ਪਾਣੀ ਬਚਾਓ, ਰੁੱਖ ਲਾਓ, ਇਸ ਧਰਤੀ ਨੂੰ ਸਵਰਗ ਬਣਾਓ
ਮਨੁੱਖ ਭਾਵੇਂ ਸਮੇਂ ਨਾਲ ਹੋਰ ਵਧੇਰੇ ਸਿਆਣਾ ਹੁੰਦਾ ਜਾ ਰਿਹਾ ਹੈ ਇਸਨੇ ਆਪਣੀ ਸੂਝ-ਬੂਝ ਨਾਲ ਬਹੁਤ ਤਰੱਕੀ ਕਰ ਲਈ ਹੈ। ਪਰ ਤਰੱਕੀ ਦੇ ਨਾਲ-ਨਾਲ ਇਸ ਵਲੋਂ ਕੁਦਰਤੀ ਸਾਧਨਾਂ ਦਾ ਜੋ ਵਿਨਾਸ ਕੀਤਾ ਜਾ ਰਿਹਾ ਹੈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਵਾ, ਪਾਣੀ ਤੇ ਧਰਤੀ ਕੁਦਰਤ ਦੀਆਂ ਬਖ਼ਸ਼ੀਆਂ ਹੋਈਆਂ ਉਹ ਸੌਗਾਤਾਂ ਹਨ ਜਿਨ੍ਹਾਂ ਦੇ ਸਹਾਰੇ ਮਨੁੱਖ ਅਤੇ ਦੁਨੀਆਂ ਦੇ ਹੋਰ ਜੀਵ ਜਿਊਂਦੇ ਹਨ। ਜੇਕਰ ਹਵਾ ਜ਼ਹਿਰੀਲੀ ਹੋ ਜਾਵੇ ਜਾਂ ਨਹਿਰਾਂ ਅਤੇ ਦਰਿਆਵਾਂ ਦਾ ਪਾਣੀ ਖਤਮ ਹੋ ਜਾਵੇ ਜਾਂ ਧਰਤੀ ਮਾਰੂਥਲ ਹੋ ਜਾਵੇ, ਤਾਂ ਮਨੁੱਖ ਅਤੇ ਸੰਸਾਰ ਦੇ ਜੀਵ ਜਿਊਂਦੇ ਨਹੀਂ ਰਹਿਣਗੇ।
ਦੁਨੀਆਂ ਦੇ ਅਨੇਕਾਂ ਮੁਲਕਾਂ ਦੀ ਧਰਤੀ ਇਸ ਲਈ ਮਾਰੂਥਲ ਬਣਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਮੁਲਕਾਂ ਦੇ ਲੋਕਾਂ ਨੇ ਧਰਤੀ ਤੋਂ ਰੁੱਖ ਕੱਟ-ਕੱਟ ਕੇ ਉਸਨੂੰ ਨੰਗਿਆ ਕਰ ਛੱਡਿਆ ਹੈ। ਮੋਹੰਜੋਦੜੋ ਤੇ ਹੜੱਪਾ ਦੋ ਪ੍ਰਸਿੱਧ ਸ਼ਹਿਰ ਸਨ ਜੋ ਕਿ ਸ਼ਹਿਰਾਂ ਦੀ ਆਦਰਸ਼ ਵਿਉਂਤਬੰਦੀ ਦੇ ਨਮੂਨੇ ਸਨ। ਉਹ ਵੀ ਰੇਤ ਦੀਆਂ ਹਨੇਰੀਆਂ ਨਾਲ ਦੱਬ ਕੇ ਸਮਾਪਤ ਹੋ ਗਏ, ਕਿਉਂਕਿ ਉਥੋਂ ਦੇ ਲੋਕਾਂ ਨੇ ਧਰਤੀ ਤੋਂ ਰੁੱਖਾਂ ਦੀ ਕਟਾਈ ਲੋੜ ਤੋਂ ਬਹੁਤ ਵੱਧ ਕਰ ਦਿੱਤੀ ਸੀ।
ਰੁੱਖ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ। ਰੁੱਖ ਦੀ ਛਾਂ, ਲੱਕੜ, ਫੱਲ, ਦਵਾਈਆਂ ਨੇ ਹਮੇਸ਼ਾ ਮਨੁੱਖ ਨੂੰ ਖ਼ੁਸ਼ਹਾਲ ਜ਼ਿੰਦਗੀ ਦਿਤੀ ਹੈ। ਰੁੱਖ ਧਰਤੀ ਦਾ ਸਰਮਾਇਆ ਹਨ ਤੇ ਅੱਜ ਆਧੁਨਿਕ ਮਨੁੱਖ ਵੀ ਰੁੱਖਾਂ ਉਤੇ ਹੀ ਨਿਰਭਰ ਹੈ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ ਵਿਚ ਸਹਾਇਕ ਹੁੰਦੇ ਹਨ। ਧਰਤੀ ’ਤੇ ਜੀਵਨ ਪ੍ਰਦਾਨ ਕਰਨ ਵਾਲੀ ਆਕਸੀਜਨ ਅਤੇ ਵਰਖਾ ਦਾ ਮੁੱਖ ਸਾਧਨ ਰੁੱਖ ਹੀ ਹਨ।
ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਬਾਰੇ ਲਿਖਿਆ ਹੈ,
‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ,
ਕੁਝ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ-ਟਾਵਾਂ।‘
ਅੱਜ ਮਨੁੱਖ ਨੇ ਆਪਣੇ ਲਈ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਤਾਂ ਜੁਟਾ ਲਈਆਂ ਹਨ ਪਰ ਦੂਜੇ ਪਾਸੇ ਜੀਵਨ ਜਿਊਣ ਲਈ ਜੋ ਮੁਢਲੀਆਂ ਜਰੂਰੀ ਚੀਜਾਂ ਚਾਹੀਦੀਆਂ ਹਨ ਉਨ੍ਹਾਂ ਦੀ ਧੜਾਧੜ ਬਰਬਾਦੀ ਕਰ ਰਿਹਾ ਹੈ। ਅੰਨੇਵਾਹ ਪਾਣੀ ਦੀ ਦੁਰਵਰਤੋਂ ਅਤੇ ਨਦੀਆਂ, ਦਰਿਆਵਾਂ ਦੇ ਪਾਣੀ ਨੂੰ ਗੰਧਲਾ ਕਰ ਕੇ ਬੋਤਲਾਂ ਵਾਲਾ ਪਾਣੀ ਖਰੀਦਣ ਦੀ ਆਦਤ ਤਾਂ ਅਸੀਂ ਪਾ ਹੀ ਲਈ ਹੈ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਵੀ ਮੁੱਲ ਖਰੀਦ ਕੇ ਸਾਹ ਲੈਣਾ ਪਵੇਗਾ। ਕਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਪੈਦਾਵਾਰ ਦੀ ਕਮੀਂ ਦੇ ਚਲਦਿਆਂ ਲੋਕ ਆਪਣੇ ਕਿਸੇ ਪਰਿਵਾਰਕ ਮੈਂਬਰ ਲਈ ਕਿਵੇਂ ਇੱਕ-ਇੱਕ ਆਕਸੀਜਨ ਸਿਲੰਡਰ ਲਈ ਮਾਰੇ ਮਾਰੇ ਫਿਰਦੇ ਸਨ।
ਜੇਕਰ ਸਾਨੂੰ ਸਾਰਿਆਂ ਨੂੰ ਹੀ ਇਸ ਤਰ੍ਹਾਂ ਆਕਸੀਜਨ ਸਿਲੰਡਰਾਂ ਦੀ ਜਰੂਰਤ ਪੈ ਜਾਵੇ ਤਾਂ ਸੋਚ ਕੇ ਵੇਖੋ! ਫਿਰ ਹਾਲਾਤ ਕੀ ਹੋਣਗੇ? ਸਾਡੇ ਵਾਤਾਵਰਨ ਵਿਚ ਲਗਾਤਾਰ ਵੱਧਦਾ ਪ੍ਰਦੂਸ਼ਨ ਅਤੇ ਇਸ ਵਿੱਚ ਵੱਧਦਾ ਅਸੰਤੁਲਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਤ ਇਹ ਹਨ ਕਿ ਵਿਕਾਸ ਦੀ ਆੜ ਵਿਚ ਥਾਂ ਥਾਂ ਤੇ ਰੁੱਖਾਂ ਦਾ ਕਤਲੇਆਮ ਹੋ ਰਿਹਾ ਹੈ ਅਤੇ ਰੁੱਖਾਂ ਹੇਠ ਰਕਬਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਕੱਟੇ ਜਾਣ ਵਾਲੇ ਇਹਨਾਂ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਸਬੰਧੀ ਨਾ ਹੀ ਸਰਕਾਰ ਅਤੇ ਸਬੰਧਿਤ ਵਿਭਾਗ ਅਤੇ ਨਾ ਹੀ ਲੋਕ ਬਹੁਤੀ ਗੰਭੀਰਤਾ ਦਿਖਾਉਂਦੇ ਹਨ।
