Turmeric Cultivation Guide: ਹਲਦੀ ਦੀ ਸਫ਼ਲ ਕਾਸ਼ਤ ਦੀਆਂ ਵਿਗਿਆਨਕ ਸਿਫ਼ਾਰਸ਼ਾਂ

Turmeric Cultivation Guide
Turmeric Cultivation Guide: ਹਲਦੀ ਦੀ ਸਫ਼ਲ ਕਾਸ਼ਤ ਦੀਆਂ ਵਿਗਿਆਨਕ ਸਿਫ਼ਾਰਸ਼ਾਂ

ਮੌਸਮ ਅਤੇ ਜ਼ਮੀਨ | Turmeric Cultivation Guide

ਇਸ ਫ਼ਸਲ ਦੇ ਵਧਣ-ਫੁੱਲਣ ਲਈ ਗਰਮ ਤੇ ਸਿੱਲ੍ਹੇ ਜਲਵਾਯੂ ਦੀ ਲੋੜ ਹੈ। ਸਿੰਚਾਈ ਵਾਲੇ ਇਲਾਕਿਆਂ ਵਿੱਚ ਇਸ ਦੀ ਬਿਜਾਈ ਦੀ ਆਮ ਸਿਫ਼ਾਰਸ਼ ਕੀਤੀ ਜਾਂਦੀ ਹੈ । ਹਲਦੀ ਦੀ ਕਾਸ਼ਤ ਉਂਝ ਤਾਂ ਹਰ ਪ੍ਰਕਾਰ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੇਰੇ ਝਾੜ ਲਈ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ ਤੋਂ ਭਾਰੀ ਜ਼ਮੀਨ ਜੋ ਚੰਗੇ ਜੀਵਕ ਮਾਦੇ ਵਾਲੀ ਹੋਵੇ, ਉੱਤਮ ਗਿਣੀ ਜਾਂਦੀ ਹੈ।

ਇਹ ਖਬਰ ਵੀ ਪੜ੍ਹੋ : Global Warming Crisis: ਤਪਦੀ ਧਰਤੀ ਅਤੇ ਵਧਦਾ ਸੰਕਟ, ਅਸੀਂ ਕਦੋਂ ਸਮਝਾਂਗੇ?

ਉੱਨਤ ਕਿਸਮਾਂ:

ਪੰਜਾਬ ਹਲਦੀ-1 (2008):

ਇਸ ਦੇ ਪੌਦੇ ਖੜ੍ਹਵੇਂ ਅਤੇ ਦਰਮਿਆਨੀ ਉੱਚਾਈ ਦੇ ਹੁੰਦੇ ਹਨ । ਪੱਤੇ ਹਰੇ ਅਤੇ ਦਰਮਿਆਨੇ ਅਕਾਰ ਦੇ ਅਤੇ ਇਸ ਦੀਆਂ ਗੰਢੀਆਂ ਲੰਮੀਆਂ ਤੇ ਦਰਮਿਆਨੀ ਮੋਟਾਈ ਦੀਆਂ ਹੁੰਦੀਆਂ ਹਨ । ਗੰਢੀਆਂ ਦੇ ਛਿਲਕੇ ਦਾ ਰੰਗ ਭੂਰਾ ਅਤੇ ਗੁੱਦਾ ਗੂੜ੍ਹਾ ਪੀਲਾ ਹੁੰਦਾ ਹੈ । ਇਹ ਕਿਸਮ 215 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਔਸਤਨ 108 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਪੰਜਾਬ ਹਲਦੀ-2 (2008):

ਇਸ ਦੇ ਪੌਦੇ ਖੜ੍ਹਵੇਂ ਤੇ ਉੱਚੇ ਹੁੰਦੇ ਹਨ। ਪੱਤੇ ਹਲਕੇ ਹਰੇ ਰੰਗ ਦੇ ਅਤੇ ਚੌੜੇ ਹੁੰਦੇ ਹਨ। ਇਸ ਕਿਸਮ ਦੀਆਂ ਗੰਢੀਆਂ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ। ਗੰਢੀਆਂ ਦੇ ਛਿਲਕੇ ਦਾ ਰੰਗ ਭੂਰਾ ਤੇ ਗੁੱਦਾ ਪੀਲਾ ਹੁੰਦਾ ਹੈ। ਇਹ ਕਿਸਮ ਪੱਕਣ ਲਈ 240 ਦਿਨ ਲੈਂਦੀ ਹੈ ਤੇ ਔਸਤਨ ਝਾੜ 122 ਕੁਇੰਟਲ ਪ੍ਰਤੀ ਏਕੜ ਨਿੱਕਲ ਆਉਂਦਾ ਹੈ।

