ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਕਿਲਕਾਰੀਆਂ ਬੱਚਤ (ਬਾਲ ਕਹਾ...

    ਬੱਚਤ (ਬਾਲ ਕਹਾਣੀ)

    Story: ਜਨਵਰੀ ਮਹੀਨੇ ਦਾ ਦੂਜਾ ਹਫਤਾ ਚੱਲ ਰਿਹਾ ਸੀ। ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਸੁਰਜੀਤ ਕੌਰ ਬਜ਼ੁਰਗ ਹੋਣ ਕਰਕੇ ਆਪਣੇ ਕਮਰੇ ਅੰਦਰ ਹੀ ਲੇਟੀ ਰਹਿੰਦੀ ।ਅੱਜ ਉਸ ਦਾ ਦਿਲ ਕੀਤਾ ਕਿਉਂ ਨਾ ਬਰਾਂਡੇ ਵਿੱਚ ਬੈਠ ਕੇ ਧੂਣੀ ਸੇਕੀ ਜਾਵੇ। ਉਸਨੇ ਆਪਣੀ ਨੂੰਹ ਰਮਨਜੀਤ ਨੂੰ ਬੋਲ ਮਾਰਿਆ,
    ‘‘ਬੇਟੀ ਰਮਨ! ਜੇ ਤੂੰ ਧੂਣੀ ਪਾ ਦੇਂ ਤਾਂ ਮੈਂ ਬਰਾਂਡੇ ਵਿੱਚ ਬੈਠ ਜਾਂ।’’
    ‘‘ਬੇਬੇ ਜੀ ਠੰਢ ਬਿਰਨ-ਬਿਰਨ ਪਈ ਜਾਂਦੀ ਹੈ, ਬਾਹਰ ਕੀ ਕਰੋਗੇ?’’
    ‘‘ਊਂ ਤੇਰੀ ਮਰਜ਼ੀ ਹੈ ਪਰ ਹੁਣ ਅੰਦਰ ਬੈਠੀ ਦਾ ਮੇਰਾ ਮਨ ਅੱਕ ਗਿਆ ਹੈ, ਕਿਸੇ ਆਉਂਦੇ-ਜਾਂਦੇ ਨਾਲ ਕੋਈ ਗੱਲਬਾਤ ਹੋ ਜੂ। ਆਹ ਬੱਚੇ ਬਾਹਰ ਫਿਰਦੇ ਨੇ ਇਨ੍ਹਾਂ ਦੀਆਂ ਗੱਲਾਂ ਸੁਣ ਲੂੰ।’’

    ਰਮਨ ਦੇ ਵੀ ਗੱਲ ਜਚ ਗਈ ਕਿਉਂਕਿ ਤਵੇ ਦੇ ਇੱਕ ਪਾਸੇ ਪਈ ਰੋਟੀ ਵੀ ਤਾਂ ਮੱਚ ਜਾਂਦੀ ਹੈ ਸੋ ਉਸਨੇ ਕੁੱਝ ਲੱਕੜਾਂ ਤੇ ਪਾਥੀਆਂ ਲਿਆਂਦੀਆਂ ਨੇ ਧੂਣੀ ਪਾ ਦਿੱਤੀ। ਕੁੱਝ ਛੋਟੀਆਂ-ਛੋਟੀਆਂ ਲੱਕੜਾਂ ਕੋਲ ਰੱਖ ਦਿੱਤੀਆਂ ਜੋ ਬਾਅਦ ਵਿੱਚ ਕੰਮ ਆਉਣ। ਹੌਲੀ-ਹੌਲੀ ਧੂੰਆਂ ਅੱਗ ਵਿੱਚ ਬਦਲਣ ਲੱਗਾ। ਸੁਰਜੀਤ ਕੌਰ ਨੇ ਪੀੜ੍ਹੀ ਚੁੱਕੀ ਤੇ ਅੱਗ ਸੇਕਣ ਲੱਗੀ। ਉਹ ਬਰਾਂਡੇ ਵਿੱਚ ਬੈਠੀ ਅੱਗ ਸੇਕ ਰਹੀ ਸੀ ਤਾਂ ਥੋੜ੍ਹੀ ਦੂਰ ਖੇਡ ਰਹੇ ਬੱਚੇ ਵੀ ਉਸਨੂੰ ਦੇਖ ਕੇ ਧੂਣੀ ਸੇਕਣ ਆ ਗਏ ਜਦੋਂ ਅੱਗ ਮੱਧਮ ਪੈਂਦੀ ਤਾਂ ਸੁਰਜੀਤ ਕੌਰ ਇੱਕ ਲੱਕੜ ਉੱਤੇ ਧਰ ਦਿੰਦੀ। ਇਹ ਦੇਖ ਕੇ ਇੱਕ ਬੱਚੇ ਨੇ ਕਿਹਾ, ‘‘ਦਾਦੀ ਮਾਂ! ਮੈਂ ਲੱਕੜਾਂ ਧਰਾਂ?’’
    ‘‘ਲੈ ਤੂੰ ਧਰਦੇ।’’

