ਪੰਜਾਬ ਵਿੱਚ ਇਨ੍ਹੀਂ ਦਿਨੀਂ ਬਗਲਿਆਂ ਦੀ ਭਰਮਾਰ ਹੈ (ਮਾਲਵਾ ਖਿੱਤੇ ‘ਚ ਖਾਸ ਕਰਕੇ), ਇਹ ਛੇ ਮਹੀਨੇ ਬਾਅਦ ਆਉਂਦੇ ਨੇ, ਇਹ ਅਸਮਾਨੀ ਬਗਲੇ ਹਨ, ਇਨਸਾਨੀ ਨਹੀਂ ਇਹ ਸੱਚ ਹੈ ਕਿ ਕੁਝ ਬਗਲੇ ਧਰਤੀ ‘ਤੇ ਵੀ ਫਿਰਦੇ ਨੇ, ਇਹ ਅਸਮਾਨੀ ਬਗਲਿਆਂ ਤੋਂ ਬੜੇ ਭਿੰਨ ਹਨ ਅਸਮਾਨੀ ਬਗਲੇ ਚਿੱਟਮ-ਚਿੱਟੇ ਹਨ, ਦੁੱਧ ਧੋਤੇ ਧਰਤੀ ਉੱਤੇ ਫਿਰਨ ਵਾਲੇ ਬਗਲੇ ਰੰਗ-ਬਰੰਗੇ ਹਨ ਧਰਤੀ ਉੱਤੇ ਫਿਰਦੇ ਬਹੁਤੇ ਬਗਲੇ ਵੋਟਾਂ ਵੇਲੇ ਨਿੱਕਲਦੇ ਨੇ ਜਾਂ ਫਿਰ ਨੋਟਾਂ ਵੇਲੇ, ਫਿਰ ਅਚਾਨਕ ਛਾਂਈ-ਮਾਂਈ ਹੋ ਜਾਂਦੇ ਨੇ, ਫਿਰ ਜਦੋਂ ਇਨ੍ਹਾਂ ਦੀ ਅਸਲੀ ਰੁੱਤ ਆਉਂਦੀ ਹੈ ਤਾਂ ਆਣ ਬਹੁੜੀਆਂ ਘੱਤਦੇ ਨੇ ਚਲੋ ਖੈਰ! ਆਪਾਂ ਇਨਸਾਨੀ ਬਗਲਿਆਂ ਦੀ ਗੱਲ ਕਿਸੇ ਹੋਰ ਸਮੇਂ ‘ਤੇ ਛੱਡੀਏ ਤੇ ਅਸਮਾਨੀ ਬਗਲਿਆਂ ਦੀ ਗੱਲ ਸਿਰੇ ਲਾਈਏ ਜੇ ਇਨਸਾਨੀ ਬਗਲੇ ਚਤੁਰ ਤੇ ਚੁਸਤ ਹਨ ਤਾਂ ਅਸਮਾਨੀ ਬਗਲੇ ਵੀ ਇਨ੍ਹਾਂ ਤੋਂ ਰਤਾ ਵੀ ਘੱਟ ਨਹੀਂ
ਮੀਂਹ ਪੈ ਕੇ ਹਟਿਆ ਹੀ ਸੀ ਤੇ ਮੌਸਮ ਵੀ ਹਾਲੇ ਨਹੀਂ ਸੀ ਨਿੱਖਰਿਆ ਸਾਰੇ ਗਲੀ-ਗੁਆਂਢ ‘ਚ ਰੌਲ਼ਾ ਪੈਣ ਲੱਗਿਆ ਕਿ ਬਗਲੇ ਫਿਰ ਆ ਗਏ, ਬਈ ਬਗਲੇ ਆ ਗਏ ਨੇ, ਅਹੁ ਵੇਖੋ, ਬਗਲੇ ਆ ਬੈਠੇ ਨੇ, ਕਿੱਕਰਾਂ ਉੱਤੇ ਸਾਡੇ ਮਾਲਵੇ ਖਿੱਤੇ ਵਿੱਚ ਪਹਾੜੀ ਕਿੱਕਰਾਂ ਦੀ ਬਹੁਤਾਤ ਹੈ ਹੁਣ ਤੁੱਕਿਆਂ ਵਾਲੀਆਂ ਤੇ ਖੱਟੇ ਵਾਸ਼ਨੀ ਫੁੱਲਾਂ ਵਾਲੀਆਂ ਕਿੱਕਰਾਂ ਦੀ ਨਸਲ ਖਤਮ ਹੋ ਰਹੀ ਹੈ ਤੇ ਪਹਾੜੀ ਕਿੱਕਰਾਂ ਨੇ ਥਾਂ-ਥਾਂ ਆਪਣੇ ਪੈਰ ਪਸਾਰ ਲਏ ਨੇ ਤੁੱਕਿਆਂ ਵਾਲੀਆਂ ਕਿੱਕਰਾਂ ਜਿਵੇਂ ਕਹਿ ਰਹੀਆਂ ਹੋਣ ਕਿ ਹੁਣ ਸਾਡਾ ਏਥੇ ਕੀ ਕੰਮ ਹੁਣ ਬੰਦਾ ਆਪੇ ਤੁੱਕੇ ਲਾਈ ਜਾਂਦਾ ਹੈ
