ਨਵੇਂ ਜ਼ਿਲ੍ਹਾ ਪੁਲਿਸ ਮੁਖੀ ਦਾ ਨਿਵੇਕਲਾ ਫੈਸਲਾ, ਪਹਿਲਾਂ ਵੀ ਕਰ ਚੁੱਕੇ ਨੇ ਲੀਕ ਤੋਂ ਹਟ ਕੇ ਕੰਮ
(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਦੇ ਨਵੇਂ ਐੱਸਐੱਸਪੀ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਖੁਦਕੁਸ਼ੀ ਕਰ ਚੁੱਕੇ ਕਿਸਾਨ ਪਰਿਵਾਰਾਂ ਦੀਆਂ ਹੁਸ਼ਿਆਰ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਆਪਣੀ ਤਨਖਾਹ ਵਿੱਚੋਂ ਖਰਚ ਕਰਕੇ ਪੜ੍ਹਾਈ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਪੂਰੀ ਵਾਹ ਲਾਉਣਗੇ ਬਤੌਰ ਐੱਸਐੱਸਪੀ ਸੰਗਰੂਰ ਉਹ ਆਪਣੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਰੁਪਏ ਕੱਢ ਕੇ ਆਪਣੀ ਇਸ ਨਿਵੇਕਲੀ ਮੁਹਿੰਮ ਦਾ ਆਗਾਜ਼ ਕਰਨਗੇ ਮਨਦੀਪ ਸਿੰਘ ਸਿੱਧੂ ਵੱਲੋਂ ਬਤੌਰ ਐਸ.ਐਸ.ਪੀ. ਚੁੱਕਿਆ ਗਿਆ ਨਿਵੇਕਲਾ ਕਦਮ ਹੈ।
ਪੱਤਰਕਾਰਾਂ ਨਾਲ ਗੈਰ ਰਸਮੀ ਗੱਲਾਂ ਕਰਦਿਆਂ ਮਨਦੀਪ ਸਿੰਘ ਸਿੱਧੂ ਜਿਹੜੇ ਹੁਣੇ ਹੁਣੇ ਸੰਗਰੂਰ ਵਿਖੇ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਤਾਇਨਾਤ ਹੋਏ ਹਨ, ਨੇ ਆਪਣੀਆਂ ਦਿਲੀ ਗੱਲਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਹ ਇੱਕ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਵਿੱਚੋਂ ਹੋਣ ਕਾਰਨ ਅਤੇ ਉਨ੍ਹਾਂ ਦੇ ਖੇਤੀ ਕਰਦੇ ਹੋਣ ਕਾਰਨ ਸਦਾ ਉਨ੍ਹਾਂ ਨੇ ਲੋਕ ਸੇਵਾ ਨੂੰ ਪਹਿਲ ਦਿੱਤੀ ਹੈ ਉਨ੍ਹਾਂ ਕਿਹਾ ਕਿ ਮੇਰੇ ਦਿਲ ਵਿੱਚ ਆਇਆ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਰਹਿੰਦਿਆਂ ਕਿਉਂ ਨਾ ਅਜਿਹਾ ਕੰਮ ਕੀਤਾ ਜਾਵੇ ਜਿਹੜਾ ਦੂਜਿਆਂ ਲਈ ਚਾਨਣ ਮੁਨਾਰਾ ਹੋਵੇ ਅਤੇ ਲੋੜਵੰਦਾਂ ਦੀ ਮੱਦਦ ਵੀ ਹੋ ਸਕੇ ਅਤੇ ਇਸ ਪਿਛੋਂ ਉਨ੍ਹਾਂ ਨੇ ਆਪਣੇ ਆਪ ਨਾਲ ਇਹ ਫੈਸਲਾ ਕਰਿਆ। ਜਿਹੜੇ ਛੋਟੇ ਕਿਸਾਨ ਪਰਿਵਾਰ ਦਾ ਮੋਢੀ ਆਰਥਿਕ ਤੰਗੀ ਦੇ ਚਲਦਿਆਂ ਆਤਮ ਹੱਤਿਆ ਵਰਗੇ ਰਾਹ ਪੈ ਜਾਂਦਾ ਹੈ, ਉਨ੍ਹਾਂ ਦੇ ਲਾਇਕ ਧੀਆਂ ਪੁੱਤਰਾਂ ਦੀ ਪੜ੍ਹਾਈ ਵਿੱਚੇ ਰਹਿ ਜਾਂਦੀ ਹੈ, ਸਿੱਧੂ ਨੇ ਫੈਸਲਾ ਲਿਆ ਕਿ ਅਜਿਹੇ ਪਰਿਵਾਰਾਂ ਦੀਆਂ ਹੁਸ਼ਿਆਰ ਧੀਆਂ ਦੀ ਪੜ੍ਹਾਈ ਵਾਸਤੇ ਉਹ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਕੱਢਿਆ ਕਰਨਗੇ ਅਤੇ ਜਿੰਨੀ ਵੀ ਸੰਭਵ ਮੱਦਦ ਹੋ ਸਕੇ, ਉਹ ਅਜਿਹੇ ਪਰਿਵਾਰਾਂ ਦੀ ਆਰਥਿਕ ਮੱਦਦ ਕਰਿਆ ਕਰਨਗੇ ।
