ਗੁੱਝੇ ਭੇਦ

ਗੁੱਝੇ ਭੇਦ

ਪੁਲਿਸ ਨੇ ਤਿੰਨ ਦਿਨ ਪਹਿਲਾਂ ਜਦੋਂ ਜਾਗਰ ਸਿੰਘ ਨੂੰ ਸੇਠ ਵਕੀਲ ਦਾਸ ਦੇ ਕਤਲ ਦੇ ਕੇਸ ਵਿੱਚ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਸਨੂੰ ਤੇ ਉਸਦੇ ਸਾਥੀ ਬਲਕਾਰ ਸਿੰਘ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦੀ ਗੱਡੀ ਵਿੱਚ ਬੈਠਾ ਜਾਗਰ ਸਿੰਘ ਸੋਚ ਰਿਹਾ ਸੀ ਕਿ ਜੇ ਉਸਨੇ 5 ਸਾਲ ਪਹਿਲਾ ਵਾਂਗ ਹੀ ਅਜੇ ਵੀ ਆਪਣਾ ਭੇਦ ਗੁਪਤ ਰੱਖਿਆ ਹੁੰਦਾ ਤਾਂ ਉਸਨੂੰ ਆਹ ਦਿਨ ਨਾ ਵੇਖਣਾ ਪੈਂਦਾ। ਸੋਚਾਂ ਸੋਚਦਾ-ਸੋਚਦਾ ਉਹ 5 ਸਾਲ ਪਿਛਾਂਹ ਚਲਾ ਗਿਆ।

ਉਸ ਵਿਚਾਰੇ ਸੇਠ ਦਾ ਕੀ ਕਸੂਰ ਸੀ ਆਖਿਰ ਉਹ ਆਪਣੇ ਉਧਾਰ ਦਿੱਤੇ ਸੌਦੇ ਦੇ ਪੈਸੇ ਹੀ ਤਾਂ ਮੰਗਣ ਆਇਆ ਸੀ। ਮੇਰੇ ਪਰਿਵਾਰ ਦਾ ਉਹਦੇ ਨਾਲ 20 ਸਾਲ ਦਾ ਵਾਹ-ਵਾਸਤਾ ਸੀ ਆਖਰ। ਜੇ ਸੇਠ ਪੈਸੇ ਲੈਣ ਆਇਆ ਕੁਝ ਗਰਮ ਬੋਲ ਵੀ ਗਿਆ ਸੀ ਤਾਂ ਮੈਨੂੰ ਐਨਾ ਵੱਡਾ ਅਪਰਾਧ ਨਹੀਂ ਸੀ ਕਰਨਾ ਚਾਹੀਦਾ। ਉਹ ਵੀ ਦਿਨ ਸੀ ਜਦੋਂ ਸੇਠ ਗਰੀਬੀ ਦੇ ਦਿਨਾਂ ਵਿੱਚ ਮੇਰੇ ਕੰਮ ਆਇਆ ਸੀ। ਮੇਰੇ ’ਤੇ ਵਿਸ਼ਵਾਸ ਕਰਦਾ ਸੀ ਤਾਂ ਹੀ ਤਾਂ 20-20 ਹਜ਼ਾਰ ਦਾ ਸੌਦਾ ਬਿਨਾ ਕਿਸੇ ਡਰ-ਭੈਅ ਤੋਂ ਮੈਨੂੰ ਚੁਕਾ ਦਿੰਦਾ ਸੀ। 20 ਹਾੜ ਦਾ ਉਹ ਸਮਾਂ ਜਾਗਰ ਦੀਆਂ ਅੱਖਾਂ ਮੂਹਰੇ ਵਾਰ-ਵਾਰ ਆ ਰਿਹਾ ਸੀ

ਜਦੋਂ ਆਪਣੇ ਸਾਥੀ ਬਲਕਾਰ ਨਾਲ ਉਹ ਖੇਤ ਵਿੱਚ ਨਰਮਾ ਗੋਡ ਰਿਹਾ ਸੀ ਤਾਂ ਉਧਾਰ ਦੇ ਪੈਸੇ ਲੈਣ ਆਏ ਸੇਠ ਵੱਲੋਂ ਕੁਝ ਗਰਮ ਬੋਲਣ ’ਤੇ ਹੀ ਉਸਨੇ ਬਲਕਾਰ ਨਾਲ ਰਲ ਕੇ ਸੇਠ ਵਕੀਲ ਦਾਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਆਪਣੇ ਗੁਨਾਹ ਨੂੰ ਛੁਪਾਉਣ ਲਈ ਉਸ ਨੇ ਬਲਕਾਰ ਨਾਲ ਰਲ ਕੇ ਹੀ ਸੇਠ ਵਕੀਲ ਦਾਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਡੂੰਘੀ ਛੱਪੜੀ ਵਿੱਚ ਸੁੱਟ ਦਿੱਤਾ ਸੀ। ਉਸ ਸਮੇਂ ਸੇਠ ਵਕੀਲ ਦਾਸ ਦੀ ਚਾਰ-ਚੁਫੇਰੇ ਭਾਲ ਕੀਤੀ ਗਈ ਸੀ ਪਰ ਕੋਈ ਥਹੁ-ਪਤਾ ਨਹੀਂ ਸੀ ਲੱਗ ਸਕਿਆ।

ਆਖਰ 5 ਸਾਲ ਦਾ ਸਮਾਂ ਬੀਤ ਗਿਆ। ਕੁਝ ਦਿਨ ਪਹਿਲਾਂ ਜਦੋਂ ਜਾਗਰ ਦੀ ਲੜਾਈ ਆਪਣੇ ਗੁਆਂਢੀ ਚਰਨੇ ਨਾਲ ਹੋਈ ਤਾਂ ਲੜਦਿਆਂ-ਲੜਦਿਆਂ ਹੀ ਜਾਗਰ ਦੇ ਮੂੰਹੋਂ ਅਚਾਨਕ ਨਿੱਕਲ ਗਿਆ ਕਿ ਉਸਨੇ ਤਾਂ ਸੇਠ ਵਕੀਲ ਦਾਸ ਵਰਗੇ ਮਾਰ ਕੇ ਖਪਾ ਦਿੱਤੇ ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਨਿੱਕਲਿਆ ਤੇ ਚਰਨਿਆਂ ਤੂੰ ਕਿਹੜੇ ਬਾਗ ਦੀ ਮੂਲੀ ਐਂ? ਚਰਨਾ ਉਸਦੇ ਮੂੰਹੋਂ ਨਿੱਕਲੀ ਇਸ ਭੇਦ ਦੀ ਗੱਲ ਨੂੰ ਲੈ ਕੇ ਥਾਣੇ ਪਹੁੰਚ ਗਿਆ ਸੀ। ਉਸੇ ਪਲ ਹੀ ਜਾਗਰ ਦੇ ਵਿਹੜੇ ਵਿੱਚ ਪੁਲਿਸ ਆ ਪਹੁੰਚੀ ਸੀ। ਜਾਗਰ ਨੂੰ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਫਿਰ ਰਿਮਾਂਡ ਲਿਆ ਗਿਆ।

ਰਿਮਾਂਡ ਦੌਰਾਨ ਹੀ ਜਾਗਰ ਨੇ ਸੇਠ ਵਕੀਲ ਦਾਸ ਦੇ ਕਤਲ ਦੇ ਸਾਰੇ ਭੇਦ ਖੋਲੇ੍ਹ ਤੇ ਇਸ ਕਤਲ ਵਿੱਚ ਉਸਦੇ ਨਾਲ ਬਲਕਾਰ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਕੀਤਾ ਸੀ। ‘ਓ ਚੱਲ ਉੱਠ ਕੇ ਹੁਣ ਜੀਪ ’ਚ ਈ ਬੈਠਾ ਰਹੇਂਗਾ’ ਥਾਣੇਦਾਰ ਨੇ ਜਾਗਰ ਨੂੰ ਹਲੂਣਿਆ। ਉਹ ਇੱਕਦਮ ਤਿ੍ਰਭਕਿਆ। ਪੁਲਿਸ ਨੇ ਦੋਨਾਂ ਨੂੰ ਫੜਕੇ ਜੇਲ੍ਹ ਵਿੱਚ ਸੁੱਟ ਦਿੱਤਾ। ‘ਭੇਦ ਤਾਂ ਉਨਾ ਚਿਰ ਈ ਹੁੰਦੈ ਜਿੰਨਾ ਚਿਰ ਗੁੱਝਾ ਰਹਿ ਜੇ, ਪਰ ਇਹ ਬਹੁਤੀ ਦੇਰ ਰਹਿੰਦਾ ਨੀ ਬਲਕਾਰਿਆ ਸੱਚ ਕਿੱਥੇ ਛੁਪਦੈ, ਆਖਿਰ ਨੂੰ ਸੱਚਾਈ ਸਾਹਮਣੇ ਆ ਕੇ ਈ ਰਹਿੰਦੀ ਐ।’ ਇਹ ਕਹਿੰਦਿਆਂ ਹੀ ਜਾਗਰ ਦੀ ਧਾਹ ਨਿੱਕਲ ਗਈ ਤੇ ਉਹ ਜੇਲ੍ਹ ਦੇ ਇੱਕ ਖੂੰਜੇ ਵਿੱਚ ਪਈ ਬੋਰੀ ’ਤੇ ਜਾ ਬੈਠਾ।
ਜਗਤਾਰ ਸਮਾਲਸਰ, ਐਲਨਾਬਾਦ, ਸਿਰਸਾ (ਹਰਿਆਣਾ)
ਮੋੋ. 94670-95953

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