    ਉਸ ਨੇ ਕਈ ਲੱਕੜਾਂ ਚੁੱਕ ਕੇ ਜਦੋਂ ਅੱਗ ’ਤੇ ਰੱਖਣੀਆਂ ਚਾਹੀਆਂ ਤਾਂ ਦਾਦੀ ਮਾਂ ਨੇ ਉਸਨੂੰ ਟੋਕਿਆ ਤੇ ਕਿਹਾ, ‘‘ਬੇਟਾ ਇੰਨੀਆਂ ਨਹੀਂ ਇੱਕ-ਇੱਕ ਰੱਖੀ ਦੀ ਹੈ।’’
    ‘‘ਕਿਉਂ ਦਾਦੀ ਮਾਂ?’’
    ‘‘ਬੇਟਾ ਹਰ ਕੰਮ ਬੱਚਤ ਨਾਲ ਕਰਨਾ ਚਾਹੀਦਾ ਹੈ, ਜੇਕਰ ਆਪਾਂ ਸਾਰੀਆਂ ਹੀ ਲੱਕੜਾਂ ਅੱਗ ਉੱਤੇ ਰੱਖ ਦੇਵਾਂਗੇ ਤਾਂ ਕਿਵੇਂ ਗੁਜ਼ਾਰਾ ਚੱਲੂ, ਇਹ ਸਾਰੀਆਂ ਮੱਚ ਜਾਣਗੀਆਂ।’’
    ‘‘ਫੇਰ ਹੋਰ ਲੈ ਆਵਾਂਗੇ ਦਾਦੀ ਮਾਂ!’’
    ‘‘ਨਹੀਂ ਬੇਟੇ ਇੰਨੀ ਜ਼ਿਆਦਾ ਅੱਗ ਮਚਾਉਣ ਨਾਲ ਅੱਗ ਸੇਕਣ ਦਾ ਸਵਾਦ ਤਾਂ ਘੱਟ ਆਊ ਹੀ, ਕਈ ਵਾਰ ਅੱਗ ਦਾ ਭੰਬੂਕਾ ਨੁਕਸਾਨ ਵੀ ਕਰ ਦਿੰਦੈ।’’
    ‘‘ਹਾਂ ਦਾਦੀ ਮਾਂ।’’ ਨੀਲਮ ਬੋਲੀ। ਸਾਰੇ ਬੱਚੇ ਬਜ਼ੁਰਗ ਮਾਤਾ ਦੀ ਗੱਲ ਨਾਲ ਸਹਿਮਤ ਹੋ ਗਏ। ਸੁਰਜੀਤ ਕੌਰ ਪੁਰਾਣੇ ਸਮੇਂ ਦੀ ਦੱਸਵੀਂ ਪਾਸ ਸੀ ਜਦੋਂ ਟਾਵੀਆਂ -ਟਾਵੀਆਂ ਕੁੜੀਆਂ ਹੀ ਪੜ੍ਹਦੀਆਂ ਸਨ। ਉਸਨੇ ਬੱਚਿਆਂ ਨਾਲ ਆਪਣੀ ਗੱਲਬਾਤ ਸਾਂਝੀ ਕਰਕੇ ਆਪਣਾ ਮਨ ਪਰਚਾਉਣਾ ਚਾਹਿਆ ਤੇ ਪੁੱਛਿਆ,
    ‘‘ਭਲਾ ਹੋਰ ਕਿਹੜੀ-ਕਿਹੜੀ ਬੱਚਤ ਹੋ ਸਕਦੀ ਹੈ, ਬੱਚਿਓ?’’
    ‘‘ਦਾਦੀ ਮਾਂ ਧਨ ਦੀ ਬੱਚਤ।’’ ਹਰਿੰਦਰ ਬੋਲਿਆ।

