ਮੀਡੀਆ ਨੂੰ ਵੀ ਰੱਖਿਆ ਗਿਆ ਸਮਾਗਮ ਤੋਂ ਦੂਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵਜੀਫ਼ਾ ਘੁਟਾਲੇ ਮਾਮਲੇ ‘ਚ ਘਿਰੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਚੁੱਪ-ਚਪੀਤੇ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ ਕਰਵਾ ਕੇ ਚਲਦੇ ਬਣੇ। ਇੱਥੋਂ ਤੱਕ ਕਿ ਮੀਡੀਆ ਨੂੰ ਵੀ ਇਸ ਸਮਾਗਮ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਗਿਆ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਇਸ ਦੀ ਭਾਫ਼ ਨਹੀਂ ਕੱਢੀ ਗਈ। ਜਾਣਕਾਰੀ ਅਨੁਸਾਰ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜ ਭਰ ਵਿੱਚ ਇਨ੍ਹਾਂ ਸਮਾਰਟ ਕਾਰਡਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹਿਆਂ ਅੰਦਰ ਪੰਜਾਬ ਸਰਕਾਰ ਦੇ ਵੱਖ ਵੱਖ ਮੰਤਰੀਆਂ ਵੱਲੋਂ ਇਸ ਦੀ ਸ਼ੁਰੂਆਤ ਕਰਵਾਈ ਗਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਮਾਗਮ ਲਈ ਪੁੱਜੇ ਹੋਏ ਸਨ
ਪਰ ਅੱਜ ਉਨ੍ਹਾਂ ਦਾ ਮੀਡੀਆ ਨਾਲ ਟਾਕਰਾ ਹੀ ਨਹੀਂ ਹੋਣ ਦਿੱਤਾ ਗਿਆ। ਉਹ ਇਸ ਸਮਾਗਮ ਵਿੱਚ ਲਗਭਗ ਸਾਢੇ ਗਿਆਰਾਂ ਵਜੇ ਪੁੱਜ ਗਏ ਸਨ ਅਤੇ ਇੱਥੇ ਉਹ ਇੱਕ ਘੰਟੇ ਤੋਂ ਵੱਧ ਸਮਾਂ ਰੁਕੇ ਰਹੇ ਤੇ ਸਮਾਗਮ ਨੂੰ ਸਿਰੇ ਚਾੜਕੇ ਚੁੱਪ ਚਪੀਤੇ ਰਵਾਨਾ ਹੋ ਗਏ। ਨਾ ਤਾਂ ਉਨ੍ਹਾਂ ਦੇ ਆਉਣ ਦਾ ਲੋਕ ਸੰਪਰਕ ਵਿਭਾਗ ਵੱਲੋਂ ਕੋਈ ਸੁਨੇਹਾ ਭੇਜਿਆ ਗਿਆ ਅਤੇ ਨਾ ਹੀ ਸਮਾਗਮ ਦੀ ਭਾਫ਼ ਕੱਢੀ ਗਈ।
ਵਿਭਾਗ ਨੂੰ ਡਰ ਸੀ ਕਿ ਜੇਕਰ ਪੱਤਰਕਾਰਾਂ ਨੂੰ ਇਸ ਸਮਾਗਮ ਵਿੱਚ ਬੁਲਾ ਲਿਆ ਗਿਆ ਤਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਲਈ ਔਖਾ ਹੋ ਸਕਦਾ ਸੀ ਕਿਉਂਕਿ ਵਜੀਫ਼ਾ ਘੁਟਾਲੇ ਵਿੱਚ ਘਿਰੇ ਮੰਤਰੀ ਲਈ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈਂਦਾ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੱਲੋਂ ਵੀ ਮੰਤਰੀ ਲਈ ਔਖ ਖੜ੍ਹੀ ਕੀਤੀ ਜਾ ਸਕਦੀ ਸੀ। ਉਂਜ ਭਾਵੇਂ ਇਸ ਸਮਾਗਮ ‘ਚ ਕਾਂਗਰਸ ਦੇ ਹੋਰ ਆਗੂਆਂ ਸਮੇਤ ਲਾਭਪਾਤਰੀਆਂ ਨੂੰ ਵੀ ਸੱਦਿਆ ਗਿਆ ਸੀ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਵਜੀਫ਼ਾ ਘੁਟਾਲੇ ‘ਤੇ ਸਖ਼ਤ ਰੁੱਖ ਅਪਣਾਇਆ ਹੋਇਆ ਹੈ ਅਤੇ ਕੈਬਨਿਟ ਮੰਤਰੀ ਦੀ ਰਿਹਾਇਸ਼ ਨਾਭਾ ਵਿਖੇ ਕਈ ਦਿਨਾਂ ਤੋਂ ਦਿਨ ਰਾਤ ਦਾ ਧਰਨਾ ਚਲਾਇਆ ਗਿਆ ਸੀ, ਜੋ ਕਿ ਪਿਛਲੇ ਦਿਨੀਂ ਹੀ ਅਲਟੀਮੇਟਮ ਨਾਲ ਸਮਾਪਤ ਹੋਇਆ ਹੈ। ਇੱਧਰ ਕਈ ਦਲਿਤ ਜਥੇਬੰਦੀਆਂ ਵੱਲੋਂ ਵੀ ਇਸ ਮਾਮਲੇ ਨੂੰ ਮੁੱਦਾ ਬਣਾਇਆ ਹੋਇਆ ਹੈ,
ਜਿਸ ਕਰਕੇ ਇਸ ਸਮਾਗਮ ਲਈ ਚੁੱਪ ਹੀ ਭਲੀ ਸਮਝੀ ਗਈ। ਇੱਧਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਪਾਕ-ਸਾਫ਼ ਦੱਸਿਆ ਗਿਆ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ। ਉਂਜ ਕੇਂਦਰ ਸਮੇਤ ਰਾਜ ਸਰਕਾਰ ਵੱਲੋਂ ਇਸ ਘੁਟਾਲੇ ਦੀ ਜਾਂਚ ਆਪਣੇ ਆਪਣੇ ਤੌਰ ‘ਤੇ ਆਰੰਭੀ ਹੋਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਜਾਂਚ ਦੌਰਾਨ ਫਰਕ ਸਾਹਮਣੇ ਆਇਆ ਤਾਂ ਉਹ ਕਿਸੇ ਨੂੰ ਨਹੀਂ ਬਖਸਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.