Weather Update Punjab: ਆਮ ਨਾਲੋਂ 5.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਜ਼ਿਆਦਾ ਗਰਮ ਇਹ ਜਿਲ੍ਹਾ

Weather

ਅਗਲੇ 2 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦਾ ਅਨੁਮਾਨ | Weather Update Punjab

ਲੁਧਿਆਣਾ (ਜਸਵੀਰ ਸਿੰਘ ਗਹਿਲ)। ਗਰਮ ਹਵਾ ਨਾਲ ਬੁੱਧਵਾਰ ਨੂੰ ਵੀ ਪੰਜਾਬ ਪਿਛਲੇ ਦਿਨਾਂ ਵਾਗੂੰ ਹੀ ਤੰਦੂਰ ਵਾਂਗ ਤਪਿਆ ਰਿਹਾ ਤੇ ਮੁੱਖ ਮਾਰਗਾਂ ਸਣੇ ਸੜਕਾਂ ’ਤੇ ਸਿਖ਼ਰ ਦੁਪਿਹਰੇ ਸੰਨਾਟਾ ਛਾਇਆ ਰਿਹਾ। ਜਿਸ ਕਾਰਨ ਲੋਕ ਆਪਣੇ ਜ਼ਰੂਰੀ ਰੁਝੇਵਿਆਂ ਨੂੰ ਸਵੇਰੇ ਜਾਂ ਫ਼ਿਰ ਦੇਰ ਸ਼ਾਮ ਨਿਬੇੜਨ ਨੂੰ ਪਹਿਲ ਦੇਣ ਲੱਗੇ ਹਨ। ਅਗਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਹਾਲੇ ਦੋ ਦਿਨ ਹੋਰ ਪੰਜਾਬ ਦੇ ਲੋਕਾਂ ਨੂੰ ਤੱਤੀਆਂ ਹਵਾਵਾਂ ਤੋਂ ਰਾਹਤ ਮਿਲਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ। ਮੌਸਮ ਵਿਗਿਆਨੀਆਂ ਵੱਲੋਂ ਮੰਗਲਵਾਰ ਨੂੰ ਕੀਤੀ ਗਈ ਭਵਿੱਖਬਾਣੀ ਅਨੁਸਾਰ ਬੁੱਧਵਾਰ ਨੂੰ ਵੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਸਮਰਾਲਾ ਸਭ ਤੋਂ ਜ਼ਿਆਦਾ ਗਰਮ ਰਿਹਾ। (Weather Update Punjab)

ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ

ਜਦਕਿ ਅੰਮ੍ਰਿਤਸਰ ਤੇ ਪਠਾਨਕੋਟ ਵੀ ਭੱਠ ਬਣਿਆ ਰਿਹਾ। ਵੇਰਵਿਆਂ ਮੁਤਾਬਕ ਸਮਰਾਲਾ ਦਾ ਤਾਪਮਾਨ ਪੰਜਾਬ ਰਾਜ ਵਿੱਚ ਆਮ ਦਿਨਾਂ ਦੇ ਮੁਕਾਬਲੇ 5. 2 ਡਿਗਰੀ ਸੈਲਸੀਅਸ ਜ਼ਿਆਦਾ 45.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਪਠਾਨਕੋਟ ਦਾ ਤਾਪਮਾਨਾ 45.4 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਬਿਨ੍ਹਾਂ ਫ਼ਰੀਦਕੋਟ ਸਭ ਤੋਂ ਵੱਧ ਠੰਡਾ ਰਿਹਾ। ਜਿੱਥੇ 41.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਅੰਮ੍ਰਿਤਸਰ ’ਚ ਗੰਭੀਰ ਹੀਟ ਵੇਵ ਦੀਆਂ ਸਥਿਤੀਆਂ ਤੇ ਲੁਧਿਆਣਾ, ਪਟਿਆਲਾ, ਪਠਾਨਕੋਟ ਤੇ ਬਠਿੰਡਾ ’ਚ ਗਰਮੀ ਦੀਆਂ ਲਹਿਰਾਂ ਦੀਆਂ ਸਥਿਤੀਆਂ ਦੀ ਰਿਪੋਰਟ ਹੋਈ ਹੈ। (Weather Update Punjab)

ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ’ਚ ਕਈ ਥਾਵਾਂ ’ਤੇ ਗਰਮ ਰਾਤ ਦੀ ਵੀ ਰਿਪੋਰਟ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਫਾਜ਼ਿਲਕਾ, ਪਟਿਆਲਾ ਤੇ ਨਾਲ ਲੱਗਦੇ ਖੇਤਰਾਂ ’ਚ ਘੱਟ ਤੋਂ ਘੱਟ ਤਾਪਮਾਨ 98 ਫੀਸਦੀ ਤੋਂ ਵੱਧ ਰਿਹਾ। ਜਦਕਿ ਅੰਮ੍ਰਿਤਸਰ, ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 98 ਫੀਸਦੀ ਤੋਂ ਪਾਰ ਦਰਜ਼ ਕੀਤਾ ਗਿਆ। ਹਰਿਆਣਾ ਸੂਬੇ ਦੇ ਮੌਸਮ ਮੁਤਾਬਕ ਸਰਸਾ 46.0 ਡਿਗਰੀ ਸੈਲਸੀਅਸ ਨਾਲ ਸਭ ਤੋਂ ਜ਼ਿਆਦਾ ਗਰਮ ਰਿਹਾ ਜੋ ਆਮ ਨਾਲੋਂ ਰਾਜ ’ਚੋਂ 5.3 ਡਿਗਰੀ ਸੈਲਸੀਅਸ ਜ਼ਿਆਦਾ ਹੈ। ਜਦਕਿ ਬੀਤੇ ਦਿਨ ਦੇ ਮੁਕਾਬਲੇ 1.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ਼ ਕੀਤੀ ਗਈ। (Weather Update Punjab)

ਅੱਗੇ ਇਸ ਤਰ੍ਹਾਂ ਰਹੇਗਾ ਮੌਸਮ | Weather Update Punjab

ਮੌਸਮ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਗਲੇ 5 ਦਿਨਾਂ ਦੌਰਾਨ ਸੂਬੇ ਦੇ ਕੁੱਝ ਹਿੱਸਿਆਂ ’ਚ ਸਤ੍ਹੀ ਹਵਾਵਾਂ 25-35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਫ਼ਿਲਹਾਲ ਮਾਹਿਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਤਬਦੀਲੀ ਆਉਣ ਦੀ ਕੋਈ ਪੇਸ਼ਨਗੋਈ ਨਹੀਂ ਕੀਤੀ ਗਈ। (Weather Update Punjab)