ਸਰਕਾਰੀ ਹੁਕਮ ਹੀ ਨਹੀਂ, ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ

Water

ਸਰਕਾਰੀ ਹੁਕਮ ਹੀ ਨਹੀਂ, ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ

ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਥੱਲੇ ਜਾ ਰਿਹਾ ਹੈ। ਜਿਹੜਾ ਪਾਣੀ ਅਸੀਂ ਪੀ ਰਹੇ ਹਾਂ ਉਹ ਵੀ ਗੰਧਲਾ ਹੋ ਰਿਹਾ ਜੋ ਕਿ ਪੀਣ ਦੇ ਲਾਇਕ ਨਹੀਂ ਹੈ। ਪਰ ਇਸ ਤੋਂ ਅਸੀਂ ਜਾਗੂਰਕ ਨਹੀ ਹਾਂ ਜਾਂ ਫੇਰ ਇਸ ਨੂੰ ਅਸੀਂ ਜਾਣ-ਬੱੁਝ ਕੇ ਪਾਣੀ ਬਚਾਉਣ ਲਈ ਅਮਲੀ ਜਾਮਾ ਨਹੀਂ ਪਹਿਨਾ ਰਹੇ। ਕੇਵਲ ਅਖਬਾਰਾਂ ’ਚ ਅਤੇ ਟੀ. ਵੀ. ਚੈਨਲਾਂ ’ਤੇ ਪਾਣੀ ਬਚਾਉਣ ਬਾਰੇ ਕਈ ਬੱੁਧੀਜੀਵੀਆਂ ਦੇ ਵਿਚਾਰ ਜਾਂ ਫੇਰ ਸਰਕਾਰੀ ਇਸ਼ਤਿਹਾਰ ਦੇਖ ਕੇ ਅਣਸੁਣਿਆ ਕਰ ਦਿੰਦੇ ਹਾਂ ਜਿਵੇਂਕਿ ਇਹ ਕੋਈ ਖਾਸ ਗੱਲ ਨਹੀਂ ਹੈ।

ਪਰ ਇਹ ਬਹੁਤ ਹੀ ਗੰਭੀਰ ਸੰਕਟ ਹੈ ਜੋ ਕਿ ਸਾਡੇ ’ਤੇ ਆਉਣ ਵਾਲਾ ਹੈ ਜਿਸ ਦਾ ਖਮਿਆਜਾ ਜੇ ਅਸੀਂ ਨਹੀਂ ਤਾਂ ਫੇਰ ਸਾਡੀਆਂ ਆਉਣ ਵਾਲੀਆਂ ਨਸਲਾਂ ਜਰੂਰ ਭੁਗਤਣਗੀਆਂ। ਜਿਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਅਤੇ ਜਾਗੂਰਕ ਹੋਣ ਦੀ ਲੋੜ ਹੈ। ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ ਅਤੇ 20 ਜੂਨ ਤੋਂ ਪਹਿਲਾਂ ਕਿਸੇ ਕਿਸਾਨ ਨੇ ਝੋਨੇ ਦੀ ਲਵਾਈ ਨਹੀਂ ਕਰਨੀ। ਪਰ ਕਈ ਕਿਸਾਨਾਂ ਨੂੰ ਇਹ ਸ਼ਾਇਦ ਪਤਾ ਹੀ ਨਹੀਂ ਕਿ ਇਹ ਝੋਨੇ ਦੀ ਲਵਾਈ ਦਾ ਸਮਾਂ ਸਰਕਾਰ ਨੇ ਵੀਹ ਜੂਨ ਦਾ ਕਿਸ ਕਰਕੇ ਕੀਤਾ ਹੈ।

ਪਾਣੀ ਦੀ ਕਮੀ ਦਾ ਖਮਿਆਜਾ

ਜਾਗਰੂਕ ਨਾ ਹੋਣ ਕਰਕੇ ਹੀ ਕਈ ਕਿਸਾਨ ਖਾਲੀ ਖੇਤਾਂ ’ਚ ਮੋਟਰਾਂ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਇਹ ਹੈ ਕਿ ਮੋਟਰ ਚਲਾ ਦਿਓ, ਖੇਤ ਠੰਢੇ ਹੋ ਜਾਣੇ ਹਨ, ਕਿਹੜਾ ਮੋਟਰ ਦਾ ਬਿੱਲ ਆਉਣਾ ਹੈ। ਜਦੋਂਕਿ ਜਿਹੜਾ ਕਿਸਾਨ ਅਜਿਹਾ ਕਰ ਰਿਹਾ ਹੈ ਪਾਣੀ ਦੀ ਕਮੀ ਦਾ ਖਮਿਆਜਾ ਤਾਂ ਉਨ੍ਹਾਂ ਦੀਆਂ ਨਸਲਾਂ ਵੀ ਭੁਗਤਣਗੀਆਂ, ਪਾਣੀ ਤੋਂ ਬਿਨਾਂ ਤਾਂ ਉਹ ਵੀ ਨਹੀਂ ਰਹਿ ਸਕਦੀਆਂ।

