ਮਾਨਸਾ/ਬਰੇਟਾ (ਸੁਖਜੀਤ ਮਾਨ/ਕ੍ਰਿਸ਼ਨ ਭੋਲਾ)। ਕਸਬਾ ਬਰੇਟਾ ਵਿੱਚ ਬਣੇ ਲੜਕੀਆਂ ਦੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਹੋਸਟਲ ਦੀ ਸਕੱਤਰ ਸ਼ਸ਼ੀ ਬਾਲਾ ਨੂੰ ਚੌਕਸੀ ਵਿਭਾਗ ਮਾਨਸਾ ਦੀ ਟੀਮ ਵੱਲੋਂ ਗਬਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ. ਸ਼ਸ਼ੀ ਬਾਲਾ ਖਿਲਾਫ ਵਿਜੀਲੈਂਸ ਥਾਣਾ ਬਠਿੰਡਾ (Vigilance) ਵਿਖੇ ਮਾਮਲਾ ਦਰਜ਼ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ‘ਤੇ ਜ਼ਿਲ੍ਹਾ ਜ਼ੇਲ੍ਹ ‘ਚ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਹੋਸਟਲ ਦੀ ਸਕੱਤਰ ਸ਼ਸ਼ੀ ਬਾਲਾ ਵੱਲੋਂ ਹੋਸਟਲ ਲਈ ਆਈਆਂ ਸਰਕਾਰੀ ਗ੍ਰਾਂਟਾ ਵਿੱਚ ਗਬਨ ਦੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਮਾਨਸਾ ਵੱਲੋਂ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸੱਤਪਾਲ ਸਿੰਘ ਨੇ ਦੱਸਿਆ ਕਿ ਸਾਲ 2015 ਦੌਰਾਨ ਇਸ ਹੋਸਟਲ ਦੀ ਚਾਰਦਿਵਾਰੀ, ਸੀਵਰੇਜ਼ ਦੀਆਂ ਪਾਇਪਾਂ ਗਰਾਂਊਡ ਵਿੱਚ ਮਿੱਟੀ ਵਗੈਰਾ ਪਾਉਣ ਲਈ ਸੱਤ ਲੱਖ ਛੇ ਹਜ਼ਾਰ ਰੁਪਏ ਦੀ ਰਾਸ਼ੀ ਦੀ ਸਰਕਾਰੀ ਗ੍ਰਾਂਟ ਆਈ ਸੀ।
ਉਨ੍ਹਾਂ ਦੱਸਿਆ ਕਿ ਹੋਸਟਲ ਵਿੱਚ ਕਰਵਾਏ ਗਏ ਕੰਮਾਂ ਸਬੰਧੀ ਵਿਜੀਲੈਂਸ ਟੀਮ (Vigilance) ਵੱਲੋਂ ਚੈਕਿੰਗ ਕੀਤੀ ਗਈ ਸੀ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਖਰਚ ਕੀਤੀ ਗਈ ਸਰਕਾਰੀ ਰਾਸ਼ੀ ‘ਚੋਂ ਤਿੰਨ ਲੱਖ ਚਾਲੀ ਹਜ਼ਾਰ ਨੌ ਸੌ ਤਰਾਸੀ ਰੁਪਏ 21 ਪੈਸਿਆਂ ਦਾ ਗਬਨ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਵਿਜੀਲੈਂਸ ਬਠਿੰਡਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਸ਼ਸ਼ੀ ਬਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਸ਼ਸ਼ੀ ਬਾਲਾ ਸਕੱਤਰ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਸਕੱਤਰ ਨੂੰ 14 ਦਿਨਾਂ ਜੁਡੀਸ਼ੀਅਲ ਰਿਮਾਂਡ ‘ਤੇ ਜ਼ਿਲ੍ਹਾ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ ਸਕੱਤਰ ਨੂੰ ਗ੍ਰਿਫ਼ਤਾਰ ਕਰਨ ਵਾਲੀ ਚੌਕਸੀ ਵਿਭਾਗ ਦੀ ਟੀਮ ਵਿੱਚ ਰੀਡਰ ਭੁਪਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਰਾਜਦੀਪ ਕੌਰ ਵੀ ਮੌਜੂਦ ਸਨ।
ਕੰਪਿਊਟਰ ਕੋਰਸ ‘ਚ ਵੀ ਲਾਈ ‘ਘਪਲੇ ਦੀ ਕਮਾਂਡ’
ਚੌਕਸੀ ਵਿਭਾਗ ਵੱਲੋਂ ਕੀਤੀ ਗਈ ਜਾਂਚ ‘ਚ ਜਿੱਥੇ ਸਕੱਤਰ ਸ਼ਸ਼ੀ ਬਾਲਾਂ ਵੱਲੋਂ ਹੋਸਟਲ ਦੇ ਵੱਖ-ਵੱਖ ਕਾਰਜਾਂ ਲਈ ਆਈਆ ਗ੍ਰਾਂਟਾ ‘ਚ ਗਬਨ ਕੀਤਾ ਗਿਆ ਉੱਥੇ ਹੀ ਉਸਨੇ ਸਾਲ 2015-2016 ਦੌਰਾਨ ਐਪਲ ਕੰਮਪਿਊਟਰ ਕੋਰਸ ਦੇ ਨਾਂਅ ‘ਤੇ ਵੀ ਘਪਲੇ ਦੀ ਕਮਾਂਡ ਲਗਾ ਦਿੱਤੀ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋਸਟਲ ‘ਚ ਇਹ ਕੋਰਸ ਕਰਵਾਇਆ ਵੀ ਨਹੀਂ ਗਿਆ ਪਰ ਸਰਟੀਫਿਕੇਟ ਜਾਰੀ ਕਰਵਾਕੇ ਗਲਤ ਪੇਮਂੈਟ ਕਰ ਦਿੱਤੀ ਜਿਸਦੇ ਬਿੱਲ ਵੀ ਫਰਜ਼ੀ ਤਿਆਰ ਕਰਵਾਏ ਗਏ ਸਨ।