    ‘‘ਹਾਂ ਬੇਟਾ ਧਨ ਬੜੀ ਕੰਮ ਦੀ ਚੀਜ਼ ਹੈ ਜੋ ਵਿਅਕਤੀ ਧਨ ਸੰਭਾਲ ਕੇ ਰੱਖਦਾ, ਇਹ ਉਸਦੇ ਬਿਪਤਾ ਵੇਲੇ ਕੰਮ ਆਉਂਦਾ ਹੈ। ਇਸ ਲਈ ਧਨ ਦੀ ਨਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ।’’
    ‘‘ਪਰ ਲੋਕ ਤਾਂ ਕਹਿੰਦੇ ਨੇ ਧਨ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ।’’ ਇਸ ਵਾਰ ਕਮਲ ਬੋਲਿਆ।
    ‘‘ਬੇਟਾ ਇਸ ਦਾ ਮਤਲਬ ਇਹ ਨਹੀਂ ਕਿ ਧਨ ਹੋਣਾ ਹੀ ਨਹੀਂ ਚਾਹੀਦਾ, ਇਸ ਦਾ ਮਤਲਬ ਹੈ ਕਿ ਲੁੱਟ-ਮਾਰ ਨਾ ਕਰੋ।’’
    ‘‘ਦਾਦੀ ਮਾਂ! ਮੈਂ ਇੱਕ ਹੋਰ ਬੱਚਤ ਦੱਸਾਂ?’’ ਕਮਲ ਬੋਲਿਆ ।
    ‘‘ਹਾਂ-ਹਾਂ ਦੱਸ!’’
    ‘‘ਦਾਦੀ ਮਾਂ ਸਮੇਂ ਦੀ ਬੱਚਤ।’’
    ‘‘ਹਾਂ ਇਹ ਵੀ ਬਹੁਤ ਜ਼ਰੂਰੀ ਹੈ ਜੋ ਸਮੇਂ ਦੀ ਸੰਭਾਲ ਨਹੀਂ ਕਰਦੇ ਉਹ ਬਾਅਦ ਵਿੱਚ ਪਛਤਾਉਂਦੇ ਹਨ। ਹਰ ਕੰਮ ਸਮੇਂ ’ਤੇ ਕਰਨਾ ਚਾਹੀਦਾ ਹੈ।’’
    ‘‘ਦਾਦੀ ਮਾਂ ਸਾਨੂੰ ਵੀ ਪੜ੍ਹਾਇਆ ਗਿਆ ਹੈ ਕਿ ਸਮਾਂ ਕਦੇ ਵੀ ਰੁਕਦਾ ਨਹੀਂ, ਭਾਈ ਵੀਰ ਸਿੰਘ ਜੀ ਕਹਿੰਦੇ ਹਨ- ਸਮੇਂ ਦੀ ਕਦਰ ਕਰੋ।’’ ਕਮਲ ਨੇ ਕਵਿਤਾ ਸੁਣਾਉਣੀ ਸ਼ੁਰੂ ਕੀਤੀ:-

    ਰਹੀ ਵਾਸਤੇ ਘੱਤ,
    ਸਮੇਂ ਨੇ ਇੱਕ ਨਾ ਮੰਨੀ,
    ਫੜ-ਫੜ ਰਹੀ ਧਰੀਕ,
    ਸਮੇਂ ਖਿਸਕਾਈ ਕੰਨੀ,
    ਕਿਵੇਂ ਨ ਸਕੀ ਰੋਕ,
    ਅਟਕ ਜੋ ਪਾਈ ਭੰਨ੍ਹੀ,
    ਤਿੱਖੇ ਆਪਣੇ ਵੇਗ,
    ਟੱਪ ਗਿਆ ਬੰਨੋ-ਬੰਨੀ,
    ਹੋ ਅਜੇ ਸੰਭਾਲ ਸਮੇਂ ਨੂੰ,
    ਕਰ ਸਫਲ ਉਡੰਦਾ ਜਾਂਵਦਾ,
    ਇਹ ਠਹਿਰਨ ਜਾਂਚ ਨਾ ਜਾਣਦਾ,
    ਲੰਘ ਗਿਆ ਮੁੜ ਕੇ ਨਾ ਆਂਵਦਾ।
    ‘‘ਹਾਂ-ਹਾਂ ਮੇਰੇ ਪਿਆਰੇ ਬੱਚਿਓ! ਅਜਿਹੀਆਂ ਕਵਿਤਾਵਾਂ ਜ਼ਰੂਰ ਯਾਦ ਰੱਖਿਆ ਕਰੋ। ਹੁਣ ਤੁਹਾਡੇ ਪੇਪਰ ਆਉਣ ਵਾਲੇ ਨੇ ਉਨ੍ਹਾਂ ਦੀ ਤਿਆਰੀ ਵੀ ਕਰੋ।’’
    ‘‘ਹਾਂ ਦਾਦੀ ਮਾਂ, ਕਰਦੇ ਹੁੰਨੇ ਹਾਂ।’’

