ਸਰਪੰਚ ਤੇ ਪੰਚਾਇਤ ਮੈਂਬਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਪਿੰਡ ਚੰਨਣਵਾਲ ਵਿਖੇ ਮਾਹੌਲ ਬਣਿਆ ਤਨਾਅ ਪੂਰਨ

ਪਿੰਡ ਵਾਸੀਆਂ ਨੇ ਭਾਕਿਯੂ ਕਾਦੀਆਂ ਅਤੇ ਰਾਜੇਵਾਲ ਦੇ ਸਹਿਯੋਗ ਨਾਲ ਪਿੰਡ ’ਚ ਰੱਖਿਆ ਭਰਵਾਂ ਇਕੱਠ; ਸਰਪੰਚ ਤੇ ਪੰਚਾਂ ਅੱਗੇ ਫੈਸਲਾ ਵਾਪਸ ਲੈਣ ਦੀ ਰੱਖੀ ਮੰਗ

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਜ਼ਿਲਾ ਬਰਨਾਲਾ ਦੇ ਪਿੰਡ ਚੰਨਣਵਾਲ ਦੇ ਮੌਜੂਦਾ ਸਰਪੰਚ ਸਮੇਤ ਤਿੰਨ ਪੰਚਾਇਤ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਪਿੱਛੋਂ ਪਿੰਡ ਅੰਦਰ ਮਾਹੌਲ ਤਨਾਅ ਪੂਰਨ ਬਣਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਰਾਜੇਵਾਲ ਸਮੇਤ ਪਿੰਡ ਵਾਸੀਆਂ ਦਾ ਇੱਕ ਭਰਵਾਂ ਇਕੱਠ ਪਿੰਡ ਵਿਖੇ ਜੁੜਿਆ ਹੋਇਆ ਹੈ, ਜਿੱਥੇ ਪ੍ਰਦਰਸ਼ਨਕਾਰੀਆਂ ਦੁਆਰਾ ਸਰਪੰਚ ਅਤੇ ਪੰਚਾਂ ਤੇ ਆਪਣੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸੇ ਮਾੜੀ ਘਟਨਾਂ ਤੋਂ ਬਚਾਅ ਲਈ ਵੱਡੀ ਗਿਣਤੀ ਪੁਲਿਸ ਵੀ ਤਾਇਨਾਤ ਹੈ।

ਪਿੰਡ ਦੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਇਕੱਤਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਪਿਛਲੇ ਤਕਰੀਬਨ 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਅੰਦਰ ਵੀ ਵੱਖ ਵੱਖ ਥਾਵਾਂ ’ਤੇ ਬੈਠ ਕੇ ਅੰਦੋਲਨ ਕਰ ਰਹੇ ਹਨ। ਜਿਸ ਦੇ ਤਹਿਤ ਹੀ ਕਿਸਾਨਾਂ ਵੱਲੋਂ ਭਾਜਪਾ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 600 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਦੂਜੇ ਪਾਸੇ ਪਿੰਡਾਂ ਦੇ ਜਿੰਮੇਵਾਰ ਆਪਣੀ ਨਿੱਜ਼ੀ ਸਵਾਰਥਾਂ ਦੀ ਪੂਰਤੀ ਲਈ ਕਿਸਾਨ ਅੰਦੋਲਨ ਦੇ ਪਿੱਠ ਛੁਰਾ ਮਾਰ ਰਹੇ ਹਨ। ਜਿਸ ਨਾਲ ਜਿੱਥੇ ਕਿਸਾਨਾਂ ਦੇ ਹੌਂਸਲਿਆਂ ਨੂੰ ਠੇਸ ਪੁੱਜਦੀ ਹੈ ਉੱਥੇ ਹੀ ਭਾਜਪਾ ਆਗੂਆਂ ਨੂੰ ਬਲ ਮਿਲਦਾ ਹੈ।