ਇਨ੍ਹਾਂ ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਬੜਾ ਸਵਾਦੀ ਹੁੰਦਾ ਸੀ ਤੇ ਖੱਟੇ-ਖੱਟੇ ਫੁੱਲਾਂ ਦੀ ਵਾਸ਼ਨਾ ਅੱਜ ਵੀ ਯਾਦ ਆ ਰਹੀ ਹੈ ਤੇ ਇਹ ਪਹਾੜੀ ਕਿੱਕਰਾਂ ਸਿਵਾਏ ਦੁੱਖ ਦੇਣ ਤੋਂ ਹੋਰ ਕੱਖ ਵੀ ਨਹੀਂ ਦੇਂਦੀਆਂ ਨਾ ਸੁੱਕਦੀਆਂ ਨੇ ਨਾ ਮੁੱਕਦੀਆਂ ਨੇ, ਜਿੰਨਾ ਮਰਜ਼ੀ ਤੇਜ਼ ਹਨ੍ਹੇਰ ਵੀ ਆ ਜਾਏ, ਨਾ ਡਿੱਗਦੀਆਂ ਨੇ ਬੇਢਬੀਆਂ ਜਿਹੀਆਂ , ਆਪ ਮੁਹਾਰੀਆਂ ਜਿਹੀਆਂ ਕੋਈ ਆਜੜੀ ਕਹਿਣ ਲੱਗਿਆ ਕਿ ਇਹ ਬੱਕਰੀਆਂ ਦੀਆਂ ਮੀਂਗਣਾਂ ਤੋਂ ਉੱਗਦੀਆਂ ਨੇ ਸੋ ਸਾਡੇ ਆਢ-ਗੁਆਂਢ ਤਾਂ ਬੱਕਰੀਆਂ ਵੀ ਬਹੁਤ ਨੇ ਸਵੇਰੇ ਗੁਰਦਵਾਰੇ ਪਾਠੀ ਹਾਲੇ ਬੋਲਿਆ ਨਹੀਂ ਹੁੰਦਾ, ਲਾਗਲੇ ਮੇਜਰ ਕੇ ਵਾੜੇ ਵਿੱਚੋਂ ਬੱਕਰੀਆਂ ਦੀ ਬੈਂ-ਬੈਂ ਪਹਿਲਾਂ ਸੁਣਨ ਲੱਗ ਪੈਂਦੀ ਹੈ
ਮੇਰੇ ਚੁਬਾਰੇ ਦੇ ਨੇੜੇ ਕਰਕੇ ਇੱਕ ਵੱਡੀ ਪਹਾੜੀ ਕਿੱਕਰ ਖਾਸਾ ਫੈਲੀ ਹੋਈ ਹੈ, ਮੇਰੇ ਚੁਬਾਰੇ ਦੇ ਵਿਹੜੇ ਤੋਂ ਬਿਨਾਂ ਆਂਢ-ਗੁਆਂਢ ਦੇ ਵਿਹੜਿਆਂ ਤੱਕ ਤੇ ਗਲੀ ਦੇ ਵਿਚਕਾਰ ਵੀ ਫੈਲੀ ਹੋਈ ਹੈ ਇਸ ਪਹਾੜੀ ਕਿੱਕਰ ਉੱਤੇ ਬੈਠੇ ਬਗਲਿਆਂ ਤੋਂ ਮੈਂ ਵੀ ਪੀੜਤ ਹਾਂ ਇਹ ਬਗਲੇ ਪਹਿਲਾਂ ਕਦੀ ਨਹੀਂ ਸਨ ਬਹੁੜੇ ਹੁਣੇ ਈ ਆਉਣ ਲੱਗੇ ਨੇ, ਤਿੰਨ ਕੁ ਵਰ੍ਹਿਆਂ ਤੋਂ ਮੈਂ ਬੜੀ ਰੀਝ ਨਾਲ ਵੇਖਿਆ ਹੈ
