Ludhiana News: ਭਗਵੰਤ ਸਿੰਘ ਮਾਨ ਦੇ ‘ਮਿਸ਼ਨ ਚੜਦੀ ਕਲਾ’ ਤਹਿਤ ਸਾਰਸ ਮੇਲਾ ਬਣੇਗਾ ਹੜ੍ਹ ਪੀੜਤਾਂ ਦੀ ਆਸ: ਡੀਸੀ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੱਕਾਰੀ ਸਾਰਸ ਮੇਲਾ-2025 (Saras Mela) ਤੋਂ ਹੋਣ ਵਾਲੀ ਪੂਰੀ ਆਮਦਨ ਹਾਲ ਹੀ ’ਚ ਆਏ ਤਬਾਹਕਾਰੀ ਹੜ੍ਹਾਂ ਤੋਂ ਪੰਜਾਬ ਦੀ ਰਿਕਵਰੀ ਵਿੱਚ ਸਹਾਇਤਾ ਲਈ ਸਿੱਧੇ ਹੜ ਰਾਹਤ ਫੰਡਾਂ ਵਿੱਚ ਦਾਨ ਕੀਤੀ ਜਾਵੇਗੀ। ਇਹ ਐਲਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਬੁੱਧਵਾਰ ਨੂੰ ਕੀਤਾ। ਉਨਾਂ ਦੇਸ਼ ਭਰ ਦੇ ਨਾਗਰਿਕਾਂ ਨੂੰ ਬੇਮਿਸਾਲ ਹੜਾਂ ਕਾਰਨ ਵਿਆਪਕ ਤਬਾਹੀ ਦਾ ਸਾਹਮਣਾ ਕਰਨ ਵਾਲੇ ਪੰਜਾਬ ਦੇ ਪਿੱਛੇ ਇਕੱਠੇ ਹੋਣ ਲਈ ਮੁੱਖ ਮੰਤਰੀ ਦੇ ਸਪੱਸ਼ਟ ਸੱਦੇ ’ਤੇ ਜ਼ੋਰ ਦਿੱਤਾ।
ਉਨਾਂ ਕਿਹਾ ਕਿ ਸਾਰਸ ਮੇਲਾ-2025 ਇਸ ਭਾਵਨਾ ਨੂੰ ਮੂਰਤੀਮਾਨ ਕਰੇਗਾ, ਜਿਸਦਾ ਥੀਮ ਪੰਜਾਬੀਆਂ ਦੇ ਅਦੁੱਤੀ ਚੜਦੀ ਕਲਾ ਦੇ ਸਿਧਾਤਾਂ ਨੂੰ ਦਰਸਾਉਂਦਾ ਹੈ ਜੋ ਅਟੁੱਟ ਆਸ਼ਾਵਾਦ ਅਤੇ ਤਾਕਤ ਨਾਲ ਮੁਸੀਬਤਾਂ ਤੋਂ ਉੱਪਰ ਉੱਠਦੇ ਹਨ। ਉਨਾਂ ਅੱਗੇ ਕਿਹਾ ਕਿ ਇਹ ਵਚਨਬੱਧਤਾ ਜ਼ਿਲਾ ਪ੍ਰਸ਼ਾਸਨ ਦੇ ਹੜ ਰਾਹਤ ਕਾਰਜਾਂ ਲਈ ਰੌਜ਼ਾਨਾ ਸਟਾਰ ਨਾਈਟਸ ਪ੍ਰੋਗਰਾਮ ਤੋਂ ਹੋਣ ਵਾਲੇ ਮਾਲੀਏ ਦਾਨ ਕਰਨ ਦੇ ਪਹਿਲਾਂ ਦੇ ਵਾਅਦੇ ’ਤੇ ਅਧਾਰਤ ਹੈ। ਹੁਣ, ਇਸ ਏਕਤਾ ਨੂੰ ਵਧਾਉਂਦੇ ਹੋਏ ਸਾਰਸ ਮੇਲਾ ਤੋਂ ਪੂਰੀ ਸ਼ੁੱਧ ਆਮਦਨ ਨੂੰ ਇਸ ਉਦੇਸ਼ ਲਈ ਮੋੜਿਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਮਿਸ਼ਨ ਚੜਦੀ ਕਲਾ’ ਪਹਿਲਕਦਮੀ ਦੇ ਤਹਿਤ ਸਾਰਸ ਮੇਲਾ ਬਣੇਗਾ ਹੜ ਪੀੜਤਾਂ ਦੀ ਆਸ। ਉਨਾਂ ਅਧਿਕਾਰੀਆਂ ਨੂੰ 10 ਰੋਜ਼ਾ ਇਸ ਸ਼ਾਨਦਾਰ ਪ੍ਰੋਗਰਾਮ ਲਈ ਨਿਰਵਿਘਨ ਪ੍ਰਬੰਧਾਂ ਦਾ ਤਾਲਮੇਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। Ludhiana News
Read Also : ਬਾਰਿਸ਼ਾਂ ਕਾਰਨ ਡਿੱਗੇ ਮਕਾਨਾਂ ਦੀ ਮੁਰੰਮਤ ਲਈ ਸਰਕਾਰ ਤੁਰੰਤ ਕਦਮ ਚੁੱਕੇ
ਜਿਕਰਯੋਗ ਹੈ ਕਿ ਸਾਰਸ ਮੇਲਾ, ਪੰਜਾਬ ਦੀ ਅਮੀਰ ਕਾਰੀਗਰ ਵਿਰਾਸਤ, ਲੋਕ ਪਰੰਪਰਾਵਾਂ ਅਤੇ ਰਸੋਈ ਪਕਵਾਨਾਂ ਦਾ ਇੱਕ ਜੀਵੰਤ ਜਸ਼ਨ 4 ਤੋਂ 13 ਅਕਤੂਬਰ ਤੱਕ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਮੈਦਾਨ ਵਿੱਚ ਹੋਣ ਵਾਲਾ ਹੈ। ਜਿਸ ਵਿੱਚ 500 ਤੋਂ ਵੱਧ ਸਟਾਲ ਹੋਣਗੇ ਜੋ ਭਾਰਤ ਭਰ ਦੇ 1000 ਤੋਂ ਵੱਧ ਕਾਰੀਗਰਾਂ, ਵਪਾਰੀਆਂ ਅਤੇ ਹੁਨਰਮੰਦ ਵਿਅਕਤੀਆਂ ਦੇ ਕੰਮਾਂ ਨੂੰ ਪ੍ਰਦਰਸ਼ਿਤ ਕਰਨਗੇ।