ਸੰਯੁਕਤ ਸਮਾਜ ਮੋਰਚੇ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਅਵਿਕਰਨ ਸਿੰਘ ਨੇ ਕੀਤੀ ਪਲੇਠੀ ਪ੍ਰੈਸ ਕਾਨਫਰੰਸ
(ਜਸਵੀਰ ਸਿੰਘ ਗਹਿਲ) ਬਰਨਾਲਾ। ‘ਨੌਜਵਾਨੀ ਨੂੰ ਅੱਗੇ ਲਿਆ ਕੇ ਕਿਸਾਨੀ ਦੀ ਗੱਲ ਕਰਨੀ ਹੈ, ਕਿਸਾਨਾਂ ਨੂੰ ਉੱਚਾ ਚੁੱਕਣਾ ਹੈ ਕਿਉਂਕਿ ਸਮੇਂ ਦੇ ਹਾਕਮਾਂ ਨੇ ਕਿਸਾਨ ਪੱਖ ’ਚ ਨਹੀਂ ਬਲਕਿ ਹਮੇਸ਼ਾ ਆਪਣੇ ਹਿੱਤਾਂ ਨੂੰ ਹੀ ਅੱਗੇ ਰੱਖਿਆ ਹੈ। ਜਿਸ ਕਾਰਨ ਅੱਜ ਕਿਸਾਨ/ਮਜ਼ਦੂਰ ਦੀ ਹਾਲਤ ਬੇਹੱਦ ਪਤਲੀ ਪੈ ਚੁੱਕੀ ਹੈ ਤੇ ਕਿਸਾਨੀ ਧੰਦਾ ਲਾਹੇਵੰਦ ਹੋਣ ਦੀ ਜਗ੍ਹਾ ਕਰਜ਼ੇ ਦਾ ਫੰਦਾ ਬਣਕੇ ਰਹਿ ਗਿਆ ਹੈ।’ ਇਹ ਗੱਲ ਇੱਥੇ ਸੰਯੁਕਤ ਸਮਾਜ ਮੋਰਚੇ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਅਵਿਕਰਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਖੀ। Sanyukt Samaj Morcha
ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਰਾਜਨੀਤੀ ਸੇਵਾ ਕਿਵੇਂ ਹੁੰਦੀ ਹੈ ਇਹ ਹੁਣ (Sanyukt Samaj Morcha) ਸੰਯੁਕਤ ਸਮਾਜ ਮੋਰਚਾ ਦੱਸੇਗਾ ਕਿਉਂਕਿ ਇਸ ਤੋਂ ਪਹਿਲਾਂ ਸਮੇਂ-ਸਮੇਂ ’ਤੇ ਸੱਤਾ ’ਤੇ ਕਾਬਜ਼ ਰਹੇ ਹਾਕਮਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਇ ਆਪਣੀ ਹੀ ਸੇਵਾ ਕਰਵਾਈ ਹੈ, ਜਿਸ ’ਚ ਹੁਣ ਬਦਲਾਅ ਆਏਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਜਦੋਂ ਜਿੱਦੀ ਸਰਕਾਰਾਂ ਨੂੰ ਝੁਕਾ ਦਿੱਤਾ ਤਾਂ ਖੁਦ ਚੋਣ ਲੜ ਕੇ ਜਿੱਤਣਾ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਲੋਕ ਹੀ ਸਰਕਾਰ ਚੁਣਦੇ ਹਨ ਜੋ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ‘ਆਪ’ ’ਤੇ ਤੰਨਜ਼ ਕਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਖਾਸ ਬਣ ਚੁੱਕੀ ਹੈ ਜਿਸ ਨੂੰ ਹੁਣ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਸਾਢੇ ਚਾਰ ਸਾਲ ਦਾ ਕਾਰਜ਼ਕਾਲ ਵੀ ਬੇਹੱਦ ਮਾੜਾ ਰਿਹਾ ਹੈ ਜੋ ਹੁਣ ਡੇਢ ਮਹੀਨੇ ਦਾ ਹਿਸਾਬ ਦੇ ਕੇ ਪੱਲਾ ਝਾੜਨ ਨੂੰ ਫਿਰਦੇ ਹਨ। ਪਰ ਲੋਕ ਪੂਰੇ ਪੰਜ ਸਾਲ ਦਾ ਹਿਸਾਬ ਲੈ ਕੇ ਹਟਣਗੇ।
ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤੀ ਜਨਤਾ ਪਾਰਟੀ ਨੇ ਆਪਣੇ ਲਿਆਂਦੇ ਖੇਤੀ ਕਾਨੂੰਨਾਂ ਨੂੰ ਕਿਸਾਨ/ਮਜ਼ੂਦਰ ਦੇ ਰੋਹ ਨੂੰ ਭਾਂਪਦਿਆਂ ਰੱਦ ਕਰ ਦਿੱਤਾ ਹੈ ਪਰ ਇਸ ਦਾ ਇਸ ਨੂੰ ਅਗਾਮੀ ਚੋਣਾਂ ’ਚ ਰੱਤੀ ਭਰ ਵੀ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਲੋਕ ਬੀਜੇਪੀ ਸਰਕਾਰ ਕਾਰਨ ਪੰਜਾਬ ਦੇ ਸੱਤ ਸੌ ਕਿਸਾਨਾਂ/ਮਜ਼ਦੂਰਾਂ ਦੀ ਮੌਤ ਦਾ ਦੁੱਖ ਹਾਲੇ ਵੀ ਨਹੀਂ ਭੁੱਲੇ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਚੋਣ ਮੈਦਾਨ ’ਚ ਨਾ ਉਤਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਉਹ ਅਪੀਲ ਕਰਨਗੇ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ। ਜਿਕਰਯੋਗ ਹੈ ਕਿ ਪੈ੍ਰਸ ਕਾਨਫਰੰਸ ਦੌਰਾਨ ਸੰਯੁਕਤ ਸਮਾਜ ਮੋਰਚੇ ਦਾ ਕੋਈ ਵੀ ਜ਼ਿਲ੍ਹਾ ਆਗੂ ਮੌਜੂਦ ਨਹੀ ਸੀ।
ਸ਼ੌਂਕ ਸੀ, ਪਰ ਕਦੇ ਚੋਣ ਲੜੀ ਨਹੀਂ
ਸੰਯੁਕਤ ਸਮਾਜ ਮੋਰਚੇ ਵੱਲੋਂ ਉਤਾਰਿਆ ਗਿਆ ਉਮੀਦਵਾਰ ਅਵਿਕਰਨ ਸਿੰਘ ਬੀਟੈੱਕ ਮਕੈਨੀਕਲ ਪਾਸ ਨੌਜਵਾਨ ਹੈ। ਜਿਸ ਦੇ ਪਿਤਾ ਪੰਜਾਬ ਪੁਲਿਸ ’ਚ ਸਬ ਇੰਸਪੈਕਟਰ ਦੀ ਨੌਕਰੀ ’ਤੇ ਹਨ। ਇਸ ਤੋਂ ਇਲਾਵਾ ਅਵਿਕਰਨ ਸਿੰਘ ਦੇ ਦਾਦਾ ਸੁਖਦੇਵ ਸਿੰਘ ਪਿੰਡ ਝਲੂਰ ਦੇ ਸਰਪੰਚ ਤੇ ਦਾਦੀ ਪੰਚ ਰਹਿ ਚੁੱਕੇ ਹਨ। ਅਵਿਕਰਨ ਸਿੰਘ ਮੁਤਾਬਕ ਉਨ੍ਹਾਂ ਦਾ ਸ਼ੌਂਕ ਸੀ, ਪਰ ਕਦੇ ਚੋਣ ਲੜੀ ਨਹੀਂ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