‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ (Student Police Cadet Scheme)
- ਪਹਿਲੇ ਪੜਾਅ ਵਿਚ ਸਕੀਮ ਤਹਿਤ 280 ਸਕੂਲਾਂ ਦੇ ਅੱਠਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਨੇੜਿਓਂ ਜਾਣਨ ਅਤੇ ਸ਼ਾਸਨ ਤੇ ਸੁਰੱਖਿਆ ਵਿਚ ਸਰਗਰਮ ਭਾਈਵਾਲ ਬਣਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿਚ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ (Student Police Cadet Scheme) ਦੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ ਪਹਿਲੇ ਪੜਾਅ ਵਿਚ ਸੂਬੇ ਦੇ 280 ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਦੇ 11200 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜਿਨਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਸਮਾਗਮ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ : ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ : ਬਲਕਾਰ ਸਿੰਘ
ਇਸ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦਾ ਕੋਰਸ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਤਿਆਰ ਕੀਤਾ ਗਿਆ ਜੋ ਮੌਜੂਦਾ ਵਿਦਿਅਕ ਸਾਲ 2023-24 ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਸਾਲਾਂ ਵਿਚ ਕਰਵਾਇਆ ਜਾਵੇਗਾ। ਦੋ ਸਾਲਾ ਕੋਰਸ ਤਹਿਤ ਇਹੀ ਵਿਦਿਆਰਥੀ ਵਿੱਦਿਅਕ ਵਰ੍ਹੇ 2024-25 ਵਿਚ ਨੌਵੀਂ ਜਮਾਤ ਵਿਚ ਇਸ ਸਕੀਮ ਦਾ ਹਿੱਸਾ ਬਣੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ ਹਰੇਕ ਸਕੂਲ ਲਈ 50 ਹਜ਼ਾਰ ਰੁਪਏ ਸਾਲਾਨਾ ਅਲਾਟ ਕੀਤੇ ਗਏ ਹਨ। (Student Police Cadet Scheme) ਇਹ ਸਕੀਮ ਸੂਬੇ ਦੇ 28 ਜ਼ਿਲ੍ਹਿਆਂ (23 ਮਾਲ ਜ਼ਿਲੇ ਅਤੇ ਪੰਜ ਪੁਲਿਸ ਜ਼ਿਲ੍ਹੇ) ਵਿਚ ਲਾਗੂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਹਰੇਕ ਜ਼ਿਲ੍ਹੇ ਵਿਚ 10 ਸਕੂਲਾਂ ਵਿੱਚੋਂ ਪ੍ਰਤੀ ਸਕੂਲ 40 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਜਿਸ ਨਾਲ ਕੁੱਲ 11200 ਵਿਦਿਆਰਥੀ ਚੁਣੇ ਗਏ ਹਨ।