Kotkapura News: ਲਾੜੀ ਬਣ ਕੇ ਚੜਨਾ ਸੀ ਡੋਲੀ ਪਰ ਬਰਾਤ ਆਉਣ ਤੋਂ ਪਹਿਲਾਂ ਉੱਠੀ ਘਰ ’ਚੋਂ ਅਰਥੀ

Kotkapura News
Kotkapura News: ਲਾੜੀ ਬਣ ਕੇ ਚੜਨਾ ਸੀ ਡੋਲੀ ਪਰ ਬਰਾਤ ਆਉਣ ਤੋਂ ਪਹਿਲਾਂ ਉੱਠੀ ਘਰ ’ਚੋਂ ਅਰਥੀ

Kotkapura News: ਡੋਲੀ ਵਾਲੇ ਸੂਟ ’ਚ ਉੱਠੀ ਅਰਥੀ, ਪੂਰੇ ਇਲਾਕੇ ਚ ਸੋਗ ਦਾ ਮਾਹੌਲ

Kotkapura News: ਕੋਟਕਪੂਰਾ (ਅਜੈ ਮਨਚੰਦਾ)। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਆਪਣੀ ਧੀ ਦੀ ਡੋਲੀ ਤੋਰਨ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਿਆਹ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਂਅ ਪੂਜਾ ਪੁੱਤਰੀ ਹਰਜਿੰਦਰ ਸਿੰਘ ਸੀ, ਜੋ ਬਰਗਾੜੀ ਪਿੰਡ ਦੀ ਰਹਿਣ ਵਾਲੀ ਸੀ। ਉਸਦਾ ਰਿਸ਼ਤਾ ਨਜ਼ਦੀਕੀ ਪਿੰਡ ਰਾਊਕੇ ਦੇ ਇਕ ਨੌਜਵਾਨ ਨਾਲ ਹੋਇਆ ਸੀ, ਜੋ ਵਿਦੇਸ਼ ਵਿਚ ਰਹਿੰਦਾ ਸੀ। ਮੁੰਡੇ ਦੇ ਵਿਦੇਸ਼ ਹੋਣ ਕਰਕੇ ਦੋਵਾਂ ਪਰਿਵਾਰਾਂ ਨੇ ਕੁਝ ਸਮਾਂ ਪਹਿਲਾਂ ਵੀਡੀਓ ਕਾਲ ਰਾਹੀਂ ਹੀ ਦੋਵਾਂ ਦੀ ਮੰਗਣੀ ਕਰ ਦਿੱਤੀ।

Read Also : ਹਰ ਬੱਚੇ ਲਈ ‘ਸੁਪਨਿਆਂ ਦਾ ਰਨਵੇ’ ਬਣੇ ‘ਸਕੂਲ ਆਫ਼ ਐਮੀਨੈਂਸ’!

ਵਿਆਹ ਦੀ ਤਰੀਖ਼ ਤੈਅ ਹੋਣ ਤੋਂ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਚਾਵਾਂ ਨਾਲ ਤਿਆਰੀਆਂ ਕੀਤੀਆਂ ਗਈਆਂ। ਵਿਆਹ ਤੋਂ ਇਕ ਦਿਨ ਪਹਿਲਾਂ ਕੁੜੀ ਦੇ ਘਰ ਜਾਗੋ ਸਮਾਗਮ ਦੌਰਾਨ ਪੂਜਾ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਭੰਗੜਾ ਪਾਇਆ ਪਰ ਖੁਸ਼ੀਆਂ ਦੇ ਇਨ੍ਹਾਂ ਪਲਾਂ ਨੇ ਕੁਝ ਹੀ ਸਮੇਂ ਵਿਚ ਸੋਗ ਦਾ ਰੂਪ ਧਾਰ ਲਿਆ। ਰਾਤ ਦੇ ਲਗਭਗ 2 ਵਜੇ ਪੂਜਾ ਦੇ ਨੱਕ ਵਿੱਚੋਂ ਅਚਾਨਕ ਖੂਨ ਵਗਣਾ ਸ਼ੁਰੂ ਹੋ ਗਿਆ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

Kotkapura News

ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਸਾਰੇ ਪਿੰਡ ’ਚ ਮਾਤਮ ਦਾ ਮਾਹੌਲ ਬਣ ਗਿਆ। ਡੋਲੀ ਵਿੱਚ ਬੈਠਣ ਲਈ ਤਿਆਰ ਕੁੜੀ ਦੀ ਅਰਥੀ ਵੀ ਉਸੇ ਡੋਲੀ ਵਾਲੇ ਸੂਟ ਵਿਚ ਉੱਠੀ। ਇਹ ਗਮਗੀਨ ਪਲ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ। ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਰਿਸ਼ਤਾ ਬੱਝਣ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਬਹੁਤ ਖੁਸ਼ੀ ਸੀ ਅਤੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਪਰ ਬਰਾਤ ਆਉਣ ਤੋਂ ਇਕ ਰਾਤ ਪਹਿਲਾਂ ਹੀ ਪੂਜਾ ਨੂੰ ਦਿਲ ਦਾ ਦੌਰਾ ਪਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਿੰਡ ਬਰਗਾੜੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਸੋਗ ਛਾ ਗਿਆ ਹੈ।