ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗਲਤ ਲਿਖਣ ਖਿਲਾਫ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ

Shaheed Bhagat Singh

ਗੜਬੜੀ ਵਾਲੀ ਸਟੀਲ ਪਲੇਟ ਨੂੰ ਤੁਰੰਤ ਨਾ ਹਟਾਇਆ ਤਾਂ 9 ਜੁਲਾਈ ਨੂੰ ਪੰਜਾਬ ’ਚ ਰੋਸ ਪ੍ਰਦਰਸ਼ਨ ਕਰਾਂਗੇ : ਛਾਂਗਾ ਰਾਏ

ਫਿਰੋਜ਼ਪੁਰ (ਸਤਪਾਲ ਥਿੰਦ)। ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ (Shaheed Bhagat Singh) ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਵੱਲੋਂ 22 ਮਾਰਚ 1931 ਨੂੰ ਆਪਣੇ ਇਨਕਲਾਬੀ ਸਾਥੀਆਂ ਨੂੰ ਲਿਖੇ ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗਲਤ ਢੰਗ ਨਾਲ ਲਿਖ ਕੇ ਹੁਸੈਨੀ ਵਾਲਾ ਵਿਖੇ ਸਟੀਲ ਦੀ ਪਲੇਟ ਲਾਉਣ ਦੇ ਮਾਮਲੇ ਸੰਬੰਧੀ ਅੱਜ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਇਕ ਵਫਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ।

ਇੱਕ ਸ਼ਬਦ ਨਾਲ ਬਦਲਿਆ ਅਰਥ | Shaheed Bhagat Singh

ਇਸ ਵਫਦ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ ਅਤੇ ਜਿਲ੍ਹਾ ਆਗੂ ਗੁਰਦਿਆਲ ਢਾਬਾਂ ਨੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਜੋ ਅੰਤਿਮ ਪੱਤਰ ਆਪਣੇ ਸਾਥੀਆਂ ਨੂੰ ਲਿਖਿਆ ਗਿਆ ਸੀ ਵਿੱਚ ਮੂਲ ਰੂਪ ਵਿੱਚ ਦਰਜ ਹੈ ਕਿ ‘‘ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਇੰਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਹੋਵੇਗੀ।’’ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਸਟੀਲ ਦੀ ਪਲੇਟ ਉੱਤੇ ਲਿਖੀਆਂ ਸਤਰਾਂ ਵਿੱਚ ‘ਸਾਮਰਾਜਵਾਦ’ ਸ਼ਬਦ ਦੀ ਜਗ੍ਹਾ ’ਤੇ ‘ਸਮਾਜਵਾਦ’ ਸ਼ਬਦ ਲਿਖਿਆ ਹੋਇਆ ਹੈ ਜਿਹੜਾ ਕਿ ਭਗਤ ਸਿੰਘ ਵੱਲੋਂ ਕਹੀਆਂ ਉਕਤ ਸਤਰਾਂ ਦੇ ਅਰਥ ਬਦਲ ਕੇ ਭਗਤ ਸਿੰਘ ਦੀ ਵਿਚਾਰਧਾਰਾ ਬਿਲਕੁਲ ਉਲਟ ਕਰ ਦਿੰਦਾ ਹੈ।

ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਦੀ ਮੂਲ ਹੱਥ ਲਿਖਤ ਵਿੱਚ ਗੜਬੜੀ ਵਾਲੀ ਸਟੀਲ ਪਲੇਟ ਨੂੰ ਤੁਰੰਤ ਹਟਾਇਆ ਜਾਵੇ। ਇਸ ਮੌਕੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਨੂੰ ਇਤਿਹਾਸਿਕ ਅਜਾਇਬ ਬਣਾਇਆ ਜਾਵੇ ਜਿਸ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਲਾਇਬਰੇਰੀ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇ ਅਤੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਹੱਥ ਲਿਖਤਾਂ ਅਤੇ ਉਹਨਾਂ ਨਾਲ ਸੰਬੰਧਤ ਅਦਾਲਤੀ ਕੇਸਾਂ ਦੇ ਸੰਪੂਰਨ ਦਸਤਾਵੇਜਾਂ ਦਾ ਸੰਗ੍ਰਹਿ ਕਰਕੇ ਉਹਨਾਂ ਨੂੰ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਲਾਇਬਰੇਰੀ ਵਿੱਚ ਸੰਭਾਲ ਕੇ ਰੱਖਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਦਿੱਤਾ ਭਰੋਸਾ | Shaheed Bhagat Singh

ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਭੇਜਿਆ ਜਾਵੇਗਾ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੇ ਸ਼ਬਦਾਂ ਵਿੱਚ ਦਰੁਸਤੀ ਕਰਕੇ ਸਟੀਲ ਦੀ ਪਲੇਟ ਤੁਰੰਤ ਲਗਾਈ ਜਾਵੇਗੀ।

Also Read : ਦਿਨ-ਦਿਹਾੜੇ ਸ਼ਿਵ ਸੈਨਾ ਆਗੂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਦੇਣ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਥੀ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਉਹਨਾਂ ਦੇ ਵਫਦ ਵੱਲੋਂ ਡੀਸੀ ਨੂੰ ਇੱਕ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਸਟੀਲ ਦੀ ਪਲੇਟ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਗਈ ਹੈ ਪਰ ਜੇਕਰ ਉਕਤ ਸਟੀਲ ਦੀ ਪਲੇਟ ਤੁਰੰਤ ਨਹੀਂ ਬਦਲੀ ਜਾਂਦੀ ਤਾਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ 9 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਜ਼ਿਲਾ ਪ੍ਰਸ਼ਾਸਨ ਫਿਰੋਜ਼ਪੁਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਆਗੂ ਪ੍ਰਕਾਸ਼ ਮਾਦੀ ਕੇ, ਮਨਜੀਤ ਸਿੰਘ ਮਾਦੀ ਕੇ, ਐਡਵੋਕੇਟ ਕੀਰਤਨ ਸਿੰਘ ਬੋਹੜੀਆਂ, ਪਰਮਜੀਤ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here