ਸ੍ਰੋਮਣੀ ਅਕਾਲੀ ਦਲ ਵੱਲੋਂ ਲੜਦਿਆਂ ਦੋ ਵਾਰ ਚੜ੍ਹੇ ਹਨ ਸੰਸਦ ਦੀਆਂ ਪੌੜੀਆਂ | Sher Singh Ghubaya
ਫਿਰੋਜ਼ਪੁਰ (ਸਤਪਾਲ ਥਿੰਦ)। ਇੱਕ ਲੰਮੇ ਇੰਤਜ਼ਾਰ ਮਗਰੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਲੜਨ ਲਈ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰ ਦਿੱਤਾ ਹੈ, ਜਦੋਂ ਕਿ ਬਾਕੀ ਪਾਰਟੀਆਂ ਵੱਲੋਂ ਇਸ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਚੁੱਕਾ ਸੀ ਪਰ ਹੁਣ ਸਿਰਫ ਭਾਜਪਾ ਦੇ ਉਮੀਦਵਾਰ ਦੇ ਐਲਾਨ ਦਾ ਇੰਤਜ਼ਾਰ ਹੋ ਰਿਹਾ ਜੋ ਜਲਦ ਖਤਮ ਹੋਣ ਵਾਲਾ ਹੈ। (Sher Singh Ghubaya)
2019 ਵਿੱਚ ਕਾਂਗਰਸ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਹੀ ਚੋਣ ਲੜੇ ਸ਼ੇਰ ਸਿੰਘ ਘੁਬਾਇਆ ਦੀ ਹਾਰ ਤੋਂ ਬਾਅਦ ਇੱਕ ਫਿਰ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ’ਤੇ ਵਿਸ਼ਵਾਸ ਪ੍ਰਗਟਾਇਆ ਹੈ ਭਾਵੇਂ ਕਿ 2009 ਅਤੇ 2014 ਵਿੱਚ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਸੀਟ ਤੋਂ ਜਿੱਤੇ ਸਨ, ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਸਨ। (Sher Singh Ghubaya)
ਹਲਕਾ ਫਿਰੋਜ਼ਪੁਰ ਦੇ ਪਿਛਲੇ ਪਿਛੋਕੜ ’ਤੇ ਗੱਲ ਕੀਤੀ ਜਾਵੇ ਤਾਂ 1998 ਤੋਂ ਇਹ ਸੀਟ ਜ਼ੋਰਾ ਸਿੰਘ ਮਾਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲਗਾਤਾਰ ਭੁਗਤਦੀ ਆਈ ਹੈ ਅਤੇ 2019 ਵਿੱਚ ਵੀ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਤਕਰੀਬਨ 2 ਲੱਖ ਦੀ ਲੀਡ ਨਾਲ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਹਰਾਉਂਦੇ ਹੋਏ ਜਿੱਤੇ ਸਨ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਰਹੂਮ ਜ਼ੋਰਾ ਸਿੰਘ ਮਾਨ ਦੇ ਸਪੁੱਤਰ ਨਰਦੇਵ ਸਿੰਘ ਮਾਨ ਮੈਦਾਨ ਵਿੱਚ ਹਨ। 2024 ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸਾਂਸਦ ਜ਼ੋਰਾ ਸਿੰਘ ਮਾਨ ਦੇ ਛੋਟੇ ਸਪੁੱਤਰ ਨਰਦੇਵ ਸਿੰਘ ਬੌਬੀ ਮਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਭਾਜਪਾ ਵੱਲੋਂ ਆਪਣਾ ਪੱਤਾ ਖੋਲ੍ਹਣਾ ਬਾਕੀ ਪਿਆ ਹੈ। (Sher Singh Ghubaya)
ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ | Sher Singh Ghubaya
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਮੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਕਾਂਗਰਸ ਨੇ ਪੰਜਾਬ ਦੀ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵੱਲੋਂ 13 ਵਿੱਚੋਂ 12 ਉਮੀਦਵਾਰਾਂ ਦਾ ਐਲਾਨ ਕੀਤਾ ਹੋਇਆ ਸੀ ਅਤੇ ਸਿਰਫ਼ ਇਸੇ ਸੀਟ ਨੂੰ ਹੀ ਰੋਕਿਆ ਹੋਇਆ ਸੀ। ਇਸ ਲੋਕ ਸਭਾ ਸੀਟ ਬਾਰੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਸੀ ਪਰ ਆਖਰ ਵਿੱਚ ਕਾਂਗਰਸ ਪਾਰਟੀ ਵੱਲੋਂ ਸ਼ੇਰ ਸਿੰਘ ਘੁਬਾਇਆ ’ਤੇ ਹੀ ਵਿਸ਼ਵਾਸ ਜਤਾਉਂਦੇ ਹੋਏ ਉਮੀਦਵਾਰ ਬਣਾਇਆ ਗਿਆ ਹੈ। (Lok Sabha Seat Ferozepur)
Also Read : ਹਲਕਾ ਸੰਗਰੂਰ : ਪਿਛਲੇ ਲੰਮੇ ਸਮੇਂ ਤੋਂ ਅਧਵਾਟੇ ਲਟਕ ਰਹੇ ਨੇ ਹਲਕੇ ਦੇ ਲੋਕ-ਮਸਲੇ
ਸ਼ੇਰ ਸਿੰਘ ਘੁਬਾਇਆ ਪਹਿਲਾਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਉਸ ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ। ਕਾਂਗਰਸ ਨੂੰ ਉਮੀਦ ਹੈ ਕਿ ਇਸ ਸੀਟ ਨੂੰ ਸੁਖਬੀਰ ਬਾਦਲ ਦੀ ਗੈਰ ਹਾਜ਼ਰੀ ਵਿੱਚ ਸ਼ੇਰ ਸਿੰਘ ਘੁਬਾਇਆ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਸਕਦੇ ਹਨ। ਕਾਂਗਰਸ ਵੱਲੋਂ ਆਪਣੇ ਆਖਰੀ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਹੁਣ ਸਿਰਫ਼ ਭਾਜਪਾ ਹੀ ਇਹੋ ਜਿਹੀ ਪਾਰਟੀ ਹੈ, ਜਿਸ ਦੇ ਚਾਰ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਕਾਂਗਰਸ ਪਾਰਟੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ ਸਾਰੇ ਉਮੀਦਵਾਰ ਖੜ੍ਹੇ ਕੀਤੇ ਜਾ ਚੁੱਕੇ ਹਨ।