ਕਾਸ਼ਤ ਦੇ ਢੰਗ:

ਜ਼ਮੀਨ ਦੀ ਤਿਆਰੀ: ਹਲਦੀ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ-ਸਵਾਰ ਲੈਣਾ ਚਾਹੀਦਾ ਹੈ । ਇਸ ਲਈ ਖੇਤ ਨੂੰ ਦੋ-ਤਿੰਨ ਵਾਰ ਵਾਹੁਣਾ ਤੇ ਹਰ ਵਾਹੀ ਤੋਂ ਬਾਅਦ ਸੁਹਾਗਾ ਮਾਰਨਾ ਜ਼ਰੂਰੀ ਹੈ । ਖੇਤ ਵਿੱਚ ਪਿਛਲੀ ਫ਼ਸਲ ਦੇ ਮੁੱਢ ਤੇ ਘਾਹ-ਫੂਸ ਬਿਲਕੁਲ ਨਹੀਂ ਰਹਿਣ ਦੇਣੇ ਚਾਹੀਦੇ।

ਬੀਜ ਦੀ ਮਾਤਰਾ

ਇਸ ਦੀ ਕਾਸ਼ਤ ਲਈ ਮੁੱਢਲੀਆਂ ਤੇ ਮੁੱਖ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਤਾਜ਼ੀਆਂ, ਰੋਗ ਰਹਿਤ ਤੇ ਇੱਕੋ ਜਿਹੇ ਆਕਾਰ ਦੀਆਂ 6-8 ਕੁਇੰਟਲ ਗੰਢੀਆਂ ਇੱਕ ਏਕੜ ਲਈ ਕਾਫ਼ੀ ਹਨ।

ਬਿਜਾਈ ਦਾ ਸਮਾਂ:

ਚੰਗਾ ਝਾੜ ਲੈਣ ਲਈ ਅਪਰੈਲ ਦੇ ਅਖ਼ੀਰ ਵਿੱਚ ਗੰਢੀਆਂ ਦੀ ਬਿਜਾਈ ਕਰੋ। ਉੱਤਰੀ ਜ਼ਿਲ੍ਹਿਆਂ ਤੇ ਨੀਮ ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਇੱਕ ਹਫ਼ਤੇ ਬਾਅਦ ਤੱਕ ਕੀਤੀ ਜਾ ਸਕਦੀ ਹੈ । ਇਸ ਦੀ ਬਿਜਾਈ ਪਨੀਰੀ ਰਾਹੀਂ ਵੀ ਕੀਤੀ ਜਾ ਸਕਦੀ ਹੈ । ਇਹ ਕੰਮ ਅੱਧ ਜੂਨ ਤੋਂ ਪਹਿਲਾਂ ਨਿਪਟਾ ਲੈਣਾ ਚਾਹੀਦਾ ਹੈ। ਇਸ ਲਈ ਗੰਢੀਆਂ ਦੀ ਥੋੜ੍ਹੇ ਫ਼ਰਕ ਨਾਲ ਬਿਜਾਈ ਕਰੋ ਤੇ ਹਰੀਆਂ ਹੋਈਆਂ ਗੰਢੀਆਂ ਨੂੰ 35-40 ਦਿਨਾਂ ਬਾਅਦ ਖੇਤ ਵਿੱਚ ਲਾ ਦਿਓ।

ਬਿਜਾਈ ਦਾ ਢੰਗ:

ਬਿਜਾਈ ਲਈ ਹਲਦੀ ਦੀਆਂ ਨਰੋਈਆਂ ਤੇ ਰੋਗ ਰਹਿਤ ਗੰਢੀਆਂ ਨੂੰ ਲਾਈਨਾਂ ਵਿੱਚ ਲਾਇਆ ਜਾਂਦਾ ਹੈ । ਹਲਦੀ ਦੀਆਂ ਵੱਟਾਂ ਉੱਪਰ ਬਿਜਾਈ ਨਾਲ ਗੰਢੀਆਂ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ । ਜਿੱਥੇ ਬਿਜਾਈ ਹੱਥੀਂ ਕਰਨੀ ਹੋਵੇ, ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਤੇ ਜਿੱਥੇ ਮਸ਼ੀਨ ਨਾਲ ਕਰਨੀ ਹੋਵੇ, 67.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ । ਬੂਟੇ ਤੋਂ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖਣੀ ਚਾਹੀਦੀ ਹੈ । ਪਹਿਲੀ ਸਿੰਚਾਈ ਤੋਂ ਬਾਅਦ ਖੇਤ ਨੂੰ 2.5 ਟਨ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਢੱਕ ਦਿਓ। ਖੇਤ ਨੂੰ ਗੰਢੀਆਂ ਹਰੀਆਂ ਹੋਣ ਤੱਕ ਗਿੱਲਾ ਰੱਖੋ।

