਰਾ ਕਰ ਚੁੱਕਾ ਹੈ। ਉਸਦੀ ਕਲਮ ਉੱਪਰ ਭਾਜੀ ਗੁਰਸ਼ਰਨ ਸਿੰਘ ਦਾ ਗੂੜ੍ਹਾ ਪ੍ਰਭਾਵ ਹੈ।

ਹਾਸਿਆਂ ਚੁਟਕਲਿਆਂ ਦੀ ਪਟਾਰੀ ਪੱਤੋ ਵਧੀਆ ਗਾ ਵੀ ਲੈਂਦਾ ਹੈ। ਪੰਜਾਹ ਪ੍ਰਤੀਸ਼ਤ ਅਪਾਹਜ ਪ੍ਰਸ਼ੋਤਮ ਪੱਤੋ ਆਪਣੇ-ਆਪ ਨੂੰ ਅਪਾਹਜ ਨਹੀਂ ਮੰਨਦਾ ਸਗੋਂ ਸੰਘਰਸ਼ ਹੀ ਜ਼ਿੰਦਗੀ ਮੰਨਦਾ  ਹੈ । ਜਿੰਦਗੀ ‘ਚ ਅਨੇਕਾ ਦੁੱਖ ਹੰਡਾ ਰਿਹਾ ਪੱਤੋ ਦ੍ਰਿੜ ਇਰਾਦੇ ਤੇ ਜ਼ਿੰਦਾਦਿਲੀ ਦੀ ਤਸਵੀਰ ਹੈ।

ਅਪਾਹਜ ਦੱਬੇ-ਕੁਚਲੇ ਲੋਕਾਂ ਦੀ ਗੱਲ ਕਰਨ ਵਾਲੇ ਪ੍ਰਸ਼ੋਤਮ ਪੱਤੋ ਨੇ ਕਿਹਾ ਕਿ ਸਰਕਾਰ ਅਪਾਹਜਾਂ ਨੂੰ ਵਿਸ਼ੇਸ਼ਤਾ ਦੇਵੇ ਉਹ ਹੱਕਾਂ ਲਈ ਲੜਦੇ ਸਮਾਜਿਕ ਤਰਾਸਦੀ ਦਾ ਸ਼ਿਕਾਰ ਹੁੰਦੇ ਵੇਖੇ ਹਨ। ਅਪਾਹਜਾਂ ਨੂੰ ਸਿਰਫ਼ ਨਾਂਅ ਦੀ ਹੀ  ਰਾਸ਼ੀ ਹੀ ਨਹੀਂ ਸਗੋਂ ਗੁਜ਼ਾਰੇ ਜੋਗੀ ਪੈਨਸ਼ਨ ਮਿਲਣੀ ਚਾਹੀਦੀ ਹੈ। ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਬਾਨੀ ਸਕੱਤਰ ਪ੍ਰਸ਼ੋਤਮ ਪੱਤੋ ਨੇ ਕਿਹਾ ਕਿ ਉਹ ਅਪਾਹਜ ਵਿਅਕਤੀਆਂ ਦੀ ਕਲਾ ਨਿਖਾਰਨ ਲਈ ਪ੍ਰੋਗਰਾਮ ਉਲੀਕ ਰਹੇ ਹਨ। ਅਪਾਹਜ ਵਿਅਕਤੀ ਸਾਡੇ ਸਮਾਜ ਦਾ ਹਿੱਸਾ ਹਨ ਉਹ ਵੀ ਬਰਾਬਰ ਦੇ ਪਿਆਰ-ਸਤਿਕਾਰ ਦੀ ਆਸ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.