ਸੁਰੱਖਿਆ ‘ਤੇ ਸੁਰੱਖਿਆ : ਸਟਰਾਂਗ ਰੂਮ ਨੂੰ ‘ਆਪ’ ਵਾਲਿਆਂ ਨੇ ਜੜੇ ਜਿੰਦਰੇ

ਬਰਨਾਲਾ ਜੀਵਨ ਰਾਮਗੜ੍ਹ। ਵਿਧਾਨ ਸਭਾ ਚੋਣਾਂ 2017 ਦੀ ਵੋਟਿੰਗ ਤੋਂ ਬਾਅਦ ਈਵੀਐਮ ਮਸ਼ੀਨਾਂ ਬੇਸ਼ੱਕ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਸਖ਼ਤ ਸੁਰੱਖਿਆ ਹੇਠ ਬੰਦ ਹਨ ਪੰ੍ਰਤੂ ਫਿਰ ਵੀ ਮਸ਼ੀਨਾਂ ਦੀ ਸੁਰੱਖਿਆ ਨੂੰ ਲੈ ਕੇ ਸਭ ਤੋਂ ਜ਼ਿਆਦਾ ਫਿਕਰਮੰਦ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਕਿਸਮਤ ਅਜ਼ਮਾ ਰਹੀ ‘ਆਮ ਆਦਮੀ ਪਾਰਟੀ’ ਹੈ। ਬਰਨਾਲਾ ਜਿਲ੍ਹੇ ‘ਚ ਤਿੰਨੇ ਵਿਧਾਨ ਸਭਾ ਹਲਕਿਆਂ ਭਦੌੜ, ਮਹਿਲ ਕਲਾਂ ਤੇ ਬਰਨਾਲਾ ਦੀਆਂ ਈਵੀਐਮ ਮਸ਼ੀਨਾਂ ਸਥਾਨਕ ਐਜ਼ੂਕੇਸ਼ਨ ਕਾਲਜ ਵਿਖੇ ਸਖ਼ਤ ਸੁਰੱਖਿਆ ਤਹਿਤ ਬੰਦ ਹਨ। ਇਥੇ ਬਣੇ ਸਟਰਾਂਗ ਰੂਮ (Strong Room) ਦੀ ਤਿੰਨ ਪਰਤਾਂ ‘ਚ ਸੁਰੱਖਿਆ ਕੀਤੀ ਹੋਈ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਇੱਥੇ ਪਹਿਰਾ ਦੇ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ ਬਰਨਾਲਾ ਦੇ ਸਟਰਾਂਗ ਰੂਮ ਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਜਿੰਦਰੇ ਜੜ ਦਿੱਤੇ ਹਨ।

ਇਸ ਸਬੰਧੀ ਆਮ ਆਦਮੀਂ ਪਾਰਟੀ ਦੇ ਜ਼ਿਲ੍ਹਾ ਆਗੂ ਮਾਸਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਪਾਰਟੀ ਸਟਰਾਂਗ ਰੂਮ ਨੂੰ ਆਪਣਾਂ ਲੌਕ ਲਗਾ ਸਕਦੀ ਹੈ ਜਿਸ ਤਹਿਤ ਉਨਾਂ ਦੀ ਪਾਰਟੀ ਹਾਈ ਕਮਾਨ ਵੱਲੋਂ ਵੀ ਅਜਿਹਾ ਕਰਨ ਲਈ ਕਿਹਾ ਗਿਆ ਸੀ। ਜਿਸ ਤਹਿਤ ਉਨ੍ਹਾਂ ਬਰਨਾਲਾ ਵਿਖੇ ਸਟਰਾਂਗ ਰੂਮ ਨੂੰ ਆਪਣਾ ਜਿੰਦਰਾ ਲਗਾਇਆ ਹੈ ਅਤੇ ਇਸ ਤੋਂ ਇਲਾਵਾ ਪੇਪਰ ਸੀਲ ਵੀ ਲਗਾਈ ਗਈ ਹੈ। (Strong Room)

ਉਨਾਂ ਕਿਹਾ ਕਿ ਈਵੀਐਮ ਮਸ਼ੀਨਾਂ ਦੀ  ਸੁਰੱਖਿਆ ਨੂੰ ਲੈ ਕੇ ਪਾਰਟੀ ਕਿਸੇ ਵੀ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਜਿਸ ਕਾਰਨ ਉਨਾਂ ਦੇ ਵਲੰਟੀਅਰ ਸਿਫ਼ਟਾਂ ‘ਚ ਬਰਨਾਲਾ ਵਿਖੇ ਸਟਰਾਂਗ ਰੂਮ ‘ਤੇ ਪਹਿਰਾ ਦੇ ਰਹੇ ਹਨ। ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਥਾਨਕ 15 ਵਲੰਟੀਅਰਾਂ ਦੇ ਪ੍ਰਸਾਸ਼ਨ ਵੱਲੋਂ ਸਨਾਖ਼ਤੀ ਕਾਰਡ ਬਣਾਏ ਗਏ ਹਨ ਜੋ ਸਿਫ਼ਟਾਂ ਵਾਇਜ਼ ਰੋਜ਼ਾਨਾ ਸ਼ਾਮ 7 ਵਜੇ ਤੋਂ ਲੈ ਕੇ ਸਵੇਰ 7 ਵਜੇ ਤੱਕ ਪਹਿਰਾ ਦਿੰਦੇ ਹਨ।