ਅਸਮਾਨੀ ਬਗਲੇ ਹਮੇਸ਼ਾ ਕੰਡਿਆਲੇ ਰੁੱਖਾਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਨੇ ਤੇ ਆਂਡੇ ਦੇ ਕੇ ਬੱਚੇ ਕੱਢਦੇ ਨੇ ਗਰਮੀ ਮੁੱਕਣ ‘ਤੇ ਬੱਚੇ ਪੰਖੇਰੂ ਹੋਣ ‘ਤੇ ਵਤਨਾਂ ਵੱਲ ਉਡਾਰੀ ਮਾਰ ਜਾਂਦੇ ਨੇ ਇਹ ਕੰਡਿਆਲੇ ਰੁੱਖਾਂ ਉੱਤੇ ਇਸ ਕਾਰਨ ਆਲ੍ਹਣੇ ਬਣਾਉਂਦੇ ਨੇ ਕਿ ਇੱਕ-ਇੱਕ ਤੀਲਾ-ਤੀਲਾ ਇਕੱਠਾ ਕਰਕੇ ਚਿਣਦਿਆਂ-ਕਰਦਿਆਂ ਤੀਲੇ ਕੰਢਿਆਂ ਵਿੱਚ ਫਸਣ ਕਾਰਨ ਆਲ੍ਹਣਾ ਸੌਖਾ ਤੇ ਮਜ਼ਬੂਤ ਬਣ ਜਾਂਦਾ ਹੈ
ਦੂਜਾ ਇਹ ਕਿ ਕੰਡਿਆਲੇ ਰੁੱਖ ਉੱਤੇ ਕੋਈ ਜਨੌਰ ਇਨ੍ਹਾਂ ਦੇ ਆਂਡਿਆਂ ਜਾਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਚੜ੍ਹਦਾ ਤੀਜਾ, ਇਹ ਕਿ ਜਿਹੜੇ ਰੁੱਖ ‘ਤੇ ਇੱਕ ਵਾਰੀ ਇਹ ਆ ਬੈਠੇ, ਹਰ ਸਾਲ ਉਸੇ ਉੱਤੇ ਹੀ ਆ ਕੇ ਆਲ੍ਹਣਾ ਪਾਉਣਗੇ, ਕਿਧਰੇ ਹੋਰ ਨਹੀਂ ਜਾਣਗੇ ਇਹ ਸੋਚ ਕੇ ਤੇ ਦੇਖ ਕੇ ਹੈਰਾਨ ਹੁੰਦਾ ਹਾਂ ਕਿ ਇਨ੍ਹਾਂ ਨੂੰ ਇਉਂ ਇਨ੍ਹਾਂ ਕਿੱਕਰਾਂ ਦੇ ਸਿਰਨਾਵੇਂ ਕਿਵੇਂ ਚੇਤੇ ਰਹਿ ਜਾਂਦੇ ਨੇ? ਇਨ੍ਹਾਂ ਦਾ ਮੁਸ਼ਕ ਬੜਾ ਹੀ ਭੈੜਾ ਹੈ
ਨੱਕ ਨੂੰ ਬਹੁਤ ਹੀ ਬੁਰੀ ਤਰ੍ਹਾਂ ਚੜ੍ਹਦਾ ਹੈ, ਜਿੱਥੇ ਇਹ ਆਲ੍ਹਣੇ ਪਾਉਂਦੇ ਹਨ, ਉਥੇ ਨੇੜੇ-ਤੇੜੇ ਲੋਕਾਂ ਦਾ ਰਹਿਣਾ ਦੁੱਭਰ ਹੋ ਜਾਂਦਾ ਹੈ ਇਨ੍ਹਾਂ ਦਿਨਾਂ ਵਿੱਚ ਮੀਂਹਾਂ ਦੀ ਭਾਰੀ ਆਮਦ ਹੁੰਦੀ ਹੈ ਜਦੋਂ ਮੀਂਹ ਆਉਂਦਾ ਹੈ, ਇਹ ਬਗਲੇ ਰਲ-ਮਿਲ਼ ਕੇ ਬੜੀ ਭੈੜੀ ਬੋਲੀ ਬੋਲਦੇ ਹਨ, ‘ਚੁਰ…ਚੁਰ…ਚੁਰ..ਕੁਰੜ…ਕੁਰੜ..ਕੁਰੜ!’
