ਅੱਜ ਰਿਕਾਰਡ ਬਿਜਲੀ ਦੀ ਮੰਗ 16983 ਮੈਗਾਵਾਟ ਹੋਈ ਦਰਜ਼
- ਸਰਕਾਰੀ ਰੋਪੜ ਥਮਰਲ ਪਲਾਂਟ ਦਾ ਇੱਕ ਯੂਨਿਟ ਬੰਦ, 14 ਯੂਨਿਟ ਚਾਲੂ
Punjab Heatwave: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਹੁੰਮਸ ਭਰੀ ਗਰਮੀ ਨੇ ਵੱਟ ਕੱਢ ਕੇ ਰੱਖ ਦਿੱਤੇ ਹਨ। ਆਲਮ ਇਹ ਹੈ ਕਿ ਮੀਹਾਂ ਦੇ ਬਾਵਜੂਦ ਲੋਕ ਪਸੀਨੋਂ ਪਸੀਨੀ ਹੋਏ ਪਏ ਹਨ। ਇਹ ਹੁੰਮਸ ਭਰੀ ਗਰਮੀ ਦਾ ਹੀ ਨਤੀਜ਼ਾ ਹੈ ਕਿ ਅੱਜ ਪੰਜਾਬ ਅੰਦਰ ਰਿਕਾਰਡ ਬਿਜਲੀ ਦੀ ਮੰਗ ਦਰਜ਼ ਕੀਤੀ ਗਈ ਹੈ। ਪੰਜਾਬ ਅੰਦਰ ਅੱਜ ਬਿਜਲੀ ਦੀ ਮੰਗ 16983 ਮੈਗਾਵਾਟ ’ਤੇ ਪੁੱਜ ਗਈ ਜੋਂ ਕਿ 17000 ਹਜ਼ਾਰ ਮੈਗਾਵਾਟ ਦੇ ਅੰਕੜੇ ਛੂੰਹਦੀ-ਛੂੰਹਦੀ ਰਹਿ ਗਈ।
ਜਾਣਕਾਰੀ ਅਨੁਸਾਰ ਮੀਹਾਂ ਦੇ ਚੱਲ ਰਹੇ ਦੌਰ ਦੇ ਬਾਵਜੂਦ ਪੰਜਾਬ ਅੰਦਰ ਹੁੰਮਸ ਭਰੀ ਗਰਮੀ ਨੇ ਜਿਉਣਾ ਦੁੱਬਰ ਕੀਤਾ ਹੋਇਆ ਹੈ। ਪੱਖੇ ਅਤੇ ਕੂਲਰ ਵੀ ਇਸ ਗਰਮੀ ਅੱਗੇ ਬੇਵੱਸ ਹਨ ਅਤੇ ਏਅਰ ਕੰਡੀਸ਼ਨਰ ਹੀ ਇਸ ਗਰਮੀ ਤੋਂ ਪਾਰ ਪਾ ਰਹੇ ਹਨ। ਅੱਤ ਦੀ ਗਰਮੀ ਅਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਪੰਜਾਬ ਅੰਦਰ ਬਿਜਲੀ ਦੀ ਮੰਗ ਵੀ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਅੱਜ ਦੁਪਹਿਰ ਮੌਕੇ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ 16983 ਮੈਗਾਵਾਟ ’ਤੇ ਪੁੱਜ ਗਈ। ਇਸ ਤੋਂ ਪਹਿਲਾ ਜੂਨ ਮਹੀਨੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16836 ਮੈਗਾਵਾਟ ’ਤੇ ਪੁੱਜੀ ਸੀ।
ਇਹ ਵੀ ਪੜ੍ਹੋ: Monsoon Health Tips: ਮੌਨਸੂਨ ’ਚ ਕੋਸਾ ਪਾਣੀ ਹੈ ਚੰਗੀ ਸਿਹਤ ਦੀ ਕੁੰਜੀ ਹੈ, ਜਾਣੋ ਕਦੋਂ-ਕਦੋਂ ਪੀਣ ਨਾਲ ਹੋਵੇਗਾ ਲਾਭ…
ਕੁਝ ਦਿਨ ਪਹਿਲਾ ਮੀਂਹਾਂ ਦੇ ਦੌਰ ਵਿੱਚ ਬਿਜਲੀ ਦੀ ਮੰਗ ਡਿੱਗ ਕੇ 13200 ਮੈਗਾਵਾਟ ’ਤੇ ਪੁੱਜ ਗਈ ਸੀ। ਇਸ ਵਾਰ ਆਮ ਦਿਨਾਂ ਵਿੱਚ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਉੱਪਰ ਹੀ ਦਰਜ਼ ਕੀਤੀ ਗਈ ਹੈ। 