ਸਕਾਟ ਮਾਰਿਸਨ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ
ਕੈਨਬਰਾ, (ਏਜੰਸੀ)। ਆਸਟਰੇਲੀਆ ਦੇ ਵਿੱਤ ਮੰਤਰੀ ਸਕਾਟ ਮਾਰਿਸਨ ਲਿਬਰਲ ਪਾਰਟੀ ਦੀ ਅਗਵਾਈ ਨਾਲ ਸਬੰਧਿਤ ਚੋਣ ਜਿੱਤ ਗਏ ਹਨ ਅਤੇ ਸ੍ਰੀ ਮੈਲਕਮ ਟਰਨਬੁਲ ਦੀ ਥਾਂ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਮੌਜੂਦਾ ਪੀ. ਐੱਮ. ਮੈਲਕਮ ਟਰਨਬੁਲ ਦੇ ਕਰੀਬੀ ਰਹੇ ਸਕਾਟ ਮਾਰਿਸਨ ਪਾਰਟੀ ਅੰਦਰ ਹੋਈਆਂ ਚੋਣਾਂ ‘ਚ 40 ਦੇ ਮੁਕਾਬਲੇ 45 ਵੋਟਾਂ ਨਾਲ ਜਿੱਤੇ। ਸਕਾਟ ਮਾਰਿਸਨ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ। ਟਰਨਬੁਲ ਦੀ ਇੱਕ ਹੋਰ ਸਹਿਯੋਗੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੀ ਇਸ ਅਹੁਦੇ ਲਈ ਦੌੜ ‘ਚ ਸੀ ਪਰ ਉਹ ਪਹਿਲੇ ਹੀ ਰਾਊਂਡ ਦੀ ਦੌੜ ‘ਚੋਂ ਬਾਹਰ ਹੋ ਗਈ। (Scott Morrison)
ਇਸ ਤੋਂ ਇਲਾਵਾ ਸਾਬਕਾ ਗ੍ਰਹਿ ਮੰਤਰੀ ਪੀਟਰ ਡਟਨ ਦਾ ਨਾਂਅ ਕਾਫੀ ਚਰਚਾ ‘ਚ ਸੀ, ਜਿਨ੍ਹਾਂ ਨੂੰ ਸਕਾਟ ਮਾਰਿਸਨ ਨੇ ਹਰਾ ਦਿੱਤਾ। ਆਸਟਰੇਲੀਆ ਨੇ ਪਿਛਲੇ 11 ਸਾਲਾਂ ‘ਚ ਆਪਣਾ 6ਵਾਂ ਪ੍ਰਧਾਨ ਮੰਤਰੀ ਚੁਣਿਆ ਹੈ। ਇਸ ਤੋਂ ਪਹਿਲਾਂ ਟਰਨਬੁਲ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਪਟੀਸ਼ਨ ਮਿਲੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ ‘ਚ ਬਹੁਮਤ ਗੁਆ ਲਿਆ ਹੈ। ਅਜਿਹੇ ‘ਚ ਉਨ੍ਹਾਂ ਦੀ ਪਾਰਟੀ ਨਵਾਂ ਨੇਤਾ ਚੁਣਨ ਦਾ ਫੈਸਲਾ ਕਰ ਚੁੱਕੀ ਹੈ।
ਲੇਬਰ ਪਾਰਟੀ ਨੇ ਕੀਤਾ ਸੀ ਅਵਿਸ਼ਵਾਸ ਪੇਸ਼ | Scott Morrison
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਵਿਸ਼ਵਾਸ ਪ੍ਰਸਤਾਵ ਦੇ ਬਾਅਦ ਲੇਬਰ ਪਾਰਟੀ ਨੇ ਫਿਰ ਤੋਂ ਸੈਨੇਟ ‘ਚ ਉਨ੍ਹਾਂ ਖਿਲਾਫ ਅਵਿਸ਼ਵਾਸ ਪੇਸ਼ ਕੀਤਾ ਸੀ। ਪਿਛਲੇ ਹਫਤੇ ਅਵਿਸ਼ਵਾਸ ਪ੍ਰਸਤਾਵ ਦੇ ਬਾਅਦ ਜਦ ਫਿਰ ਤੋਂ ਸੈਨੇਟ ‘ਚ ਉਨ੍ਹਾਂ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਪ੍ਰਸਤਾਵ ਪਾਸ ਹੋਣ ‘ਤੇ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦਾ ਨੇਤਾ ਦੋਬਾਰਾ ਚੁਣਨ ਦਾ ਫੈਸਲਾ ਹੁੰਦਾ ਹੈ ਤਾਂ ਉਹ ਆਪਣੀ ਉਮੀਦਵਾਰੀ ਪੇਸ਼ ਨਹੀਂ ਕਰਨਗੇ, ਹਾਲਾਂਕਿ ਉਨ੍ਹਾਂ ਨੇ ਇਸ ਦੇ ਨਾਲ ਹੀ ਆਪਣੇ ਕਾਰਜਕਾਲ ਨੂੰ ਸਾਰਥਕ ਵੀ ਦੱਸਿਆ। ਇਹ ਪੁੱਛਣ ‘ਤੇ ਕਿ ਕੀ ਉਹ ਸੱਤਾ ਤੋਂ ਬਾਹਰ ਹੋਣ ਮਗਰੋਂ ਵੀ ਰਾਜਨੀਤੀ ‘ਚ ਰਹਿਣਗੇ, ਤਾਂ ਟਰਨਬੁਲ ਨੇ ਕਿਹਾ ਕਿ ਉਹਨਾਂ ਇਹ ਸਪੱਸ਼ਟ ਕਰ ਦਿੱਤਾ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀਆਂ ਲਈ ਸੈਨੇਟ ਤੋਂ ਬਾਹਰ ਰਹਿਣਾ ਹੀ ਚੰਗਾ ਹੁੰਦਾ ਹੈ।