ਖਰਬੂਜ਼ੇ ਦੀਆਂ ਬਿਮਾਰੀਆਂ ਤੇ ਬਚਾਓ

ਕੱਦੂ ਜਾਤੀ ਦੀਆਂ ਫ਼ਸਲਾਂ ‘ਚੋਂ ਖਰਬੂਜ਼ਾ ਇੱਕ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ ਜਿਸ ਦੀ ਕਾਸ਼ਤ ਪੰਜਾਬ ‘ਚ ਤਕਰੀਬਨ 4.8 ਹਜ਼ਾਰ ਹੈਕਟੇਅਰ ਰਕਬੇ ‘ਚ ਕੀਤੀ ਜਾਂਦੀ ਹੈ ਇਸ ਦੇ ਫ਼ਲ ‘ਚ ਵਿਟਾਮਿਨ ਏ, ਬੀ ਸੀ, ਕੈਲਸ਼ੀਅਮ, ਫਾਸਫੋਰਸ, ਲੋਹਾ ਆਦਿ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਇਹ ਮਈ-ਜੂਨ ਦੇ ਮਹੀਨੇ ਮਿਲਣ ਵਾਲਾ (Melon Diseases )ਇੱਕ ਸਥਾਨਕ ਫ਼ਲ ਹੈ ਜੋ ਸਾਨੂੰ ਖੁਸ਼ਕ ਅਤੇ ਗਰਮ ਮੌਸਮ ਦੌਰਾਨ ਗਰਮੀ ਅਤੇ ਲੂ ਲੱਗਣ ਤੋਂ ਬਚਾਉਂਦਾ ਹੈ ਇਸ ਦੀ ਫ਼ਸਲ ਉੱਤੇ ਵਿਸ਼ਾਣੂ ਤੇ ਪੀਲੇ ਧੱਬਿਆਂ ਦੇ ਰੋਗ ਦਾ ਭਿਆਨਕ ਹਮਲਾ ਹੁੰਦਾ ਹੈ, ਜਿਸ ਕਰਕੇ ਇਸ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸੇ ਕਰਕੇ ਇਨ੍ਹਾਂ ਬਿਮਾਰੀਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨਾ ਤੇ ਸਮੇਂ ਸਿਰ ਇਨ੍ਹਾਂ ‘ਤੇ ਕਾਬੁ ਪਾਉਣਾ ਜ਼ਰੁਰੀ ਹੈ ਤਾਂ ਜੋ ਇਨ੍ਹਾਂ ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਸਕੇ ਅਤੇ ਖਰਬੂਜ਼ੇ ਦੀ ਫ਼ਸਲ ਬਚਾਈ ਜਾ ਸਕੇ

ਵਿਸ਼ਾਣੂ ਰੋਗ (Melon Diseases)

ਵਿਸ਼ਾਣੂ ਰੋਗ ਕੱਦੂ ਜਾਤੀ ਦੀਆਂ ਫ਼ਸਲਾਂ ਦਾ ਇੱਕ ਬਹੁਤ ਹੀ ਭਿਆਨਕ ਰੋਗ ਹੈ ਪਰ ਖਰਬੂਜੇ ‘ਤੇ ਇਸ ਦਾ ਹਮਲਾ ਬਹੁਤ ਗੰਭੀਰ ਹੁੰਦਾ ਹੈ ਪਿਛਲੇ 5-6 ਸਾਲਾਂ ਦੇ ਸਰਵੇਖਣ ਤੋਂ ਇਹ ਪਤਾ ਲੱਗਾ ਹੈ ਕਿ ਇਸ ਬਿਮਾਰੀ ਦਾ ਹਮਲਾ ਉਸ ਫਸਲ ‘ਤੇ ਅਗੇਤਾ ਹੀ ਹੋ ਜਾਂਦਾ ਹੈ ਜਿੱਥੇ ਪਹਿਲਾਂ ਹੀ ਬਿਮਾਰੀ ਵਾਲੀ ਫ਼ਸਲ ਤੋਂ ਰੱਖਿਆ ਬੀਜ ਵਰਤਿਆ ਗਿਆ ਹੋਵੇ ਅਜਿਹੇ ਖੇਤਾਂ ਵਿੱਚ ਬਿਮਾਰੀ ਕਾਫ਼ੀ ਭਿਆਨਕ ਰੂਪ ‘ਚ ਹਮਲਾ ਕਰਦੀ ਹੈ ਪੱਤਿਆਂ ਉੱਤੇ ਹਲਕੇ ਤੇ ਗੁੜ੍ਹੇ ਹਰੇ ਜਾਂ ਪੀਲੇ ਰੰਗ ਦੇ ਚਿਤਰੇ-ਮਿਤਰੇ ਧੱਬਿਆਂ ਤੋਂ ਇਹ ਬਿਮਾਰੀ ਸੌਖੀ ਪਛਾਣੀ ਜਾ ਸਕਦੀ ਹੈ।

ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਵੇਲਾਂ ਛੋਟੀਆਂ ਰਹਿ ਜਾਂਦੀਆਂ ਹਨ ਗੰਭੀਰ ਹਾਲਤਾਂ ਵਿੱਚ ਪ੍ਰਭਾਵਿਤ ਵੇਲਾਂ ਤੇ ਪੱਤੇ ਬਹੁਤ ਹੀ ਛੋਟੇ ਰਹਿ ਜਾਂਦੇ ਹਨ ਤੇ ਬਾਂਦਰ ਪੰਜੇ ਵਰਗੀ ਸ਼ਕਲ ਅਖਤਿਆਰ ਕਰ ਲੈਂਦਾ ਹਨ ਕਈ ਵਾਰ ਪੱਤਿਆਂ ਤੇ ਫਲਾਂ ‘ਤੇ ਗੂੜ੍ਹੇ ਹਰੇ ਰੰਗ ਦੇ ਉੱਭਰਵੇਂ ਧੱਫ਼ੜ ਬਣ ਜਾਂਦੇ ਹਨ ਇਸ ਵਿਸ਼ਾਣੂ ਰੋਗ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜੋ ਕਿ ਕੱਦੂ ਜਾਤੀ ਦੀਆਂ ਵੱਖ-ਵੱਖ ਪ੍ਰਜਾਤੀਆਂ ‘ਤੇ ਪਾਈਆਂ ਜਾਂਦੀਆਂ ਹਨ ਬਿਮਾਰੀ ਦੀ ਤੀਬਰਤਾ ਤੇ ਨਿਸ਼ਾਨੀਆਂ ਫ਼ਸਲ ਦੀ ਕਿਸਮ, ਉਮਰ ਤੇ ਵਿਸ਼ਾਣੂ ਦੀਆਂ ਕਿਸਮਾਂ ‘ਤੇ ਨਿਰਭਰ ਕਰਦੇ ਹਨ (Melon Diseases)

ਇਸ ਰੋਗ ਦਾ ਵਿਸ਼ਾਣੂ ਬੀਜ ਰਾਹੀਂ ਫੈਲਦਾ ਹੈ ਜੋ ਅਗੇਤੇ ਬੀਜੇ ਚੱਪਣ ਕੱਦੂ ਤੋਂ ਖਰਬੂਜੇ ਦੀ ਫਸਲ ‘ਤੇ ਆ ਜਾਂਦਾ ਹੈ ਤੇਲਾ ਇਸ ਵਿਸ਼ਾਣੂ ਨੂੰ ਬਿਮਾਰ ਬੂਟੇ ਤੋਂ ਤੰਦਰੁਸਤ ਬੂਟੇ ‘ਤੇ ਫੈਲਾਉਂਦਾ ਹੈ ਇਸ ਤੋਂ ਇਲਵਾ ਇਹ ਵਿਸ਼ਾਣੂ ਕਈ ਤਰ੍ਹਾਂ ਦੇ ਨਦੀਨਾਂ ‘ਤੇ ਵੀ ਪਲਦਾ ਰਹਿੰਦਾ ਹੈ, ਜਿੱਥੋਂ ਇਹ ਅੱਗੇ ਫੈਲ ਜਾਂਦਾ ਹੈ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਰਾਹੀਂ ਵੀ ਇਹ ਰੋਗ ਫੈਲ ਜਾਂਦਾ ਹੈ-

