ਸੀਲ ਕੀਤੇ ਚਿਲਿੰਗ ਸੈਂਟਰ ਦੇ ਮੁੜ ਪਨੀਰ ਵਾਲੇ ਸੈਂਪਲ ਫੇਲ੍ਹ

Sealed Chilling Center, Cheese, Samples Fail

ਮੱਖਣ, ਦੁੱਧ, ਸਿਰਕਾ ਆਦਿ ਵੀ ਘਟੀਆ ਮਿਆਰ ਦਾ | Patiala News

  • ਇਸ ਚਿਲਿੰਗ ਸੈਂਟਰ ‘ਚ ਬਿਨਾ ਕਿਸੇ ਇਜਾਜ਼ਤ ਤੋਂ ਮੁੜ ਸ਼ੁਰੂ ਹੋ ਗਿਆ ਸੀ ਕਾਲਾ ਕਾਰੋਬਾਰ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹੇ  ਦੇ ਇੱਕ ਚਿਲਿੰਗ ਮਿਲਕ ਪਲਾਂਟ ਦੇ ਪਨੀਰ ਵਾਲੇ ਭਰੇ ਗਏ ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਤੋਂ ਇਲਾਵਾ ਮੱਖਣ, ਦੱਧ, ਸਿਰਕਾ ਸਮੇਤ ਹੋਰ ਵਸਤਾਂ ਵੀ ਘਟੀਆ ਮਿਆਰ ਦੀਆਂ ਪਾਈਆਂ ਗਈਆਂ ਹਨ। ਉਕਤ ਚਿਲਿੰਗ ਸੈਂਟਰ ਲਗਭਗ ਇੱਕ ਸਾਲ ਪਹਿਲਾਂ ਸੀਲ ਕੀਤਾ ਗਿਆ ਸੀ ਤੇ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਿਉਹਾਰਾਂ ਨੂੰ ਦੇਖਦੇ ਹੋਏ ਇਹ ਸੈਂਟਰ ਮੁੜ ਬਿਨਾ ਕਿਸੇ ਦੀ ਇਜਾਜ਼ਤ ਤੋਂ ਚੁੱਪ-ਚਪੀਤੇ ਚਾਲੂ ਹੋ ਗਿਆ ਸੀ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰਾਜਪੁਰਾ ਪੁਲਿਸ ਵੱਲੋਂ ਇੱਕ ਜੀਪ ‘ਚੋਂ ਵੱਡੀ ਮਾਤਰਾ ਵਿੱਚ ਪਨੀਰ, ਦੁੱਧ, ਘਿਓ ਆਦਿ ਪਦਾਰਥ ਜੋ ਕਿ ਅੱਗੇ ਸਲਪਾਈ ਹੋਣੇ ਸਨ, ਨੂੰ ਫੜਿਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸਿੰਗਲਾ ਚਿਲਿੰਗ ਸੈਂਟਰ ਤੋਂ ਲਿਆਂਦੇ ਗਏ ਸਨ, ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਸੈਂਟਰ ‘ਚ ਮੁੜ ਕਾਲਾ ਕਾਰੋਬਾਰ ਸ਼ੁਰੂ ਹੋ ਗਿਆ ਹੈ, ਜਿਸ ਤੋਂ ਬਾਅਦ ਇੱਥੇ ਸੈਪਲਿੰਗ ਕੀਤੀ ਗਈ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਪਨੀਰ ਦੇ ਸੈਂਪਲ ਫੇਲ੍ਹ ਪਾਏ ਗਏ ਹਨ ਜਦਕਿ ਹੋਰ ਸਮਾਨ ਵੀ ਘਟੀਆ ਮਿਆਰ ਦਾ ਪਾਇਆ ਗਿਆ।

ਜ਼ਿਲ੍ਹਾ ਸਿਹਤ ਅਫਸਰ ਡਾ. ਸਤਿੰਦਰ ਸਿੰਘ ਵੱਲੋਂ ਇਸ ਪਲਾਂਟ ਵਿੱਚੋਂ ਦੁੱਧ, ਪਨੀਰ, ਮੱਖਣ, ਕਾਸਟਿਕ ਸੋਢਾ, ਸਿਰਕਾ, ਦੁੱਧ ਦੇ ਪਾਊਡਰ ਤੇ ਦੇਸੀ ਘਿਓ ਦੇ ਸੈਂਪਲ ਭਰੇ ਗਏ ਸਨ, ਜੋ ਕਿ ਜਾਂਚ ਲਈ ਖਰੜ ਵਿਖੇ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਗਏ ਸਨ। ਰਿਪੋਰਟ ਮੁਤਾਬਿਕ ਪਨੀਰ ਦਾ ਸੈਂਪਲ ਫੇਲ੍ਹ ਪਾਇਆ ਗਿਆ ਹੈ, ਜਿਸ ਵਿੱਚ ਦੁੱਧ ਤੋਂ ਬਣੀ ਫੈਟ ਨਹੀਂ ਸੀ, ਕੋਈ ਹੋਰ ਪਦਾਰਥ ਪਨੀਰ ਬਨਾਉਣ ਲਈ ਵਰਤਿਆ ਗਿਆ ਸੀ। (Patiala News)

ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਨੌਕਰੀ ਭਰਤੀ ਲਈ ਦੋ ਏਜੰਸੀਆਂ, ਦੋਵੇਂ ਹੀ ਪੱਕੇ ਚੇਅਰਮੈਨ ਤੋਂ ਖਾਲੀ

ਮੱਖਣ ਦਾ ਸੈਂਪਲ ਵੀ ਘਟੀਆ ਮਿਆਰ ਦਾ ਪਾਇਆ ਗਿਆ ਜਦਕਿ ਦੁੱਧ ਦਾ ਸੈਂਪਲ ਵੀ ਘਟੀਆ ਪਾਏ ਗਏ ਹਨ। ਸਿਹਤ ਵਿਭਾਗ ਮੁਤਾਬਿਕ ਦੁੱਧ ਵਿੱਚ 4.5 ਫੀਸਦੀ ਮਿਲਕ ਫੈਟ ਹੋਣੀ ਚਾਹੀਦੀ ਹੈ ਜਦੋਂਕਿ ਲੈਬ ਰਿਪੋਰਟ ਅਨੁਸਾਰ ਦੁੱਧ ਵਿੱਚ 2.5 ਫੀਸਦੀ ਮਿਲਕ ਫੈਟ ਪਾਈ ਗਈ। ਕਾਸਟਿਕ ਸੋਢੇ ਦੇ ਸੈਂਪਲ ਵਿੱਚ ਸੋਢੀਅਮ ਹਾਈਡਰੋਆਕਸਾਈਡ ਤੱਤ ਪਾਇਆ ਗਿਆ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਸਿਰਕਾ ਜੋ ਕਿ ਦੁੱਧ ਤੋਂ ਪਨੀਰ ਤਿਆਰ ਕਰਨ ਲਈ ਵਰਤਿਆ ਜਾ ਰਿਹਾ ਸੀ ਉਹ ਕਿਸੇ ਤੇਜ਼ਾਬੀ ਤੇ ਬਾਹਰੀ ਤੇਲ ਨੂੰ ਮਿਕਸ ਕਰਕੇ ਬਣਾਇਆ ਗਿਆ ਸੀ ਤੇ ਇਸ ਵਿੱਚ ਅਸਲ ਤੱਤ ਐਸੀਟੇਟ ਦੀ ਮਾਤਰਾ ਨਹੀਂ ਪਾਈ ਗਈ।

ਉਂਜ ਦੁੱਧ ਦੇ ਪਾਊਡਰ ਦਾ ਸੈਂਪਲ ਠੀਕ ਪਾਇਆ ਗਿਆ ਹੈ ਤੇ ਦੇਸੀ ਘਿਓ ਦੇ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਇਸ ਸੈਂਟਰ ‘ਚੋਂ ਭਾਰੀ ਗਿਣਤੀ ਵਿੱਚ ਨਕਲੀ ਪਦਾਰਥ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਇਸ ਚਿਲਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਸੀ। ਉਕਤ ਮਾਲਕ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਮੁੜ ਇਸ ਵੱਲੋਂ ਅਣਅਧਿਕਾਰਤ ਤੌਰ ‘ਤੇ ਇਹ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। (Patiala News)

ਫੂਡ ਸੇਫਟੀ ਐਕਟ ਤਹਿਤ ਹੋਵੇਗੀ ਕਾਰਵਾਈ : ਸਿਵਲ ਸਰਜਨ

ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਹੈ ਕਿ ਰਿਪੋਰਟ ਦੇ ਮੁਤਾਬਿਕ ਚਿਲਿੰਗ ਪਲਾਂਟ ਦੇ ਮਾਲਕ ਵਿਰੁੱਧ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕੇਸ਼ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਸਮਾਨ ਘਟੀਆ ਮਿਆਰ ਦਾ ਪਾਇਆ ਗਿਆ ਹੈ, ਉਸ ਸਬੰਧੀ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਖੁਰਾਕੀ ਪਦਾਰਥਾਂ ਦੇ ਜਰੀਏ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।