    Read Also : ਮਾਂ ਦੀ ਮਮਤਾ (ਪੰਜਾਬੀ ਕਹਾਣੀ)

    ਸੂਰਜ ਦੇਵਤਾ ਅਸਮਾਨ ਵਿੱਚੋਂ ਨਿੱਕਲਣ ਲੱਗਾ ਹੌਲੀ-ਹੌਲੀ ਧੁੰਦ ਵੀ ਘਟ ਰਹੀ ਸੀ ਪਰ ਠੰਢ ਅਜੇ ਵੀ ਬਹੁਤ ਜਿਆਦਾ ਹੋਣ ਕਾਰਨ ਸਾਰੇ ਜਣੇ ਧੂਣੀ ਸੇਕ ਰਹੇ ਸਨ।
    ਸਾਰੇ ਬੱਚਿਆਂ ਵਿੱਚੋਂ ਹਰਮਨ ਸਭ ਤੋਂ ਸ਼ਰਾਰਤੀ ਬੱਚਾ ਸੀ ਉਹ ਨੀਵੀਂ ਪਾਈ ਸਭ ਦੀਆਂ ਗੱਲਾਂ ਸੁਣਨ ਦੇ ਨਾਲ-ਨਾਲ ਇੱਕ ਡੱਕਾ ਚੁੱਕ ਕੇ ਧਰਤੀ ’ਤੇ ਕੁਝ ਵਾਹ ਰਿਹਾ ਸੀ, ਤਾਂ ਦਾਦੀ ਮਾਂ ਤੋਂ ਰਿਹਾ ਨਾ ਗਿਆ, ਉਨ੍ਹਾਂ ਪੁੱਛਿਆ,
    ‘‘ਹਰਮਨ ਬੇਟੇ! ਤੂੰ ਕੋਈ ਬੱਚਤ ਦੱਸੀ ਹੀ ਨਹੀਂ।’’
    ‘‘ਇਹੀ ਤਾਂ ਦਾਦੀ ਮਾਂ ਮੈਂ ਸੋਚ ਰਿਹਾਂ।’’
    ‘‘ਕੀ?’’
    ‘‘ਬਈ ਮੈਂ ਕੀ ਬੱਚਤ ਕਰ ਸਕਦਾ ਹਾਂ।’’
    ‘‘ਫਿਰ ਦੱਸ।’’
    ‘‘ਦਾਦੀ ਮਾਂ, ਦਾਦੀ ਮਾਂ।’’
    ‘‘ਹਾਂ ਬੇਟੇ!’’
    ‘‘ਪਾਣੀ ਦੀ ਬੱਚਤ ਸਭ ਤੋਂ ਜ਼ਰੂਰੀ ਹੈ।’’
    ‘‘ਹਾਂ ਬੇਟੇ ਹਰਮਨ! ਇਹ ਸਭ ਤੋਂ ਜ਼ਰੂਰੀ ਹੈ, ਪਾਣੀ ਬਿਨਾਂ ਜੀਵਨ ਸੰਭਵ ਨਹੀਂ। ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ।’’
    ‘‘ਦਾਦੀ ਮਾਂ ਸਾਨੂੰ ਪਾਣੀ ਵਿਅਰਥ ਨਹੀਂ ਡੋਲ੍ਹਣਾ ਚਾਹੀਦਾ।’’
    ‘‘ਹਾਂ ਬੇਟੇ।’’
    ‘‘ਦਾਦੀ ਮਾਂ ਸਾਨੂੰ ਵਰਤੇ ਪਾਣੀ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ ਭਾਵ ਟੋਭਿਆਂ ਤੋਂ ਪਾਣੀ ਖੇਤਾਂ ਨੂੰ ਜਾਣਾ ਚਾਹੀਦਾ ਹੈ।’’
    ‘‘ਹਾਂ ਬੇਟੇ ਇਹ ਤਾਂ ਵੱਡੇ ਪ੍ਰੋਜੈਕਟ ਹਨ। ਇਹ ਵੀ ਹੱਲ ਹੋਊ। ਪਰ ਹਰਮਨ ਤੈਂ ਪਾਣੀ ਦੀ ਬੱਚਤ ਤਾਂ ਦੱਸ ਦਿੱਤੀ ਪਰ ਬੱਚਤ ਦਾ ਤਰੀਕਾ ਨਹੀਂ ਦੱਸਿਆ।’’
    ‘‘ਦਾਦੀ ਮਾਂ ਤਰੀਕਾ ਤਾਂ ਮੈਂ ਦੱਸ ਦਿਆਂ ਪਰ ਤੁਸੀਂ ਹੱਸੋਗੇ।’’
    ਸਭ ਜਾਣਦੇ ਸਨ ਕਿ ਹਰਮਨ ਹਮੇਸ਼ਾ ਅਜਿਹੀਆਂ ਗੱਲਾਂ ਹੀ ਕਰਦਾ ਹੈ ਜੋ ਹਸਾਉਣ ਵਾਲੀਆਂ ਹੁੰਦੀਆਂ ਹਨ, ਇਸ ਲਈ ਸਾਰੇ ਕਹਿਣ ਲੱਗੇ, ‘‘ਨਹੀਂ ਤੂੰ ਦੱਸ।’’
    ‘‘ਦਾਦੀ ਮਾਂ ਮੈਂ ਤੇ ਮੇਰੀ ਭੈਣ ਨੇ ਸਾਲ ਦੇ ਪਹਿਲੇ ਦਿਨ ਪਾਣੀ ਬਰਬਾਦ ਨਾ ਕਰਨ ਦੀ ਸਹੁੰ ਖਾਧੀ।’’
    ‘‘ਕਿਵੇਂ?’’ ਦਾਦੀ ਮਾਂ ਨੇ ਉਤਸੁਕਤਾ ਨਾਲ ਪੁੱਛਿਆ।
    ‘‘ਦੇਖੋ ਅਸੀਂ ਦੋਵੇਂ ਚਾਰ-ਚਾਰ ਦਿਨਾਂ ਬਾਅਦ ਨਹਾਉਂਦੇ ਹਾਂ। ਇਸ ਨਾਲ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ।’’ ਸਾਰੇ ਜਣੇ ਹੱਸ ਪਏ ਦਾਦੀ ਮਾਂ ਨੇ ਹਾਸਾ ਰੋਕ ਕੇ ਕਿਹਾ,

