ਸੰਯੁਕਤ ਸਮਾਜ ਮੋਰਚਾ ਨੂੰ ਮਿਲਿਆ ਚੋਣ ਨਿਸ਼ਾਨ, ਮੰਜਾ ਚੋਣ ਨਿਸ਼ਾਨ ਮਿਲਿਆ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦੀ ਅਗਵਾਈ ਕਰਨ ਲਈ ਉੱਤਰੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਨੂੰ ਹੁਣ ਚੋਣ ਨਿਸ਼ਾਨ ਵੀ ਮਿਲ ਗਿਆ ਹੈ। ਸੰਯੁਕਤ ਸਮਾਜ ਮੋਰਚੇ ਦੇ ਸਾਰੇ ਉਮੀਦਵਾਰ ਹੁਣ ਆਜ਼ਾਦ ਤੌਰ ’ਤੇ ਨਹੀਂ ਸਗੋਂ ਆਪਣੀ ਪਾਰਟੀ ਦੇ ਅਧਿਕਾਰਤ ਚੋਣ ਨਿਸ਼ਾਨ ‘ਮੰਜਾ’ ’ਤੇ ਲੜਦੇ ਨਜ਼ਰ ਆਉਣਗੇ। ਸੰਯੁਕਤ ਸਮਾਜ ਮੋਰਚੇ ਵਲੋਂ ਸ਼ੱੁਕਰਵਾਰ ਨੂੰ ਰਾਹਤ ਮਿਲੀ ਹੈ, ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਡੇਢ ਮਹੀਨੇ ਤੋਂ ਉਹ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਹੀ ਚੱਕਰ ਕੱਢਦੇ ਨਜ਼ਰ ਆ ਰਹੇ ਸਨ।
ਸ਼ੁਰੂ ਦੇ ਦਿਨਾਂ ਵਿੱਚ ਇਹ ਵੀ ਨਹੀਂ ਲਗ ਰਿਹਾ ਸੀ ਕਿ ਉਨਾਂ ਦੀ ਪਾਰਟੀ ਨੂੰ ਮਾਨਤਾ ਵੀ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ। ਸੰਯੁਕਤ ਸਮਾਜ ਮੋਰਚੇ ਦੀ ਪਾਰਟੀ ’ਤੇ ਪਹਿਲਾਂ ਕਈ ਤਰਾਂ ਦੇ ਸੁਆਲ ਖੜੇ ਕਰਦੇ ਹੋਏ ਚੋਣ ਕਮਿਸ਼ਨ ਨੇ ਕਈ ਦਸਤਾਵੇਜ਼ ਵੀ ਮੰਗਵਾਏ ਸਨ ਤਾਂ ਕੁਝ ਦਿਨ ਪਹਿਲਾਂ ਹੀ ਉਨਾਂ ਦੀ ਪਾਰਟੀ ਨੂੰ ਮਾਨਤਾ ਦਿੱਤੀ ਗਈ ਹੈ ਪਰ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦਾ ਸਮਾਂ ਘੱਟ ਰਹਿਣ ’ਤੇ ਸੰਯੁਕਤ ਸਮਾਜ ਮੋਰਚੇ ਵਲੋਂ ਆਜ਼ਾਦ ਤੌਰ ’ਤੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ ਸਨ ਪਰ ਸ਼ੱੁਕਰਵਾਰ ਨੂੰ ਚੋਣ ਕਮਿਸ਼ਨ ਵਲੋਂ ‘ਮੰਜਾ’ ਚੋਣ ਨਿਸ਼ਾਨ ਮਿਲਣ ਦੇ ਚਲਦੇ ਹੁਣ ਸਾਰੇ ਉਮੀਦਵਾਰਾਂ ਨੂੰ ਇਹ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਜਾਏਗਾ ਅਤੇ ਸਾਰੇ ਉਮੀਦਵਾਰ ਬਕਾਇਦਾ ਆਪਣੀ ਹੀ ਸੰਯੁਕਤ ਸਮਾਜ ਮੋਰਚਾ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਨਜ਼ਰ ਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