ਉਨਾਂ ਕਿਹਾ ਕਿ ਪਿੰਡ ਚੰਨਣਵਾਲ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਬੰਟੀ ਪੁੱਤਰ ਜਗਸੀਰ ਸਿੰਘ ਸਮੇਤ ਕੁੱਝ ਪੰਚਾਂ ਦੇ ਭਾਜਪਾ ’ਚ ਸਾਮਲ ਹੋਣ ਨਾਲ ਕਿਸਾਨਾਂ ਦੇ ਦਿਲਾਂ ਨੂੰ ਠੇਸ ਪਹੰੁਚਾਈ ਹੈ। ਪ੍ਰਦਰਸ਼ਨਕਾਰੀਆਂ ਆਗੂਆਂ ਅਨੁਸਾਰ ਉਨਾਂ ਨੇ ਸਰਪੰਚ ਅਤੇ ਪੰਚਾਂ ਨੂੰ ਸੁਨੇਹਾ ਭੇਜ ਕੇ ਜਾਣੇ-ਅਣਜਾਣੇ ਲਏ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਰੱਖੀ ਹੈ ਤਾਂ ਜੋ ਪਿੰਡ ਦੀ ਭਾਈਚਾਰਕ ਸਾਂਝ ਨੂੰ ਆਂਚ ਨਾ ਆਵੇ। ਪਰ ਸਰਪੰਚ ਨੇ ਉਨਾਂ ਦੇ ਸੁਨੇਹੇ ਨੂੰ ਅਣਗੌਲਿਆ ਕਰਦਿਆਂ ਆਪਣੀ ਗਲਤੀ ’ਤੇ ਪਛਤਾਵਾ ਕਰਨ ਲਈ ਇਕੱਠ ’ਚ ਆਉਣ ਤੋਂ ਇੰਨਕਾਰ ਕਰ ਦਿੱਤਾ ਹੈ। ਹਾਜ਼ਰੀਨ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਉਹ ਭਾਜਪਾ ’ਚ ਸਾਮਲ ਹੋਏ ਸਰਪੰਚ ਅਤੇ ਤਿੰਨੇ ਪੰਚਾਇਤ ਮੈਂਬਰਾਂ ਨਾਲੋਂ ਰਿਸ਼ਤਾ ਤੋੜਦੇ ਹੋਏ ਗ੍ਰਾਮ ਸਭਾ ਰਾਹੀਂ ਅੱਜ ਦੇ ਇੱਕਠ ’ਚ ਮੰਗ ਕਰਦੇ ਹਨ ਕਿ ਬੂਟਾ ਸਿੰਘ ਨੂੰ ਸਰਪੰਚੀ ਤੋਂ ਖਾਰਿਜ ਕਰਕੇ ਬਾਕੀ ਪੰਚਾਂ ਵਿੱਚੋਂ ਕਿਸੇ ਇੱਕ ਨੂੰ ਅਧਿਕਾਰਤ ਸਰਪੰਚ ਚੁਣਿਆ ਜਾਵੇ। ਇਹ ਵੀ ਦੱਸਿਆ ਕਿ ਪਿੰਡ ਦੇ ਪੰਚਾਇਤ ਘਰ ਨੂੰ ਅਗਲੇ ਹੁਕਮਾਂ ਤੱਕ ਜਿੰਦਰਾ ਲਗਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਇਹ ਵੀ ਐਲਾਨ ਕੀਤਾ ਕਿ ਭਾਜਪਾ ’ਚ ਸਾਮਲ ਹੋਣ ਵਾਲੇ ਹਰ ਕਿਸੇ ਦਾ ਸਮੂਹਿਕ ਬਾਈਕਾਟ ਕੀਤਾ ਜਾਵੇਗਾ।

