ਨਵੀ ਦਿੱਲੀ (ਸੱਚ ਕਹੂੰ ਨਿਊਜ਼) 31 ਮਈ, 2022 ਤੋਂ ਮਨੀ ਲਾਂਡਰਿੰਗ ਮਾਮਲੇ ’ਚ ਤਿਹਾੜ ਜ਼ੇਲ੍ਹ ’ਚ ਬੰਦ ‘ਆਪ’ (Satyendra Jain) ਦੇ ਸਾਬਕਾ ਨੇਤਾ ਸਤੇਂਦਰ ਜੈਨ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਸੋਮਵਾਰ ਨੂੰ ਸਫਦਰਜੰਗ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਦੱਸ ਦੇਈਏ ਕਿ 6 ਅਪਰੈਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਜਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸਤੇਂਦਰ ਜੈਨ ਨੇ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਵਕੀਲ ਅਭਿਸ਼ੇਕ ਐਮ ਸਿੰਘਵੀ ਨੇ ਜੈਨ ਦੀ ਸਿਹਤ ਵਿਗੜਨ ਬਾਰੇ ਦੱਸਿਆ। ਉਸ ਨੇ ਕਿਹਾ ਕਿ ਆਦਮੀ ਤਾਂ ਪਿੰਜਰ ਬਣ ਗਿਆ ਹੈ, ਜੇਲ੍ਹ ’ਚ ਉਸ ਦਾ 35 ਕਿਲੋ ਭਾਰ ਘਟ ਗਿਆ ਹੈ।
ਉਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਸਨੇ ਦੱਸਿਆ ਕਿ ਉਸਦਾ ਕੇਸ ਵੇਟਿੰਗ ਲਿਸ਼ਟ ’ਚ ਹੈ। ਇਸ ਸਬੰਧੀ ਸਤੇਂਦਰ ਜੈਨ ਦੇ ਵਕੀਲ ਸਿੰਘਵੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ, ਇਸ ਲਈ ਉਨ੍ਹਾਂ ਨੇ ਛੁੱਟੀਆਂ ਵਾਲੇ ਬੈਂਚ ’ਚ ਸੁਣਵਾਈ ਤੋਂ ਛੋਟ ਮੰਗੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਸੁਝਾਅ ’ਤੇ ਸਹਿਮਤੀ ਜਤਾਈ ਅਤੇ ਉਨ੍ਹਾਂ ਨੂੰ ਛੁੱਟੀ ਵਾਲੇ ਬੈਂਚ ਕੋਲ ਜਾਣ ਦੀ ਇਜਾਜਤ ਦੇ ਦਿੱਤੀ। ਹੁਣ ਜਸਟਿਸ ਏਐਸ ਬੋਪੰਨਾ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਮਨੀ ਲਾਂਡਰਿੰਗ ਮਾਮਲੇ ’ਚ ਸਤੇਂਦਰ ਜੈਨ ਦੀ ਪਟੀਸ਼ਨ ’ਤੇ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਜੇਲ੍ਹ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ | Satyendra Jain
ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਮੰਗ ’ਤੇ ਤਿਹਾੜ ਜ਼ੇਲ੍ਹ ਪ੍ਰਸ਼ਾਸਨ ਨੇ ਜ਼ੇਲ੍ਹ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋ ਕੈਦੀਆਂ ਨੂੰ ਉਨ੍ਹਾਂ ਦੀ ਕੋਠੜੀ ’ਚ ਭੇਜਣ ਦਾ ਜਵਾਬ ਮੰਗਿਆ ਹੈ। ਕਿਉਂਕਿ ਜੈਨ ਨੇ ਜ਼ੇਲ੍ਹ ਨੰਬਰ 7 ਦੇ ਸੁਪਰਡੈਂਟ ਨੂੰ ਆਪਣੇ ਨਾਲ ਦੋ ਹੋਰ ਕੈਦੀਆਂ ਨੂੰ ਰੱਖਣ ਦੀ ਬੇਨਤੀ ਕੀਤੀ ਸੀ। ਜੈਨ ਮੁਤਾਬਕ ਉਹ ਇਕੱਲਾ ਹੀ ਡਿਪ੍ਰੈਸਨ ਤੋਂ ਪੀੜਤ ਸੀ, ਇਸ ਲਈ ਉਸ ਨੇ ਇਹ ਬੇਨਤੀ ਕੀਤੀ। ਪਰ ਇਸ ਦੇ ਬਦਲੇ ਜ਼ੇਲ੍ਹ ਪ੍ਰਸ਼ਾਸਨ ਨੇ ਜ਼ੇਲ੍ਹ ਸੁਪਰਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।