ਪਹਿਲਾਂ ਵੀ ਕਰ ਚੁੱਕੇ ਨੇ ਲੀਕ ਤੋਂ ਹਟ ਕੇ ਕੰਮ
ਸੰਗਰੂਰ ਦੇ ਪਹਿਲਾਂ ਵੀ ਪੁਲਿਸ ਮੁਖੀ ਰਹਿ ਚੁੱਕੇ ਮਨਦੀਪ ਸਿੰਘ ਸਿੱਧੂ ਪੁਲਿਸ ਦੀ ਲੀਕ ਤੋਂ ਹਟ ਕੇ ਸਮਾਜ ਸੇਵੀ ਕੰਮ ਕਰ ਚੁੱਕੇ ਹਨ ਸੰਗਰੂਰ ਵਿਖੇ ਉਨ੍ਹਾਂ ਵੱਲੋਂ ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਕੇਟਿੰਗ ਗਰਾਊਂਡ ਵੀ ਤਿਆਰ ਕਰਵਾਇਆ ਗਿਆ ਸੀ ਜਿਸ ਬਾਰੇ ਉਹ ਆਖਦੇ ਹਨ ਕਿ ਉਨ੍ਹਾਂ ਨੇ ਇਸ ਕੰਮ ਲਈ ਆਪਣੇ ਯਾਰਾਂ, ਦੋਸਤਾਂ ਤੇ ਸਨੇਹੀਆਂ ਤੋਂ ਵੀ ਵਿੱਤੀ ਮੱਦਦ ਲਈ ਅਤੇ ਪੁਲਿਸ ਵਿਭਾਗ ਵੱਲੋਂ ਵੀ ਉਨ੍ਹਾਂ ਦੀ ਕਾਫ਼ੀ ਮੱਦਦ ਕੀਤੀ ਗਈ ਸੀ ਇਸ ਸਕੇਟਿੰਗ ਗਰਾਊਂਡ ਵਿੱਚ ਅੱਜ ਵੱਡੀ ਗਿਣਤੀ ਵਿੱਚ ਬੱਚੇ ਆਪਣੀ ਖੇਡ ਦੀ ਤਿਆਰੀ ਕਰਦੇ ਹਨ।
ਮੁੱਖ ਮੰਤਰੀਆਂ ਦੀ ‘ਖ਼ਾਸ’ ਪਸੰਦ ਨੇ ਮਨਦੀਪ ਸਿੱਧੂ
ਮਨਦੀਪ ਸਿੰਘ ਸਿੱਧੂ ਜਿੱਥੇ ਪੁਲਿਸ ਵਿਭਾਗ ਵਿੱਚ ਇੱਕ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ, ਉੱਥੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਕਾਰਨ ਉਹ ਲੀਡਰਾਂ ਵਿੱਚ ਵੀ ਕਾਫ਼ੀ ਸਲਾਹੇ ਜਾਂਦੇ ਹਨ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਮਨਦੀਪ ਸਿੰਘ ਸਿੱਧੂ ਨੂੰ ਪਟਿਆਲਾ ਵਿਖੇ ਐਸ.ਐਸ.ਪੀ. ਤਾਇਨਾਤ ਕੀਤਾ ਗਿਆ ਸੀ, ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਨੂੰ ਆਪਣੇ ਜ਼ਿਲ੍ਹਾ ਸੰਗਰੂਰ ਵਿੱਚ ਬਤੌਰ ਪੁਲਿਸ ਮੁਖੀ ਤਾਇਨਾਤ ਕੀਤਾ ਹੈ ਇਹ ਵੀ ਪਤਾ ਲੱਗਿਆ ਕਿ ਸਿੱਧੂ ਦੀ ‘ਡਿਮਾਂਡ’ ਬਰਨਾਲਾ, ਮਾਲੇਰਕੋਟਲਾ ਸਮੇਤ ਕਈ ਜ਼ਿਲ੍ਹਿਆਂ ਦੇ ਅਹਿਮ ਆਗੂਆਂ ਨੇ ਕੀਤੀ ਸੀ ਅਤੇ ਇਨ੍ਹਾਂ ਨੂੰ ਆਪੋ ਆਪਣੇ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਦੀ ਅਪੀਲ ਕੀਤੀ ਸੀ ਪਰ ਮੁੱਖ ਮੰਤਰੀ ਨੇ ਸਿੱਧੂ ਨੂੰ ਆਪਣੇ ਜ਼ਿਲ੍ਹੇ ਵਿੱਚ ਲਾਉਣਾ ਮੁਨਾਸਿਬ ਸਮਝਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