ਖੁਸ਼ਖ਼ਬਰੀ: ਲੁਧਿਆਣਾ ਵਾਸੀ ਵੀ ਲੈਣਗੇ ਜਹਾਜ਼ਾਂ ਦੇ ਝੂਟੇ

Sahnewal Airport, Flight,Director, NK Sharma, Deputy Commissioner

ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਲਈ ਤਿਆਰੀਆਂ ਸ਼ੁਰੂ

ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਜਿ਼ਲ੍ਹਾ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਵੱਸਦੇ ਲੋਕਾਂ ਵਾਸਤੇ ਖੁਸ਼ਖ਼ਬਰੀ ਹੈ ਕਿ ਸ਼ਹਿਰ ਲੁਧਿਆਣਾ ਦੇ ਨੇੜਲੇ ਕਸਬੇ ਸਾਹਨੇਵਾਲ ਦੇ ਹਵਾਈ ਅੱਡੇ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਲੋੜੀਂਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਦਾ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਖੁਦ ਜਾਇਜ਼ਾ ਲਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ।

ਉਡਾਣਾਂ ਸੰੰਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਉਡਾਣ ਯੋਜਨਾ’ ਤਹਿਤ ਸਾਹਨੇਵਾਲ ਤੋਂ ਘਰੇਲੂ ਹਵਾਈ ਉਡਾਣਾਂ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ  ਕਿਹਾ ਕਿ ਬੁਨਿਆਦੀ ਢਾਂਚੇ ਵਜੋਂ ਹਵਾਈ ਅੱਡਾ ਘਰੇਲੂ ਹਵਾਈ ਉਡਾਣਾਂ ਲਈ ਤਿਆਰ ਹੈ, ਜਿਸ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਸੁਧਾਰ ਵੀ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਇਸ ਸਮੇਂ ਸਾਹਣੇਵਾਲ ਏਅਰ ਪੋਰਟ ਵਿਖੇ ਛੋਟੇ ਜਹਾਜ ਹੀ ਉਡਾਣ ਭਰਣ ਦੇ ਯੋਗ ਹੈ।  ਇਸ ਦੇ ਰਣ-ਵੇ ਦੀ ਲੰਬਾਈ 4800 ਫੁੱਟ ਹੈ ਜੇ ਇਸ ਨੂੰ ਬੋਇੰਗ ਜਹਾਜ ਜਾ ਕਾਰਗੋ ਪਲੇਨ ਦੇ ਸਮਰੱਥ ਬਨਾਉਣਾ ਹੈ ਤਾਂ ਇਸ ਦੀ ਲੰਬਾਈ 7500 ਫੁੱਟ ਚਾਹੀਦੀ ਹੈ। ਬਾਦਲ ਸਰਕਾਰ ਸਮੇਂ ਕਿਹਾ ਗਿਆ ਸੀ ਕਿ ਲੁਧਿਆਣਾ ਦੇ ਏਅਰ ਪੋਰਟ ਦੇ ਰਣ-ਵੇ ਦੀ ਲੰਬਾਈ 4500 ਫੁੱਟ ਤੋਂ ਵਧਾ ਕੇ 7500 ਫੁੱਟ ਕੀਤੀ ਜਾਵੇਗੀ।

ਹਵਾਈ ਅੱਡੇ ਦੇ ਡਾਇਰੈਕਟਰ ਏ. ਐੱਨ. ਸ਼ਰਮਾ ਨੇ ਦੱਸਿਆ ਕਿ ਸਾਹਨੇਵਾਲ ਹਵਾਈ ਅੱਡੇ ‘ਤੇ ਇਸ ਵੇਲੇ 70 ਸੀਟਾਂ ਵਾਲੇ ਜਹਾਜ਼ ਦੇ ਚੜ੍ਹਨ ਅਤੇ ਉੱਤਰਨ ਦੀ ਸਮਰੱਥਾ ਹੈ ਤੇ ਉਸ ਦੀਆਂ ਘਰੇਲੂ ਉਡਾਣਾਂ ਜਲਦੀ ਸ਼ੁਰੂ ਹੋ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਵਧੀਕ ਕਮਿਸ਼ਨਰ ਨਗਰ ਨਿਗਮ ਰਿਸ਼ੀਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।