ਬਿਮਾਰੀ ‘ਤੇ ਕਾਬੁ ਪਾਉਣ ਲਈ ਹੇਠ ਦਿੱਤੇ ਨੁਕਤੇ ਅਪਣਾਓ:- (Melon Diseases)

1. ਰੋਗ ਰਹਿਤ ਤੇ ਪ੍ਰਮਾਣਿਤ ਬੀਜ ਹਮੇਸ਼ਾ ਭਰੋਸੇਯੋਗ ਏਜੰਸੀਆਂ ਤੋਂ ਹੀ ਲੈਣਾ ਚਾਹੀਦਾ ਹੈ ਇਸ ਰੋਗ ‘ਤੇ ਕਾਬੁ ਪਾਉਣ ਲਈ ਬੀਜ ਰੋਗ ਰਹਿਤ ਫ਼ਸਲ ਤੋਂ ਹੀ ਰੱਖੋ
2. ਬਿਮਾਰੀ ਨੂੰ ਖੇਤ ‘ਚ ਫੈਲਣ ਤੋਂ ਬਚਾਉਣ ਲਈ ਚੱਪਣ ਕੱਦੂ ਤੇ ਖਰਬੂਜ਼ੇ ਦੀ ਫ਼ਸਲ ‘ਚੋਂ ਬਿਮਾਰੀ ਨਾਲ ਪ੍ਰਭਾਵਿਤ ਬੁਟੇ ਸ਼ੁਰੂ ਵਿੱਚ ਹੀ ਕੱਢ ਕੇ ਨਸ਼ਟ ਕਰ ਦਿਓ
3. ਫਸਲ ਨੂੰ ਹਮੇਸ਼ਾ ਨਦੀਨਾਂ ਤੋਂ ਮੁਕਤ ਰੱਖੋ
4. ਮੁੱਖ ਤੌਰ ‘ਤੇ ਇਹ ਰੋਗ ਤੇਲੇ ਰਾਹੀਂ ਫੈਲਦਾ ਹੈ ਇਸ ਕਰਕੇ ਤੇਲੇ ਦੀ ਰੋਕਥਾਮ ਕਰਨ ਵਾਸਤੇ 250 ਮਿ.ਲੀ. ਮੈਲਾਥਿਆਨ ਨੂੰ 100 ਲੀਟਰ ਪਾਣੀ ‘ਚ ਘੋਲ ਕੇ ਪ੍ਰਤੀ ਏਕੜ ਛਿੜਕੋ ਲੋੜ ਪੈਣ ‘ਤੇ ਇਹ ਛਿੜਕਾਅ 10 ਦਿਨਾਂ ਦੇ ਵਕਫੇ ‘ਤੇ ਦੁਹਰਾਇਆ ਜਾ ਸਕਦਾ ਹੈ

