ਪੁਲਿਸ ਨੇ ਇੰਡੀਆ ਟਿੰਬਰ ਸਟੋਰ ਮਾਲਕਾਂ ਵਿਰੁੱਧ 306 ਦਾ ਮਾਮਲਾ ਕੀਤਾ ਦਰਜ਼
ਹੰਡਿਆਇਆ, (ਸੱਚ ਕਹੂੰ ਨਿਊਜ਼) ਕਸਬਾ ਹੰਡਿਆਇਆ ਵਿਖੇ ਇੱਕ ਵਿਅਕਤੀ ਦੁਆਰਾ ਖੁਦਕੁਸ਼ੀ ਕਰ ਲਈ ਗਈ ਜਿਸ ਪਿੱਛੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸਥਾਨਕ ਪੁਲਿਸ ਚੌਂਕੀ ਵਿਖੇ ਧਰਨਾ ਲਗਾ ਦਿੱਤਾ।
ਇਸ ਮੌਕੇ ਮ੍ਰਿਤਕ ਦੇ ਭਰਾ ਮਨਜੀਤ ਰਾਜ ਨੇ ਦੱਸਿਆ ਕਿ ਉਸਦਾ ਭਰਾ ਜਸਵਿੰਦਰ ਭਾਰਦਵਾਜ ਉਰਫ਼ ਮਿੱਠਾ ਬਰਨਾਲਾ ‘ਚ ਸਥਿੱਤ ਇੰਡੀਆ ਟਿੰਬਰ ਸਟੋਰ ‘ਤੇ ਸੇਲਜ਼ਮੈਨ ਦਾ ਕੰਮ ਕਰਦਾ ਸੀ। ਜਿੱਥੇ ਉਸਨੂੰ ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਤਨਖਾਹ ਸਟੋਰ ਮਾਲਕਾਂ ਦੁਆਰਾ ਨਹੀਂ ਦਿੱਤੀ ਗਈ।
ਜਿਸ ਕਰਕੇ ਉਹ ਲਗਾਤਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਆਪਣੀ ਘਰਵਾਲੀ ਨਾਲ ਵੀ ਖੁਦਕੁਸ਼ੀ ਕਰ ਲੈਣ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਜਿਸ ਨੇ ਲੰਘੀ ਰਾਤ ਕੋਈ ਜ਼ਹਿਰੀਲੀ ਚੀਜ ਨਿਗਲ ਲਈ ਤੇ ਘਰਦਿਆਂ ਨੂੰ ਖੁਦ ਹੀ ਫੋਨ ਕਰਕੇ ਮੌਕੇ ‘ਤੇ ਬੁਲਾ ਲਿਆ। ਜਿਸ ਨੂੰ ਮੌਕੇ ‘ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ ਪ੍ਰੰਤੂ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਅੱਗੇ ਰੈਫ਼ਰ ਕਰ ਦਿੱਤਾ। ਜਿੱਥੇ ਜਾਂਦਿਆਂ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ।
ਇਸ ਪਿੱਛੋਂ ਉਨ੍ਹਾਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਸਵਿੰਦਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਚੌਂਕੀ ਹੰਡਿਆਇਆ ਅੱਗੇ ਧਰਨਾ ਲਗਾ ਦਿੱਤਾ। ਇਸ ਦੌਰਾਨ ਪੁਲਿਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਇੰਡੀਆ ਟਿੰਬਰ ਸਟੋਰ ਦੇ ਮਾਲਕਾਂ ‘ਤੇ ਪਰਚਾ ਦਰਜ ਕੀਤਾ ਹੈ। ਇਸ ਮੌਕੇ ਕਰਮਜੀਤ ਸਿੰਘ ਬੀਹਲਾ, ਤਰਸੇਮ ਭੱਠਲ, ਗੁਰਮੀਤ ਸਿੰਘ ਸੁਖਪੁਰਾ, ਰਾਜੀਵ ਸ਼ਰਮਾ, ਕੁਲਵੰਤ ਕੀਤੂ ਆਦਿ ਤੋਂ ਇਲਾਵਾ ਪਰਿਵਾਰਕ ਮੈਂਬਰ ਤੇ ਜਨਤਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਇਸ ਸਬੰਧੀ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਭੂਸਣ ਕੁਮਾਰ ਤੇ ਅਭੀ ਕੁਮਾਰ ਦੇ ਬਿਆਨਾਂ ਦੇ ਅਧਾਰ ‘ਤੇ ਸਥਾਨਕ ਰਾਏਕੋਟ ਰੋਡ ‘ਤੇ ਸਥਿੱਤ ਇੰਡੀਆ ਟਿੰਬਰ ਸਟੋਰ ਦੇ ਰਵਿੰਦਰ ਬਾਂਸਲ ਤੇ ਸ਼ਾਹਿਲ ਬਾਂਸਲ ਖਿਲਾਫ਼ ਆਈਪੀਸੀ ਦੀ ਧਾਰਾ 306, 34 ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