ਸਨੌਰ: ਨੌਜਵਾਨ ਕੁੱਟਮਾਰ ਮਾਮਲੇ ‘ਚ ਮੁਅੱਤਲ ਥਾਣੇਦਾਰ ‘ਤੇ ਪਰਚਾ ਦਰਜ

Sanour, Pamphlet, Posted, Suspended, Inspector, Young, Assault, Case

ਐੱਸਐਚਓ ਵਿਰੁੱਧ ਵੀ ਵਿਭਾਗੀ ਪੜਤਾਲ ਦੇ ਆਦੇਸ਼

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਸਨੌਰ ਪੁਲਿਸ ਥਾਣੇ ‘ਚ ਬੀਤੇ ਦਿਨੀਂ ਕੁਝ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖ ਕੇ ਕੁੱਟਮਾਰ ਕਰਨ ਵਾਲੇ ਮੁਅੱਤਲ ਕੀਤੇ ਏਐਸਆਈ ਨਰਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐੱਸਪੀ ਨੇ ਇਸ ਮਾਮਲੇ ‘ਚ ਆਪਣੇ ਅਧੀਨ ਕਰਮਚਾਰੀਆਂ ਉੱਪਰ ਪੂਰਾ ਕੰਟਰੋਲ ਨਾ ਰੱਖਣ ਅਤੇ ਢਿੱਲੀ ਸੁਪਰਵੀਜਨ ਹੋਣ ਕਾਰਨ ਸਨੌਰ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਵਿਰੁੱਧ ਵੀ ਵਿਭਾਗੀ ਪੜਤਾਲ ਦੇ ਆਦੇਸ਼ ਦਿੱਤੇ ਹਨ।

ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਆਈਪੀਸੀ ਦੀ ਧਾਰਾ 323 ਅਤੇ 342 ਅਧੀਨ ਐਫ.ਆਈ.ਆਰ. ਨੰਬਰ 50 ਮਿਤੀ 8 ਅਗਸਤ 2018 ਤਹਿਤ ਦਰਜ ਕੀਤਾ ਗਿਆ ਹੈ। ਸਿੱਧੂ ਨੇ ਦੱਸਿਆ ਕਿ ਇਹ ਪੁਲਿਸ ਕੇਸ ਐਸ.ਪੀ. ਸਿਟੀ ਸ. ਕੇਸਰ ਸਿੰਘ ਵੱਲੋਂ ਕੀਤੀ ਗਈ ਤਫ਼ਤੀਸ ਮਗਰੋਂ ਆਈ ਮੁਢਲੀ ਰਿਪੋਰਟ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ ਅਤੇ ਦਰਜ ਕੀਤੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਡੀ.ਐਸ.ਪੀ. ਦਿਹਾਤੀ ਸ. ਗੁਰਦੇਵ ਸਿੰਘ ਧਾਲੀਵਾਲ ਕਰਨਗੇ। ਉਨ੍ਹਾਂ ਦੱਸਿਆ ਕਿ ਆਪਣੇ ਅਧੀਨ ਕਰਮਚਾਰੀਆਂ ਉਪਰ ਪੂਰਾ ਕੰਟਰੋਲ ਨਾ ਰੱਖਣ ਤੇ ਢਿੱਲੀ ਸੁਪਰਵੀਜਨ ਹੋਣ ਕਾਰਨ ਸਨੌਰ ਥਾਣੇ ਦੇ ਐਸਐਚਓ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਵਿਰੁਧ ਵੀ ਵਿਭਾਗੀ ਪੜਤਾਲ ਕੀਤੀ ਜਾਵੇਗੀ।

ਐਸਐਸਪੀ ਸ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੇ ਆਦੇਸ਼ਾਂ ‘ਤੇ ਚੱਲ ਰਹੀ ਮੈਜਿਸਟਰੀਅਲ ਜਾਂਚ ਦੀ ਰਿਪੋਰਟ ਅਤੇ ਡੀ.ਐਸ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।