ਪੀਲੇ ਧੱਬਿਆਂ ਦਾ ਰੋਗ: –

ਪੀਲੇ  ਧੱਬਿਆਂ ਦਾ ਰੋਗ ਖੀਰੇ ਤੇ ਖਰਬੂਜ਼ੇ ਦੀ ਫਸਲ ਦਾ ਇੱਕ ਹੋਰ ਮਹੱਤਵਪੁਰਨ ਰੋਗ ਹੈ ਪੀਲੇ ਧੱਬਿਆਂ ਦਾ ਰੋਗ ਜਨਵਰੀ ਦੇ ਮਹੀਨੇ ਹੀ ਖੀਰੇ ਦੀ ਫਸਲ ‘ਤੇ ਆ ਜਾਂਦਾ ਹੈ ਤੇ ਆਮ ਤੌਰ ‘ਤੇ ਕਿਸਾਨ ਭਰਾ ਇਸ ਰੋਗ ਨੂੰ ਰੋਕਣ ਲਈ ਕਿਸੇ ਵੀ ਉੱਲੀਨਾਸ਼ਕ ਦਾ ਛਿੜਕਾਅ ਨਹੀਂ ਕਰਦੇ ਇਸ ਤਰ੍ਹਾਂ ਖੀਰੇ ਦੀ ਫਸਲ ‘ਤੇ ਇਹ ਰੋਗ ਥੋੜ੍ਹਾ ਬਹੁਤ ਖੁਸ਼ਕ ਹਾਲਤਾਂ ਵਿੱਚ ਵੀ ਚਲਦਾ ਰਹਿੰਦਾ ਹੈ ਤੇ ਬਾਅਦ ਵਿੱਚ ਖਰਬੂਜ਼ੇ ਦੀ ਫਸਲ ‘ਤੇ ਬਿਮਾਰੀ ਲਾਉਣ ਦਾ ਮੁੱਖ ਸੋਮਾ ਬਣ ਜਾਂਦਾ ਹੈ ਕੱਦੂ ਜਾਤੀ ਦੀਆਂ ਆਪੇ ਉੱਗੀਆਂ ਵੇਲਾਂ ਜਿਵੇਂ ਚਿੱਬੜ ਜਾਂ ਤੋਰੀ ‘ਤੇ ਵੀ ਇਹ ਬਿਮਾਰੀ ਸਰਦੀਆਂ ‘ਚ ਪਲਦੀ ਰਹਿੰਦੀ ਹੈ ਜੋ ਕਿ ਬਿਮਾਰੀ ਫੈਲਾਉਣ ਦਾ ਇੱਕ ਹੋਰ ਸੋਮਾ ਹੈ ਪਲਾਸਟਿਕ ਦੀਆਂ ਸੁਰੰਗਾਂ ਹੇਠ ਖੀਰੇ ਦੀ ਕਾਸ਼ਤ ਕਰਨ ਨਾਲ ਵੀ ਇਸ ਬਿਮਾਰੀ ‘ਚ ਵਾਧਾ ਹੁੰਦਾ ਹੈ।

ਇਹ ਬਿਮਾਰੀ ਖਰਬੂਜ਼ੇ ਦੀਆਂ ਸਾਰੀਆਂ ਕਿਸਮਾਂ ‘ਤੇ ਹਮਲਾ ਕਰਦੀ ਹੈ ਆਮ ਤੌਰ ‘ਤੇ ਇਹ ਬਿਮਾਰੀ ਅਪਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਆ ਜਾਂਦੀ ਹੈ ਤੇ ਜੇਕਰ ਮੌਸਮ ਢੁੱਕਵਾਂ ਰਹੇ ਤਾਂ ਜੂਨ ਦੇ ਮਹੀਨੇ ਤੱਕ ਵਧਦੀ-ਫੁੱਲਦੀ ਰਹਿੰਦੀ ਹੈ ਇਹ ਬਿਮਾਰੀ ਪੱਤਿਆਂ ਦੇ ਹੇਠਲੇ ਪਾਸੇ ਤੋਂ ਪਾਣੀ ਭਿੱਜੇ ਚੱਟਾਖ ਪੀਲੇ ਰੰਗ ਦੇ ਨਜ਼ਰ ਆਉਂਦੇ ਹਨ ਬਾਅਦ ਵਿੱਚ ਇਨ੍ਹਾਂ ਧੱਬਿਆਂ ਦੇ ਹੇਠਲੇ ਪਾਸੇ ਸਲੇਟੀ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਇਹ ਧੱਬੇ ਬਾਅਦ ਵਿੱਚ ਭੂਰੇ ਰੰਗ ਦੇ ਹੋ ਜਾਂਦੇ ਹਨ ਅਤੇ ਪੱਤੇ ਦੇ ਕਾਫੀ ਹਿੱਸੇ ‘ਤੇ ਫੈਲ ਜਾਂਦੇ ਹਨ, ਜਿਸ ਕਾਰਨ ਪੱਤੇ ਉੱਪਰ ਵੱਲ ਮੁੜ ਜਾਂਦੇ ਹਨ ਤੇ ਫਸਲ ਝੁਲਸੀ ਹੋਈ ਨਜ਼ਰ ਆਉਂਦੀ ਹੈ ਇਸ ਸਮੇਂ ਦੌਰਾਨ ਜੇਕਰ ਬਾਰਿਸ਼ਾਂ ਪੈ ਜਾਣ ਤਾਂ ਇਹ ਰੋਗ ਸਾਰੀ ਫਸਲ ਨੂੰ ਤਬਾਹ ਕਰ ਦਿੰਦਾ ਹੈ ਰੋਗੀ ਵੇਲਾਂ ਵਾਲੇ ਫ਼ਲਾਂ ਦਾ ਰੰਗ ਤੇ ਸਵਾਦ ਵਿਗੜ ਜਾਂਦਾ ਹੈ।

