
ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਜੀ.ਪੀ. ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਅਮਲੋਹ ਵਿਖੇ ਕੀਤੀ ਅਹਿਮ ਮੀਟਿੰਗ
Punjab Politics News: (ਅਨਿਲ ਲੁਟਾਵਾ) ਅਮਲੋਹ। ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਨੇ ਹਲਕਾ ਅਮਲੋਹ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਪਾਰਟੀ ਦਫਤਰ ਵਿਖੇ ਐਸ ਸੀ ਵਿੰਗ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਦਾ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਅਤੇ ਹੋਰ ਸਥਾਨਕ ਆਗੂਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਜੀ.ਪੀ. ਨੇ ਐਸਸੀ ਵਿੰਗ ਨਾਲ ਸੰਬੰਧਤ ਅਹੁਦੇਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਐਸਸੀ ਵਿੰਗ ਵੱਲੋਂ ਜ਼ਮੀਨੀ ਪੱਧਰ ’ਤੇ ਲੋੜੀਂਦੀਆਂ ਮੀਟਿੰਗਾਂ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਸਸੀ ਭਾਈਚਾਰੇ ਨੂੰ ਤਰਜ਼ੀਹ ਦਿੰਦਿਆਂ ਬਣਦੀਆਂ ਸਹੂਲਤਾਂ, ਸਕੀਮਾਂ ਅਤੇ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Green Diwali: ’ਦੀਵਾਲੀ ਅਸੀਂ ਮਨਾਵਾਂਗੇ, ਪਟਾਕੇ ਨਹੀਂ ਚਲਾਵਾਂਗੇ’ ਦਾ ਨੰਨ੍ਹੇ ਬੱਚਿਆਂ ਨੇ ਦਿੱਤਾ ਹੋਕਾ
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਐਸਸੀ ਵਿੰਗ ਪੂਰੀ ਤਾਕਤ ਨਾਲ ਉਮੀਦਵਾਰਾਂ ਦੇ ਹੱਕ ’ਚ ਕੰਮ ਕਰੇਗਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਹਰੇਕ ਘਰ ਤੱਕ ਪਹੁੰਚ ਕਰਕੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦੀ ਜਾਣਕਾਰੀ ਦੇਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜੁਟ ਜਾਣ।
ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ, ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ,ਹਲਕਾ ਕੋਆਰਡੀਨੇਟਰ ਐਸ ਸੀ ਵਿੰਗ ਗੁਰਬਚਨ ਬੱਲ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਆਗੂ ਸ਼ਿੰਗਾਰਾ ਸਿੰਘ ਸਲਾਣਾ, ਚਰਨਜੀਤ ਸਿੰਘ ਚੰਨੀ, ਡਾ. ਸਤਪਾਲ ਸਿੰਘ ਕੁੰਭੜਾ, ਅਵਤਾਰ ਸਿੰਘ ਸਮਸਪੁਰ, ਬਲਵਿੰਦਰ ਸਿੰਘ ਤੂਰਾ, ਜਗਦੇਵ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਕਨੂੰ ਸਰਮਾ, ਗਿਆਨ ਸਿੰਘ ਸਰਪੰਚ, ਬਲਵਿੰਦਰ ਸਿੰਘ ਭਰਪੂਰਗੜ, ਮਨਜੀਤ ਸਿੰਘ ਰੁੜਕੀ ਅਤੇ ਪਾਰਟੀ ਵਰਕਰ ਮੌਜ਼ੂਦ ਸਨ।