5 ਜੁਲਾਈ ਤੋਂ ਮੁੜ ਮੀਹਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ ਅਤੇ ਬਿਜਲੀ ਦੀ ਮੰਗ ਵਿੱਚ ਕੁਝ ਨਰਮੀ ਦੇਖਣ ਨੂੰ ਮਿਲੇਗੀ, ਜਿਸ ਨਾਲ ਕਿ ਪਾਵਰਕੌਮ ਨੂੰ ਸੌਖਾ ਸਾਹ ਆਵੇਗਾ। ਇੱਧਰ ਜੇਕਰ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾ ਪ੍ਰਾਈਵੇਟ ਥਰਮਲਾਂ ਦੇ ਯੂਨਿਟ ਪੂਰੇ ਸਿਖਰ ਤੇ ਭਖੇ ਹੋਏ ਹਨ ਜਦਕਿ ਸਕਰਾਰੀ ਥਰਮਲਾਂ ਦਾ ਇੱਕ ਯੂਨਿਟ ਬੰਦ ਪਿਆ ਹੈ।
ਸਰਕਾਰ ਥਰਮਲ ਪਲਾਂਟ ਰੋਪੜ ਦੇ ਚਾਰ ਯੂਨਿਟਾਂ ਵਿੱਚੋਂ ਤਿੰਨ ਚੱਲ ਰਹੇ ਹਨ, ਜਿਨ੍ਹਾਂ ਤੋਂ 533 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟਾਂ ਵੱਲੋਂ 822 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 497 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਦੋਵਾਂ ਯੂਨਿਟਾਂ ਵੱਲੋਂ 1325 ਮੈਗਾਵਾਟ ਬਿਜਲੀ ਪੈਦਾ ਕੀਤਾ ਜਾ ਰਹੀ ਹੈ। ਸਭ ਤੋਂ ਵੱਡੇ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਵੱਲੋਂ 1597 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪਾਵਰਕੌਮ ਦੇ ਇੱਕ ਉੱਚ ਅਧਿਕਾਰੀ ਦਾ ਦਾਅਵਾ ਹੈ ਕਿ ਬਿਨਾਂ ਕਿਸੇ ਕੱਟਾਂ ਤੋਂ ਪੰਜਾਬ ਦੇ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਬਿਜਲੀ ਮੁਹੱਈਆਂ ਕੀਤੀ ਜਾ ਰਹੀ ਹੈ।
ਪਾਵਰਕੌਮ ਦੇ ਹਾਈਡ੍ਰਲ ਪਲਾਂਟ ਵੀ ਸਾਰੇ ਭਖੇ ਹੋਏ
ਪਾਵਰਕੌਮ ਦੇ ਹਾਈਡ੍ਰਲ ਪਲਾਂਟ ਵੀ ਪੂਰੀ ਤਰ੍ਹਾਂ ਭਖੇ ਹੋਏ ਹਨ ਅਤੇ ਪਾਵਰਕੌਮ ਵੱਲੋਂ ਇੱਥੋਂ 993 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਚਾਲੂ ਹਨ ਅਤੇ ਇੱਥੋਂ 500 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਯੂਵੀਡੀਸੀ, ਐਮਐਚਪੀ ਸਮੇਤ ਹੋਰ ਹਾਈਡ੍ਰਲ ਯੂਨਿਟ ਵੀ ਕਾਰਜਸੀਲ ਹਨ ਅਤੇ ਇੱਥੋਂ 400 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਹੋ ਰਹੀ ਹੈ। ਪਾਵਰਕੌਮ ਦੇ ਸਾਰੇ ਹਾਈਡ੍ਰਲ ਪ੍ਰੋਜੈਕਟ ਬਿਜਲੀ ਦੀ ਵਧੀ ਹੋਈ ਮੰਗ ਵਿੱਚ ਸਹਾਈ ਹੋ ਰਹੇ ਹਨ। Punjab Heatwave