ਬਹੁਤ ਸਾਰੇ ਵਾਤਾਵਰਨ ਪ੍ਰੇਮੀਆਂ ਵੱਲੋਂ ਪਹਿਲ ਕਰਦਿਆਂ ਨਵੇਂ ਪੌਦੇ ਲਗਾਉਣ ਅਤੇ ਲੋਕਾਂ ਨੂੰ ਇਸ ਪ੍ਰਤੀ ਪ੍ਰੇਰਣ ਦੇ ਯਤਨ ਕੀਤੇ ਜਾਂਦੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਹਰ ਸਾਲ ਹੀ ਕੁਝ ਸੰਸਥਾਂਵਾਂ ਵੱਖ-ਵੱਖ ਥਾਵਾਂ ਉਪਰ ਨਵੇਂ ਪੌਦੇ ਤਾਂ ਲਗਾਉਂਦੀਆਂ ਹਨ ਪਰ ਉਹਨਾਂ ਪੌਦਿਆਂ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਉਹ ਪੌਦੇ ਕੁਝ ਮਹੀਨਿਆਂ ਵਿਚ ਹੀ ਸੁੱਕ ਜਾਂਦੇ ਹਨ ਅਤੇ ਅਗਲੇ ਸਾਲ ਸੰਸਥਾਵਾਂ ਫਿਰ ਉਹਨਾਂ ਹੀ ਥਾਂਵਾਂ ਉਪਰ ਨਵੇਂ ਪੌਦੇ ਲਗਾ ਕੇ ਆਪਣਾ ਫਰਜ ਪੂਰਾ ਹੋਇਆ ਸਮਝ ਲੈਂਦੀਆਂ ਹਨ। ਜਿਸ ਕਾਰਨ ਰੁੱਖਾਂ ਦੀ ਗਿਣਤੀ ਵੱਧਣ ਦੀ ਥਾਂ ਦਿਨੋਂ ਦਿਨ ਘੱਟਦੀ ਹੀ ਜਾ ਰਹੀ ਹੈ।
ਬਹੁਤ ਸਾਰੇ ਲੀਡਰ ਅਤੇ ਸਰਕਾਰੀ ਅਧਿਕਾਰੀ ਸਮਾਜਿਕ ਹਿੱਤਾਂ ਦੇ ਤਾਣੇ-ਬਾਣੇ ਬਣਾਉਂਦਿਆਂ ਅਖ਼ਬਾਰੀ ਸੁਰਖੀਆਂ ਲਈ ਰੁੱਖ ਲਗਵਾਉਣ ਵੇਲੇ ਤਸਵੀਰ ਤਾਂ ਖਿਚਾਉਂਦੇ ਹਨ ਪਰ ਸੱਚੀ ਭਾਵਨਾ ਨਾਲ ਰੁੱਖ ਦੇ ਵੱਡਾ ਹੋਣ ਤੱਕ ਇਸ ਰੁੱਖ ਦੀ ਸੰਭਾਲ ਦਾ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ।
ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ-ਦੌਲਤ, ਜਮੀਨ-ਜਾਇਦਾਦ ਇਕੱਠਾ ਕਰਨ ਤੇ ਹੀ ਸਾਰਾ ਜੋਰ ਲਗਾ ਰੱਖਿਆ ਹੈ।
ਜੇਕਰ ਅਸੀਂ ਉਨ੍ਹਾਂ ਦੇ ਸਾਹ ਲੈਣ ਲਈ ਸਾਫ ਹਵਾ, ਪੀਣ ਲਈ ਸਾਫ ਪਾਣੀ ਹੀ ਨਾ ਛੱਡਿਆ ਤਾਂ ਇਹ ਜਾਇਦਾਦਾਂ ਉਨ੍ਹਾਂ ਦੇ ਕਿਸ ਕੰਮ ਦੀਆਂ ਹਨ? ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਵੇ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰੇ। ਇਸ ਲਈ ਸਾਨੂੰ ਸਾਰਿਆਂ ਨੂੰ ਰੁੱਖਾਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਸਦੇ ਨਾਲ ਹੀ ਪਹਿਲਾਂ ਲਗਾਏ ਪੌਦਿਆਂ ਦੀ ਵੀ ਪੂਰੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਇੱਕ ਦਿਨ ਰੁੱਖ ਬਣ ਕੇ ਸਾਡੇ ਭਵਿੱਖ ਨੂੰ ਸੋਹਣਾ ਬਣਾ ਸਕਣ।
ਪਿੰਡ ਗੁਰਨੇ ਖੁਰਦ (ਮਾਨਸਾ),
ਸੰਪਰਕ : 9876888177
ਚਾਨਣ ਦੀਪ ਸਿੰਘ ਔਲਖ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