ਜੈਵਿਕ ਖਾਦ:

ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿੱਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਹਲਦੀ ਦਾ ਝਾੜ ਵਧਦਾ ਹੈ ਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ । ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਤੋਂ ਮਿਲਦਾ ਹੈ ।

ਖਾਦਾਂ :

ਹਲਦੀ ਲਈ ਰੂੜੀ ਦੀ ਖਾਦ ਸਭ ਤੋਂ ਵਧੀਆ ਹੈ । ਇਸ ਲਈ ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਖਿਲਾਰ ਦੇਣੀ ਚਾਹੀਦੀ ਹੈ। ਹਲਦੀ ਨੂੰ ਨਾਈਟ੍ਰੋਜਨ ਖਾਦ ਦੀ ਖਾਸ ਜ਼ਰੂਰਤ ਨਹੀਂ, ਪਰ ਬਿਜਾਈ ਦੇ ਸਮੇਂ 10 ਕਿੱਲੋ ਪੋਟਾਸ਼ (16 ਕਿੱਲੋ ਮਿਊਰੇਟ ਆਫ਼ ਪੋਟਾਸ਼) ਤੇ 10 ਕਿਲੋ ਫਾਸਫੋਰਸ (60 ਕਿਲੋ ਸਿੰਗਲ ਸੁਪਰਫਾਸਫੇਟ) ਪੋਰ ਦਿਓ।

ਸਿੰਚਾਈ:

ਹਲਦੀ ਨੂੰ ਹਰੇ ਹੋਣ ਲਈ ਕਾਫ਼ੀ ਸਮਾਂ ਚਾਹੀਦਾ ਹੈ। ਇਸ ਲਈ ਖੇਤ ਨੂੰ ਲਗਾਤਾਰ ਪਤਲਾ ਪਾਣੀ ਦਿੰਦੇ ਰਹੋ।

ਗੋਡੀ ਤੇ ਨਦੀਨਾਂ ਤੋਂ ਬਚਾਅ:

ਹਲਦੀ ਨੂੰ ਨਦੀਨਾਂ ਤੋਂ ਬਚਾਉਣ ਲਈ ਇਸ ਦੀ ਇੱਕ ਜਾਂ ਦੋ ਵਾਰ ਗੋਡੀ ਕਰਨੀ ਜ਼ਰੂਰੀ ਹੈ । ਬਿਜਾਈ ਪਿੱਛੋਂ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇੱਕਸਾਰ ਖਿਲਾਰ ਦਿਓ ।

ਪੁਟਾਈ, ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ:

ਜਦੋਂ ਹਲਦੀ ਦੇ ਪੱਤੇ ਪੀਲੇ ਹੋ ਕੇ ਸੁੱਕ ਜਾਣ ਤਾਂ ਸਮਝੋ ਕਿ ਇਹ ਪੁਟਾਈ ਲਈ ਤਿਆਰ ਹੈ । ਇਹ ਆਮ ਤੌਰ ’ਤੇ ਨਵੰਬਰ-ਦਸੰਬਰ ਵਿਚ ਤਿਆਰ ਹੋ ਜਾਂਦੀ ਹੈ। ਪੁਟਾਈ ਤੋਂ ਬਾਅਦ ਗੰਢੀਆਂ ਤੋਂ ਜੜ੍ਹਾਂ ਅਤੇ ਮਿੱਟੀ ਸਾਫ਼ ਕਰ ਦੇਵੋ।

ਹਲਦੀ ਤਿਆਰ ਕਰਨੀ :

ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਭਾਂਡੇ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ। ਹੁਣ ਇਨ੍ਹਾਂ ਨੂੰ ਲਗਾਤਾਰ ਇੱਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ। ਉੱਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ’ਤੇ ਗੰਢੀਆਂ ਨੂੰ ਕਿਸੇ ਸਖ਼ਤ ਥਾਂ ’ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ’ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਢੋਲ ਹੀ ਵਰਤਣੇ ਚਾਹੀਦੇ ਹਨ । ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ।

ਧੰਨਵਾਦ ਸਹਿਤ, ਪੀਏਯੂ, ਲੁਧਿਆਣਾ