ਇਸ ਲਈ ਅਜਿਹੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜਿਸ ਵਿੱਚ ਕਿ ਸਰਕਾਰ ਤੋਂ ਇਲਾਵਾ ਵੀ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿਉਂਕਿ ਇਹ ਸਾਡੇ ਸਾਰਿਆਂ ਦਾ ਗੰਭੀਰ ਮਸਲਾ ਹੈ। ਇਸ ਤੋਂ ਇਲਾਵਾ ਕਈ ਥਾਈਂ ਦੇਖਣ ਨੂੰ ਮਿਲਿਆ ਕਿ ਸਾਂਝੀਆਂ ਥਾਵਾਂ ’ਤੇ ਲੱਗੀਆਂ ਟੂਟੀਆਂ ਬਿਨਾ ਮਤਲਬ ਹੀ ਚੱਲੀ ਜਾਂਦੀਆਂ ਹਨ, ਪਾਣੀ ਇਸੇ ਤਰ੍ਹਾਂ ਹੀ ਬਰਬਾਦ ਹੋਈ ਜਾਂਦਾ ਹੈ। ਸ਼ਾਇਦ ਪਾਣੀ ਦੀ ਕੀਮਤ ਤੋਂ ਜਾਗਰੂਕ ਨਾ ਹੋਣ ਕਾਰਨ ਹੀ ਇਨ੍ਹਾਂ ਟੂਟੀਆਂ ਨੂੰ ਕੋਈ ਬੰਦ ਨਹੀਂ ਕਰਦਾ ਹੈ ਅਤੇ ਨਾ ਹੀ ਪਿੰਡ ਦਾ ਕੋਈ ਸੂਝਵਾਨ ਆਦਮੀ ਬੰਦ ਕਰਨ ਬਾਰੇ ਕਿਸੇ ਨੂੰ ਕਹਿੰਦਾ ਹੈ। ਬੱਸ ਆਮ ਜਿਹੀ ਗੱਲ ਸਮਝ ਕੇ ਕੋਲ ਦੀ ਲੰਘ ਜਾਂਦਾ ਹੈ ਅਤੇ ਘਰੇ ਜਾ ਕੇ ਕਹਿੰਦਾ ਹੈ, ਮੈਨੂੰ ਪਾਣੀ ਦਿਓ ਪਿਆਸ ਬਹੁਤ ਲੱਗੀ ਹੈ।

ਸੋਚੋ ਘਰ ਜਾ ਕੇ ਪੀਣ ਲਈ ਸਾਨੂੰ ਪਾਣੀ ਨਾ ਮਿਲੇ ਤਾਂ ਸਾਡਾ ਕੀ ਹਾਲ ਹੋਵੇਗਾ। ਇਸ ਲਈ ਜੇਕਰ ਅਸੀਂ ਪਾਣੀ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਜਾਗੂਰਕ ਹੋਣਾ ਪਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿੰਦੀ ਹੈ ਕਿ ਜਿਸ ਕਿਸਾਨ ਕੋਲ 10 ਏਕੜ ਜ਼ਮੀਨ ਹੈ ਜੇ ਉਹ ਪਾਣੀ ਬਚਾਉਣ ਦਾ ਉਪਰਾਲਾ ਕਰਨਾ ਚਾਹੇ ਤਾਂ 10 ਏਕੜ ’ਚੋਂ 5 ਏਕੜ ’ਚ ਝੋਨੇ ਤੋਂ ਇਲਾਵਾ ਕੋਈ ਹੋਰ ਰਵਾਇਤੀ ਫਸਲਾਂ ਬੀਜ ਲਵੇ। ਪਰ ਕਿਸਾਨਾਂ ਦਾ ਕਹਿਣਾ ਹੈ ਅਸੀਂ ਰਵਾਇਤੀ ਫਸਲਾਂ ਬੀਜਣ ਨੂੰ ਤਿਆਰ ਹਾਂ ਦੂਜੀਆਂ ਫਸਲਾਂ ਦਾ ਕੋਈ ਪੱਕਾ ਮੰਡੀਕਰਨ ਦੀ ਨੀਤੀ ਸਰਕਾਰ ਲੈ ਕੇ ਆਵੇ।

ਇਸ ਵਾਰ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ 1500 ਰੁਪਏ ਫੀ ਏਕੜ ਦੇਣ ਦਾ ਲਾਲਚ ਦਿੱਤਾ ਹੈ। ਪਰ ਕਿਸਾਨ ਕਹਿੰਦੇ ਕਿ ਸਾਨੂੰ ਇਹ ਸਿੱਧੀ ਬਿਜਾਈ ਲਾਭਦਾਇਕ ਨਹੀਂ ਹੈ। ਇਸ ਕਰਕੇ ਇਹ ਸਾਰਾ ਕੁਝ ਛੱਡ ਕੇ ਲੋਕਾਂ ਨੂੰ ਜਾਗੂਰਕ ਕਰਨ ਦੀ ਲੋੜ ਹੈ ਕਿ ਸਾਡਾ ਜੀਵਨ ਖਤਰੇ ’ਚ ਹੈ ਸਾਨੂੰ ਪਾਣੀ ਬਚਾਉਣ ਬਾਰੇ ਸੋਚਣਾ ਹੀ ਪਵੇਗਾ। ਇਸ ਤੋਂ ਇਲਾਵਾ ਜੇਕਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਕੋਲ ਪਾਣੀ ਦੇ ਮਸਲੇ ਨੂੰ ਲੈ ਕੇ ਅਵਾਜ ਚੱੁਕਦੀਆਂ ਹਨ ਤਾਂ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਇਸ ਤਰ੍ਹਾਂ ਬਰਬਾਦ ਹੋ ਰਹੇ ਪਾਣੀ ਨੂੰ ਬਚਾਉਣ ’ਤੇ ਵੀ ਬੋਲਣਾ ਚਾਹੀਦਾ ਹੈ ਕਿਉਂਕਿ ਜੇਕਰ ਪਾਣੀ ਹੈ ਤਾਂ ਜੀਵਨ ਹੈ ਜੇ ਜੀਵਨ ਹੈ ਤਾਂ ਹੀ ਸਾਰਾ ਕੁਝ ਹੈ।

ਰਾਮ ਸਰੂਪ ਪੰਜੋਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here