ਵਿਸ਼ਵ ਖੂਨ ਦਾਤਾ ਦਿਵਸ ’ਤੇ ਵਿਸ਼ੇਸ਼ ਰਿਪੋਰਟ :
ਖ਼ੂਨਦਾਨ ਕਰਨ ਵਾਲੀਆਂ 13 ਟੀਮਾਂ ’ਚ ਲਗਾਤਾਰ ਪਹਿਲੇ ਸਥਾਨ ’ਤੇ ਬਣੇ ਰਹਿਣ ਲਈ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ
ਆਕਲੈਂਡ (ਨਿਊਜ਼ੀਲੈਂਡ) (ਰਣਜੀਤ ਇੰਸਾਂ) ਵਿਸ਼ਵ ਖੂਨਦਾਤਾ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਸਾਊਥ ਆਕਲੈਂਡ ਦੇ ਮੈਨੁਕਾਊ ਐਨ. ਜੈਡ ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਨਾਲ ਕਰਦੇ ਹੋਏ ਸਾਧ-ਸੰਗਤ ਨੇ ਬਲੱਡ ਡੋਨਰ ਡੇਅ ਦੇ ਪੋਸਟਰਾਂ ਰਾਹੀਂ ਇਸ ਦਿਨ ਨੂੰ ਮਨਾਉਣ ਸਬੰਧੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਨਿਊਜ਼ੀਲੈਂਡ ਦੀ ਖ਼ੂਨਦਾਨ ਸੰਮਤੀ ਦੇ ਜ਼ਿੰਮੇਵਾਰ ਸੇਵਾਦਾਰਾਂ ਨਪਿੰਦਰ ਇੰਸਾਂ ਅਤੇ ਗੁਰਮਿੰਦਰ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਧ-ਸੰਗਤ ਵੱਲੋਂ 5 ਯੂਨਿਟ ਪਲਾਜਮਾ ਅਤੇ 6 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਕੈਂਪ ’ਚ ਸੇਵਾਦਾਰ ਵੀਰਾਂ ਦੇ ਨਾਲ-ਨਾਲ ਭੈਣਾਂ ਨੇ ਵੀ ਪੂਰੇ ਉਤਸ਼ਾਹ ਨਾਲ ਖੂਨ ਅਤੇ ਪਲਾਜਮਾ ਦਾਨ ਕੀਤਾ।
ਵਿਸ਼ਵ ਖੂਨਦਾਨੀ ਦਿਵਸ ਦੇ ਸਬੰਧ ਵਿੱਚ ਲਾਏ ਗਏ ਇਸ ਖੂਨਦਾਨ ਕੈਂਪ ਵਿੱਚ ਨਿਊਜ਼ੀਲੈਂਡ ਬਲੱਡ ਸਰਵਿਸ ਦੇ ਡੋਨਰ ਰੀਲੇਸ਼ਨ ਕੋਆਰਡੀਨੇਟਰ ਮੈਡਮ ਕੈਰਲ ਕੈਮਰੂਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਹਰ ਖੂਨਦਾਨੀ ਕੋਲ ਜਾ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਇਸ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਿਊਜ਼ੀਲੈਂਡ ਬਲੱਡ ਸਰਵਿਸ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਨਾਂਅ ਸਾਧ-ਸੰਗਤ ਨੂੰ ਪ੍ਰਸ਼ੰਸਾ ਪੱਤਰ ਅਤੇ ਸਾਲਾਨਾ ਰਿਪੋਰਟ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਸਰਟੀਫਿਕੇਟ ਦਰਸਾਉਂਦਾ ਹੈ ਕਿ ਫਰਵਰੀ 2021 ਤੋਂ ਮਾਰਚ 2022 ਤੱਕ ਕੁੱਲ 79 ਗਰੀਨ ਐਸ ਮੈਂਬਰਾਂ ਨੇ 417 ਯੂਨਿਟ ਖੂਨ ਅਤੇ 194 ਯੂਨਿਟ ਪਲਾਜਮਾ ਦਾਨ ਕੀਤਾ ਹੈ। ਤੁਹਾਡੇ ਵੱਲੋਂ ਦਿੱਤੇ ਖੂਨ ਅਤੇ ਪਲਾਜਮਾ ਨਾਲ ਲਗਭਗ 1445 ਜਾਨਾਂ ਬਚਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਇਸ ਰਿਪੋਰਟ ਦੀ ਇੱਕ ਵਿਸ਼ੇਸ਼ਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਿਊਜੀਲੈਂਡ ਬਲੱਡ ਸਰਵਿਸ ਵੱਲੋਂ ਡੋਨਰਾਂ ਦੀ ਬੁਕਿੰਗ ਲਈ ਇੱਕ ਐਪ ਬਣਾਈ ਗਈ ਹੈ ਜਿਸ ਵਿੱਚ ਇੱਕ ਰੈੱਡ ਟੀਮ ਦੀ ਆਪਸ਼ਨ ਹੈ। ਇਸ ਟੀਮ ਨੂੰ ਬਣਾਉਣ ਦਾ ਮਕਸਦ ਖੂਨਦਾਨੀਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਟੀਮ ਵਿੱਚ ਕੁੱਲ 13 ਟੀਮਾਂ ਰਜਿਸਟਰ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਦਾਨ ਦੀ ਸੰਖਿਆ ਦੇ ਆਧਾਰ ’ਤੇ ਰੈਂਕ ਦਿੱਤੇ ਜਾਂਦੇ ਹਨ। ਮੈਡਮ ਕੈਮਰੂਨ ਨੇ ਸੇਵਾਦਾਰਾਂ ਨੂੰ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਟੀਮ 13 ਟੀਮਾਂ ਵਿੱਚੋਂ ਫਰਵਰੀ 2021 ਤੋਂ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਲਗਾਤਾਰ ਪਹਿਲੇ ਸਥਾਨ ਤੇ ਚੱਲ ਰਹੀ ਹੈ
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਲਾਨਾ 30,000 ਯੂਨਿਟ ਖੂਨ ਦੀ ਲੋੜ ਸਿਰਫ ਨਿਊਜ਼ੀਲੈਂਡ ਵਿੱਚ ਪੈਂਦੀ ਹੈ ਜਿਸ ਲਈ ਸਿਰਫ 4 ਫੀਸਦੀ ਆਬਾਦੀ ਹੀ ਖੂਨ ਅਤੇ ਪਲਾਜਮਾ ਦਾਨ ਕਰਨ ਦੇ ਯੋਗ ਹੈ। ਇਸ ਲਈ ਸਾਡੀ ਨਿਰਭਰਤਾ ਤੁਹਾਡੇ ਵਰਗੇ ਦਾਨੀਆਂ ‘ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਅਤੇ ਤੁਹਾਡੇ ਤੋਂ ਉਮੀਦ ਕਰਦੀ ਹਾਂ ਕਿ ਤੁਹਾਡੀ ਟੀਮ ਇਸੇ ਤਰ੍ਹਾਂ ਵਧ-ਚੜ੍ਹ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਨੇਕ ਕਾਰਜ ਕਰਦੀ ਰਹੇਗੀ।
ਪੂਜਨੀਕ ਗੁਰੂ ਜੀ ਨੇ ਦਿੱਤਾ ਟਿ੍ਰਊ ਬਲੱਡ ਪੰਪ ਦਾ ਖਿਤਾਬ
ਕੈਂਪ ਦੀ ਸਮਾਪਤੀ ਮੌਕੇ ਸੇਵਾਦਾਰਾਂ ਵੱਲੋਂ ਇਸ ਵਿਸ਼ੇਸ਼ ਦਿਨ ਲਈ ਤਿਆਰ ਕਰਵਾਏ ਗਏ ਵਿਸ਼ੇਸ਼ ਕੇਕ ਨੂੰ ਸਟਾਫ ਨਾਲ ਮਿਲ ਕੇ ਕੱਟਦਿਆਂ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਖ਼ੂਨਦਾਨੀ ਸੇਵਾਦਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਨੂੰ ਟਿ੍ਰਊ ਬਲੱਡ ਪੰਪ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ ਅਤੇ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਇਸ ਪੰਪ ਦਾ ਹਿੱਸਾ ਹਾਂ ਅਤੇ ਇਹ ਪੰਪ ਪੂਰੀ ਦੁਨੀਆਂ ਵਿਚ ਮਾਨਵਤਾ ਦੀ ਸੇਵਾ ਲਈ ਆਪਣੀਆਂ ਸੇਵਾਵਾਂ ਦੇ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