ਬਿਮਾਰੀ ਕਾਬੂ ਕਰਨ ਦੇ ਤਰੀਕੇ:- (Melon Diseases)

1. ਸਰਦੀ ਰੁੱਤ ‘ਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਪੁੱਟ ਕੇ ਨਸ਼ਟ ਕਰ ਦਿਓ ਤਾਂ ਜੋ ਇਸ ਰੋਗ ਦੇ ਮੁੱਖ ਸੋਮੇ ਨੂੰ ਘਟਾਇਆ ਜਾ ਸਕੇ
2. ਫਸਲ ‘ਤੇ ਇੰਡੋਫਿਲ ਐਮ 45/ਕਵਚ 300-600 ਗ੍ਰਾਮ 100-200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਪਹਿਲਾ ਛਿੜਕਾਅ ਅਪਰੈਲ ਦੇ ਦੂਜੇ ਹਫ਼ਤੇ ਬਿਮਾਰੀ ਆਉਣ ਤੋਂ ਪਹਿਲਾਂ ਕਰੋ ਇਸ ਤੋਂ ਬਾਅਦ 6 ਹੋਰ ਛਿੜਕਾਅ ਹਫ਼ਤੇ-ਹਫਤੇ ਦੇ ਵਕਫ਼ੇ ‘ਤੇ ਕਰੋ
3. ਜੇਕਰ ਛਿੜਕਾਅ ਤੋਂ ਬਾਅਦ ਮੀਂਹ ਪੈ ਜਾਵੇ ਤਾਂ ਇਹ ਛਿੜਕਾਅ ਦੁਬਾਰਾ ਫਿਰ ਕਰੋ
4. ਬਿਮਾਰੀ ਜ਼ਿਆਦਾ ਆਉਣ ਵਾਲੀਆਂ ਹਾਲਤਾਂ ਵਿੱਚ ਤੀਜਾ ਤੇ ਚੌਥਾ ਛਿੜਕਾਅ ਰਿਡੋਮਿਲ ਐੱਮ ਜੈੱਡ 500 ਗ੍ਰਾਮ ਪ੍ਰਤੀ ਏਕੜ ਜਾਂ ਏਲੀਅਟ 600 ਗ੍ਰਾਮ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫੇ ‘ਤੇ ਕਰੋ ਇਸ ਤੋਂ ਬਾਅਦ ਇੰਡੋਫਿਲ ਐੱਮ 45 ਕਵਚ ਦਾ ਇੱਕ ਛਿੜਕਾਅ ਹੋਰ ਕਰਨਾ ਚਾਹੀਦਾ ਹੈ
ਸਰਦੀਆਂ ਵਿੱਚ ਪਲਾਸਟਿਕ ਦੀਆਂ ਸੁਰੰਗਾਂ ਹੇਠ ਕਾਸ਼ਤ ਕੀਤੇ ਖੀਰੇ ਦੀ ਫਸਲ ‘ਤੇ ਉੱਲੀਨਾਸ਼ਕਾਂ ਦਾ ਛਿੜਕਾਅ ਕਰਕੇ ਇਸ ਬਿਮਾਰੀ ਨੂੰ ਘਟਾਇਆ ਜਾ ਸਕਦਾ ਹੈ
ਧੰਨਵਾਦ ਸਹਿਤ, ਚੰਗੀ ਖੇਤੀ