ਰਾਤ ਨੂੰ ਅਚਾਨਕ ਬੰਦ ਹੋਈ ਸਕਰੀਨ ਨੇ ‘ਆਪ’ ਵਲੰਟੀਅਰਾਂ ਦੇ ਸਾਹ ਸੂਤੇ

ਲੰਘੀ ਰਾਤ ਜਦ 2 ਵਜੇ ਸਟਰਾਂਗ ਰੂਮ ਵਾਲੇ ਸੀਸੀਟੀਵੀ ਕੈਮਰਿਆਂ ਦੀ ਬਾਹਰ ਲੱਗੀ ਸਕਰੀਨ ਅਚਾਨਕ ਬੰਦ ਹੋ ਗਈ ਤਾਂ ਪਹਿਰਾ ਲਗਾ ਰਹੇ ਆਪ ਵਲੰਟੀਅਰ ਭੈਅ-ਭੀਤ ਹੋ ਗਏ। ਪਹਿਰਾ ਲਗਾ ਰਹੇ ਆਪ ਵਲੰਟੀਅਰ ਪੈਰੀ ਸਿੱਧੂ ਨੇ ਤੁਰੰਤ ਫੋਨ ਰਾਹੀਂ ਪਾਰਟੀ ਦੇ ਜ਼ਿਲ੍ਹਾ ਆਗੂ ਮਾਸਟਰ ਪ੍ਰੇਮ ਕੁਮਾਰ ਨੂੰ ਸੂਚਿਤ ਕੀਤਾ। ਰਾਤੋ-ਰਾਤ ਕੁਝ ਹੀ ਮਿੰਟਾਂ ‘ਚ ਆਪ ਆਗੂਆਂ ‘ਚ ਘੰਟੀਆਂ ਖੜਕ ਗਈਆਂ। ਇਸ ਸਬੰਧੀ ਤੁਰੰਤ ਰਿਟਰਨਿੰਗ ਅਫ਼ਸਰ ਨੂੰ ਸੂਚਿਤ ਕੀਤਾ ਗਿਆ।

ਜਿਨ੍ਹਾਂ ਤੁਰੰਤ ਸਕਰੀਨ ਦੇ ਬੰਦ ਹੋਣ ਸਬੰਧੀ ਮੌਕੇ ‘ਤੇ ਹਾਜ਼ਰ ਤਕਨੀਸ਼ੀਅਨ ਨੂੰ ਆਦੇਸ਼ ਦੇ ਕੇ ਇਸ ਨੂੰ ਜਲਦ ਚਲਾਉਣ ਲਈ ਕਿਹਾ। ਜਿਸਨੂੰ ਕਰੀਬ ਅੱਧੇ ਘੰਟੇ ਬਾਅਦ ਚਾਲੂ ਕੀਤਾ ਗਿਆ। ਸਕਰੀਨ ਚਾਲੂ ਹੋਣ ‘ਤੇ ਹੀ ਆਪ ਆਗੂਆਂ ਤੇ ਵਲੰਟੀਅਰਾਂ ਨੇ ਸੁਖ਼ ਦਾ ਸਾਹ ਲਿਆ। ਇਸੇ ਤਰਾਂ ਭਦੌੜ ਹਲਕੇ ਦੀਆਂ ਮਸ਼ੀਨਾਂ ਵਾਲੇ ਸਟਰਾਂਗ ਰੂਮ ਦੀ ਵੀ ਸਕਰੀਨ ਕੁਝ ਮਿੰਟਾਂ ਲਈ ਬੰਦ ਰਹੀ ਸੀ। ਇਸ ਸਬੰਧੀ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਮੈਡਮ ਅੰਮ੍ਰਿਤ ਸਿੰਘ ਨੇ ਕਿਹਾ ਕਿ ਸਕਰੀਨ ਕੁਝ ਹੀ ਮਿੰਟਾਂ ਬਾਅਦ ਚਾਲੂ ਕਰਵਾ ਦਿੱਤੀ ਸੀ ਅਤੇ ਇਸਦੇ ਬੰਦ ਹੋਣ ਦੇ ਕਾਰਨਾਂ ਦੀ ਤਕਨੀਸੀਅਨ ਜਾਂਚ ਕਰ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