ਮੁਆਫ਼ੀ ਕਿਸ ਗੱਲ ਦੀ : ਸਰਪੰਚ ਬੂਟਾ ਸਿੰਘ

ਸਰਪੰਚ ਬੂਟਾ ਸਿੰਘ ਉਰਫ਼ ਬੰਟੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਆਪਣੇ ਸਟੈਂਡ ’ਤੇ ਕਾਇਮ ਹਨ ਕਿਉਂਕਿ ਕਾਂਗਰਸ ਪਾਰਟੀ ਅੰਦਰ ਉਨਾਂ ਵਰਗੇ ਗਰੀਬਾਂ ਦੀ ਕੋਈ ਪੁੱਛਗਿੱਛ ਨਹੀ ਸੀ। ਉਨਾਂ ਕਿਹਾ ਕਿ ਪੰਚਾਇਤ ਦੇ ਕਈ ਹੋਰ ਵੀ ਮੈਂਬਰ ਉਨਾਂ ਨਾਲ ਹਨ, ਪਰ ਹਾਲ ਦੀ ਘੜੀ ਸਿਰਫ਼ ਰੂਪਬਸੰਤ ਸਿੰਘ, ਬੰਤ ਸਿੰਘ ਤੇ ਜਸਵੀਰ ਸਿੰਘ (ਤਿੰਨੇ ਪੰਚ) ਹੀ ਉਨਾਂ ਨਾਲ ਭਾਜਪਾ ’ਚ ਸ਼ਾਮਲ ਹੋਏ ਹਨ। ਉਨਾਂ ਕਿਹਾ ਕਿ ਭਾਜਪਾ ਨੂੰ ਤਾਂ ਉਹ ਛੱਡ ਹੀ ਨਹੀ ਸਕਦੇ। ਜਿੱਥੋਂ ਤੱਕ ਪਿੰਡ ਦੀ ਗੱਲ ਹੈ ਤਾਂ ਉਨਾਂ ਆਪਣੇ ਪਿੰਡ ਬਾਰੇ ਕਦੇ ਮਾੜਾ ਨਹੀ ਸੋਚਿਆ। ਉਨਾਂ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਖੰਡਨ ਕਰਦਿਆਂ ਕਿ ਉਹ ਆਪਣੀ ਮਰਜੀ ਨਾਲ ਭਾਜਪਾ ’ਚ ਸ਼ਾਮਲ ਹੋਏ ਹਨ, ਕਿਸੇ ਦਾ ਉਨਾਂ ’ਤੇ ਕੋਈ ਦਬਾਅ ਨਹੀ ਹੈ। ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨਾਂ ਨਾ ਕਿਸੇ ਨੂੰ ਗਲਤ ਬੋਲਿਆ, ਨਾ ਕੋਈ ਗਲਤ ਕੰਮ ਕੀਤਾ ਹੈ, ਫਿਰ ਮੁਆਫ਼ੀ ਕਿਸ ਗੱਲ ਦੀ।

ਜਿੰਮੇਵਾਰ ਤੋਂ ਭੱਜਣ ਬਰਾਬਰ ਹੈ ਸਰਪੰਚ ਦਾ ਫੈਸਲਾ

ਭਾਕਿਯੂ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਰਪੰਚ ਤੇ ਉਸਦੇ ਸਹਿਯੋਗੀ ਪੰਚਾਂ ਦਾ ਇਸ ਸਮੇਂ ਭਾਜਪਾ ’ਚ ਸ਼ਾਮਲ ਹੋਣਾ ਆਪਣੀ ਜਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ। ਜਿਸ ਨਾਲ ਕਿਸਾਨਾਂ ਦਾ ਮਨੋਬਲ ਕਮਜੋਰ ਹੋਵੇਗਾ ਤੇ ਭਾਜਪਾ ਨੂੰ ਬਲ ਮਿਲੇਗਾ। ਉਨਾਂ ਕਿਹਾ ਕਿ ਅੱਜ ਕਿਸਾਨੀ ਸੰਕਟ ਵਿੱਚ ਹੈ ਤੇ ਇਸਦੇ ਨਾਲ ਹੀ ਕਿਸਾਨੀ ਨਾਲ ਜੁੜੇ ਅਨੇਕਾਂ ਮਜ਼ਦੂਰਾਂ ਸਿਰ ਵੀ ਮੰਦਹਾਲੀ ਦੀ ਤਲਵਾਰ ਲਟਕ ਰਹੀ ਹੈ। ਉਨਾਂ ਭਾਜਪਾ ’ਚ ਸਾਮਲ ਹੋਏ ਸਰਪੰਚ ਬੂਟਾ ਸਿੰਘ ਤੇ ਪੰਚਾਂ ਨੂੰ ਆਪਣੇ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