ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ
- ਘੱਗਰ ਤੇ ਸਤਲੁਜ਼ ਦਾ ਪਾਣੀ ਖਤਰੇ ਦੇ ਪੱਧਰ ਦੇ ਨੇੜੇ ਪਹੁੰਚਿਆ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Holiday Punjab: ਪੰਜਾਬ ’ਚ ਲਗਾਤਾਰ ਹੋ ਰਹੀ ਬਾਰਿਸ਼ ਤੇ ਹੜ੍ਹਾਂ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਪੂਰੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਹੈ ਅਤੇ ਇਸ ਤਹਿਤ ਹੁਣ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਸਕੂਲਾਂ ਤੇ ਕਾਲਜਾਂ ’ਚ ਛੁੱਟੀਆਂ ਵੀ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਪਹਿਲਾਂ ਇਹ ਛੁੱਟੀਆਂ 3 ਸਤੰਬਰ ਤੱਕ ਸਨ।
ਇਹ ਖਬਰ ਵੀ ਪੜ੍ਹੋ : Punjab Flood News: ਪੰਜਾਬ ਦੇ ਇਸ ਇਲਾਕੇ ਦੇ ਲੋਕ ਰਹਿਣ ਅਲਰਟ, ਲਗਾਤਾਰ ਵੱਧ ਰਿਹੈ ਪਾਣੀ ਦਾ ਪੱਧਰ, ਕੀਤੀ ਜਾ ਰਹੀ ਅਪੀ…
ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਹਨ ਤੇ 1200 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਘੱਗਰ ਨਦੀ ’ਚ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ। ਸੋਮਵਾਰ ਨੂੰ ਜਿੱਥੇ ਪਾਣੀ ਆਮ ਵਾਂਗ ਵਗ ਰਿਹਾ ਸੀ, ਉੱਥੇ ਬੁੱਧਵਾਰ ਸਵੇਰੇ 9 ਵਜੇ ਤੱਕ ਇਹ 7 ਫੁੱਟ ਤੱਕ ਪਹੁੰਚ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 1 ਫੁੱਟ ਘੱਟ ਹੈ। ਮੋਹਾਲੀ ’ਚ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ ਘੱਗਰ ਨਦੀ ਤੇ ਸੁਖਨਾ ਝੀਲ ਦੇ ਕੰਢਿਆਂ ’ਤੇ ਸਾਵਧਾਨ ਰਹਿਣ ਲਈ ਕਿਹਾ ਹੈ। Holiday Punjab
ਇਸ ਦੌਰਾਨ, ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਨੰਗਲ ਇਲਾਕੇ ’ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸਤਲੁਜ ਦੇ ਨਾਲ ਲੱਗਦੇ ਨਾਲਿਆਂ ਤੇ ਪਿੰਡਾਂ ਦੇ ਬੰਨ੍ਹ ਕਮਜ਼ੋਰ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ, ਅੱਜ ਸਵੇਰੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ’ਚ ਇੱਕ ਘਰ ਢਹਿ ਗਿਆ। ਘਰ ’ਚ ਰਹਿਣ ਵਾਲਾ ਵਿਅਕਤੀ ਸਵੇਰੇ ਚਾਹ ਬਣਾਉਣ ਲਈ ਦੁੱਧ ਲੈਣ ਗਿਆ ਸੀ, ਜਿਸ ਕਾਰਨ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ। Holiday Punjab