    ‘‘ਹਰਮਨ ਬੱਚਤ ਤਾਂ ਤੇਰੀ ਠੀਕ ਹੈ ਪਰ ਨਹਾਉਣਾ ਵੀ ਜ਼ਰੂਰੀ ਹੈ। ਇਸ ਲਈ ਨਹਾਉਣ ਵੇਲੇ ਪਾਣੀ ਦੀ ਘੱਟ ਵਰਤੋਂ ਕਰੋ।’’
    ਸੂਰਜ ਨਿੱਕਲਣ ਨਾਲ ਠੰਢ ਘਟ ਗਈ। ਬੱਚੇ ਰੋਟੀ ਖਾਣ ਲਈ ਆਪਣੇ-ਆਪਣੇ ਘਰਾਂ ਵੱਲ ਜਾਣ ਲੱਗੇ। ਸੁਰਜੀਤ ਕੌਰ ਦਾ ਪੋਤਾ ਕਮਲ ਵੀ ਅੰਦਰ ਚਲਾ ਗਿਆ। ਧੂਣੀ ਦਾ ਸੇਕ ਘਟ ਗਿਆ। ਸੁਰਜੀਤ ਕੌਰ ਨੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਕੇ ਆਪਣਾ ਮਨ ਪਰਚਾ ਲਿਆ ਬੱਚੇ ਗਿਆਨ ਸਾਂਝਾ ਕਰਕੇ ਚਲੇ ਗਏ।

    ਜਤਿੰਦਰ ਮੋਹਨ, ਮੱਤੜ, ਸਰਸਾ
    ਮੋ. 94630-20766