ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈੱਲਫੇਅਰ ਟਰੱਸਟ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਕੋਟਕਪੂਰਾ ਵਿਖੇ ਪੈਨਸ਼ਨਰ ਭਵਨ ਬਨਾਉਣ ਦਾ ਫੈਸਲਾ

ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈੱਲਫੇਅਰ ਟਰੱਸਟ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਕੋਟਕਪੂਰਾ ਵਿਖੇ ਪੈਨਸ਼ਨਰ ਭਵਨ ਬਨਾਉਣ ਦਾ ਫੈਸਲਾ

ਕੋਟਕਪੂਰਾ (ਸੁਭਾਸ਼ ਸ਼ਰਮਾ)। ਪੰਜਾਬ ਪੈਨਸ਼ਨਰਜ਼ ਯੂਨੀਅਨ (ਏਟਕ) , ਜ਼ਿਲਾ ਫਰੀਦਕੋਟ ਵੱਲੋਂ ਪੈਨਸ਼ਨਰਾਂ ਦੀ ਭਲਾਈ ਦੇ ਮਨੋਰਥ ਨੂੰ ਮੁੱਖ ਰੱਖਦੇ ਹੋਏ ‘ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈੱਲਫੇਅਰ ਟਰੱਸਟ ਜ਼ਿਲ੍ਹਾ ਫ਼ਰੀਦਕੋਟ’ ਦੀ ਸਥਾਪਨਾ ਕੀਤੀ ਗਈ ਹੈ।

ਇਸ ਟਰੱਸਟ ਦੇ ਨਵੇਂ ਚੁਣੇ ਗਏ ਪ੍ਰਧਾਨ ਕੁਲਵੰਤ ਸਿੰਘ ਚਾਨੀ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ , ਜਨਰਲ ਸਕੱਤਰ ਅਸ਼ੋਕ ਕੌਸ਼ਲ ਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਟਰੱਸਟ ਵੱਲੋਂ ਆਜ਼ਾਦੀ ਸੰਗਰਾਮ ਦੇ ਇਨਕਲਾਬੀ ਦੇਸ਼ ਭਗਤਾਂ ਦੀ ਯਾਦ ਤਾਜ਼ਾ ਰੱਖਣਾ, ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿੱਚ ਚੇਤਨਾ ਦਾ ਪ੍ਰਸਾਰ ਕਰਨਾ ਅਤੇ ਪੈਨਸ਼ਨਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਕੋਟਕਪੂਰਾ ਵਿਖੇ ਪੈਨਸ਼ਨਰ ਭਵਨ ਦੀ ਉਸਾਰੀ ਕਰਕੇ ਮਿਹਨਤਕਸ਼ ਵਰਗ ਦੇ ਹਿੱਤਾਂ ਲਈ ਲਗਾਤਾਰ ਯਤਨਸ਼ੀਲ ਰਹਿਣਾ ਆਦਿ ਮਿੱਥੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਟਰੱਸਟ ਦੇ ਸਰਪ੍ਰਸਤ ਸਾਥੀ ਬਲਦੇਵ ਸਿੰਘ ਸਹਿਦੇਵ, ਵਿੱਤ ਸਕੱਤਰ ਇਕਬਾਲ ਸਿੰਘ ਮੰਘੇਡਾ, ਸਹਾਇਕ ਵਿੱਤ ਸਕੱਤਰ ਤਰਸੇਮ ਨਰੂਲਾ, ਮੀਤ ਪ੍ਰਧਾਨ ਗੁਰਚਰਨ ਸਿੰਘ ਮਾਨ ਤੇ ਸੁਖਚੈਨ ਸਿੰਘ ਥਾਂਦੇਵਾਲਾ, ਜੱਥੇਬੰਦਕ ਸਕੱਤਰ ਸੋਮ ਨਾਥ ਅਰੋਡਾ ਅਤੇ ਸੁਖਮੰਦਰ ਸਿੰਘ ਰਾਮਸਰ, ਪ੍ਰੈੱਸ ਸਕੱਤਰ ਮੁਖਤਿਆਰ ਸਿੰਘ ਮੱਤਾ ਤੂੰ ਇਲਾਵਾ ਲਖਵੀਰ ਸਿੰਘ ਸਰਾਂ, ਪਰਮਪਾਲ ਸਿੰਘ ਮਨੇਸ਼ , ਰਾਜਗੁਰੂ ਸ਼ਰਮਾ, ਹਾਕਮ ਸਿੰਘ ਤੇ ਇਕਬਾਲ ਸਿੰਘ ਗਿੱਲ, ਡੀ ਪੀ ਈ ਅਤੇ ਕੇਵਲ ਸਿੰਘ ਲੰਭਵਾਲੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਟਰੱਸਟ ਨੂੰ ਬਾਕਾਇਦਾ ਤੌਰ ’ਤੇ ਸਬ ਰਜਿਸਟਰਾਰ ਕੋਟਕਪੂਰਾ ਦੇ ਦਫ਼ਤਰ ਵਿੱਚ ਰਜਿਸਟਰਡ ਕਰਵਾ ਲਿਆ ਗਿਆ ਹੈ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਨਾਲ ਜੁੜੇ ਹੋਏ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੋਟਕਪੂਰਾ ਵਿਖੇ ਪੈਨਸ਼ਨਰ ਭਵਨ ਦੀ ਸਥਾਪਨਾ ਕਰਨ ਲਈ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਪਿੱਛੇ 243 ਵਰਗ ਗਜ ਥਾਂ ਦੀ ਵੀ ਖ਼ਰੀਦ ਕਰ ਕੇ ਰਜਿਸਟਰੀ ਕਰਵਾ ਲਈ ਗਈ ਹੈ।

ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਚਾਨੀ ਅਤੇ ਜਨਰਲ ਸਕੱਤਰ ਅਸ਼ੋਕ ਕੌਸ਼ਲ ਨੇ ਦੱਸਿਆ ਕਿ ਰਜਿਸਟਰਡ ਕਰਵਾਏ ਟਰੱਸਟ ਨਾਮੇ ਅਨੁਸਾਰ ਟਰੱਸਟੀਆਂ ਦੀ ਗਿਣਤੀ 51 ਤਕ ਹੋ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਹੀ ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈੱਲਫੇਅਰ ਟਰੱਸਟ ਜ਼ਿਲ੍ਹਾ ਫ਼ਰੀਦਕੋਟ ਦੇ ਅਹੁਦੇਦਾਰਾਂ ਦੀ ਮੀਟਿੰਗ ਕਰਕੇ ਪੈਨਸ਼ਨਰ ਭਵਨ ਦਾ ਨੀਂਹ ਪੱਥਰ ਰੱਖਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਅਗਲੀ ਕਾਰਜ ਯੋਜਨਾ ਉਲੀਕੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