ਦਰਖੱਤ ਦੇ ਹੇਠਾਂ ਬਿੱਠਾਂ ਦੇ ਢੇਰ ਹੁੰਮਸ ਵਧਣ ਨਾਲ ਹੋਰ ਵੀ ਔਖਾ ਹੋ ਜਾਂਦਾ ਹੈ ਲੋਕ ਹਾਰ ਕੇ ਇਨ੍ਹਾਂ ਨੂੰ ਡਲੇ-ਵੱਟੇ ਮਾਰ ਕੇ, ਰੁੱਖਾਂ ਦੀਆਂ ਟਾਹਣੀਆਂ ਵੱਢ ਕੇ ਭਜਾਉਣ ਦਾ ਯਤਨ ਕਰਦੇ ਨੇ ਪਰ ਇਹ ਬਗਲੇ ਢੀਠ ਹਨ ਪੂਰੇ ਮੈਂ ਹਰ ਸਾਲ ਇਨ੍ਹਾਂ ਨੂੰ ਨੇੜਿਉਂ ਦੇਖਦਾ ਤੇ ਜਾਣਦਾ ਹਾਂ ਮੈਨੂੰ ਵੀ ਇਹ ਡਾਹਢਾ ਦੁੱਖ ਦਿੰਦੇ ਹਨ ਮੇਰੇ ਚੁਬਾਰਿਆਂ ਦੇ ਬੂਹੇ ਬੰਦ ਹੋ ਜਾਂਦੇ ਨੇ, ਕਿਸੇ ਮਹਿਮਾਨ ਨੂੰ ਘਰੇ ਨਹੀਂ ਵਾੜਦਾ
ਮੈਨੂੰ ਮੇਰੇ ਪਿੰਡ ਦੇ ਇੱਕ ਬਜ਼ੁਰਗ ਤਾਏ ਪ੍ਰੀਤਮ ਸਿੰਘ ਨੇ ਦੱਸਿਐ ਕਿ ਇਹ ਬੱਚੇ ਕੱਢ ਕੇ, ਉਡਾਰੂ ਕਰਕੇ ਨਾਲ ਹੀ ਉਡਾ ਕੇ ਲੈ ਜਾਂਦੇ ਨੇ, ਦੂਰੋਂ ਆਏ ਬੁੱਢੇ ਬਗਲੇ ਰਾਹ ਵਿੱਚ ਥੱਕ ਹਾਰ ਕੇ ਜਾਂ ਬਿਮਾਰ ਹੋ ਕੇ ਮਰ ਮੁੱਕ ਜਾਂਦੇ ਹਨ ਤੇ ਬੱਚੇ ਜੁਆਨ ਹੋ ਕੇ ਫਿਰ ਹਰ ਸਾਲ ਮਾਂ-ਪਿਉ ਦੇ ਬਣਾਏ ਆਲ੍ਹਣਿਆਂ ਉੱਤੇ ਆ ਟਿਕਦੇ ਨੇ ਇਹ ਗੱਲਾਂ ਸੁਣਦਿਆਂ ਮੇਰੀ ਸੋਚ ਦੀ ਸੂਈ ਹਰੀ ਕੇ ਪੱਤਣ ਪੰਛੀਆਂ ਦੀ ਰੱਖ (ਵਰਲਡ ਸੈਂਚੁਰੀ) ਉੱਤੇ ਘੁੰਮਣ ਲੱਗ ਪਈ, ਜਿੱਥੇ ਵੱਖ-ਵੱਖ ਮੁਲਕਾਂ ਤੋਂ ਅਣਗਿਣਤ ਵੰਨ-ਸੁਵੰਨੇ ਪੰਛੀ ਹਰ ਸਾਲ ਗਰਮੀ ਦੀਆਂ ਛੁੱਟੀਆਂ ਕੱਟਣ ਆਉਂਦੇ ਨੇ ਆਪਣੀ ਡਾਇਰੀ ਦੇ ਪੰਨੇ ਲਿਖਦਾ ਹੋਇਆ ਆਪਣੇ ਸ਼ਾਇਰ ਮਿੱਤਰ ਡਾ. ਕੇਵਲ ਅਰੋੜਾ ਦੀਆਂ ਕਾਵਿ-ਤੁਕਾਂ ਵੀ ਸਾਂਝੀਆਂ ਕਰਦਾ ਜਾਵਾਂ:-
ਰਹਿੰਦੇ ਵੀ ਸੀ ਹੰਸ ਏਥੇ
ਮੋਤੀ ਚੁਗ ਲੈ ਗਏ,
ਹੁਣ ਸਾਡੇ ਛੱਪੜਾਂ ‘ਤੇ,
ਬਗਲੇ ਹੀ ਰਹਿ ਗਏ
ਨਿੰਦਰ ਘਿਗਆਣਵੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।