ਸਲਾਬਤਪੁਰਾ ’ਚ ਸਾਧ-ਸੰਗਤ ਨੇ ਮਨਾਇਆ ਐੱਮਐੱਸਜੀ ਸਤਿਸੰਗ ਭੰਡਾਰਾ
(ਸੱਚ ਕਹੂੰ ਟੀਮ) ਸਲਾਬਤਪੁਰਾ। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪੰਜਾਬ ਰਾਜ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਭੰਡਾਰੇ ਵਿੱਚ ਕਹਿਰ ਦੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਸਾਧ-ਸੰਗਤ ਦੀ ਆਮਦ ਨੂੰ ਲੈ ਕੇ ਪਾਣੀ ਅਤੇ ਛਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਤਾਂ ਜੋ ਗਰਮੀ ਦੇ ਇਸ ਮੌਸਮ ਵਿੱਚ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। (Salabatpura Bhandara)
ਪਵਿੱਤਰ ਭੰਡਾਰੇ ਦੀ ਸ਼ੁਰੂਆਤ 11 ਵਜੇ ਹੋਈ ਪਰ ਸਾਧ-ਸੰਗਤ ਕੱਲ੍ਹ ਰਾਤ ਤੋਂ ਇਲਾਵਾ ਅੱਜ ਸਵੇਰੇ ਹੀ ਪੁੱਜਣੀ ਸ਼ੁਰੂ ਹੋ ਗਈ ਸੀ। ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦ ਪਰਿਵਾਰਾਂ ਦੇ 76 ਬੱਚਿਆਂ ਨੂੰ ਕੱਪੜੇ ਵੰਡੇ ਗਏ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਸੰਨ 1948 ਅਪਰੈਲ ਮਹੀਨੇ ਵਿੱਚ ਡੇਰੇ ਦੀ ਸਥਾਪਨਾ ਕਰਨ ਤੋਂ ਬਾਅਦ ਮਈ ਮਹੀਨੇ ਵਿੱਚ ਪਹਿਲਾ ਸਤਿਸੰਗ ਫਰਮਾਇਆ ਸੀ। ਸਾਧ-ਸੰਗਤ ਮਈ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਸਤਿਸੰਗ ਭੰਡਾਰਾ ਮਹੀਨੇ ਵਜੋਂ ਮਨਾਉਂਦੀ ਹੈ।
ਇਸ ਪਵਿੱਤਰ ਭੰਡਾਰੇ ਮੌਕੇ ਕਵੀਰਾਜ ਵੀਰਾਂ ਨੇ ਸ਼ਬਦ-ਭਜਨ ਬੋਲੇ। ਸ਼ਬਦਾਂ ਦੀਆਂ ਮਨਮੋਹਕ ਧੁਨਾਂ ’ਤੇ ਬੱਚੇ, ਬੁੱਢੇ, ਨੌਜਵਾਨ ਹਰ ਉਮਰ ਵਰਗ ਦੇ ਸ਼ਰਧਾਲੂ ਨੱਚਦੇ ਰਹੇ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ ਸੰਗਤ ਨੇ ਇੱਕ ਮਨ, ਇੱਕ ਚਿੱਤ ਹੋ ਕੇ ਸਰਵਣ ਕੀਤਾ। ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਅਪਰੈਲ ਮਹੀਨੇ ਵਿੱਚ ਭੇਜੀ ਗਈ ਸ਼ਾਹੀ ਚਿੱਠੀ ਇੱਕ ਵਾਰ ਫਿਰ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ਵਿੱਚ ਪ੍ਰਸ਼ਾਦ ਤੇ ਲੰਗਰ ਛਕਾਇਆ ਗਿਆ। (Salabatpura Bhandara)
ਨਸ਼ਿਆਂ ਖਿਲਾਫ਼ ਚੱਲੇ ਗੀਤਾਂ ’ਤੇ ਨੱਚੀ ਸੰਗਤ (Salabatpura Bhandara)
ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗੀਤ ‘ਦੇਸ਼ ਕੀ ਜਵਾਨੀ’, ਤੇ ’ਜਾਗੋ ਦੇਸ਼ ਦੇ ਲੋਕੋ’ ਵੀ ਇਸ ਮੌਕੇ ਚਲਾਏ ਗਏ। ਇਹਨਾਂ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਨੌਜਵਾਨ ਨਸ਼ਾ ਛੱਡ ਚੁੱਕੇ ਹਨ। ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਸ਼ਰਧਾਲੂਆਂ ਤੋਂ ਇਲਾਵਾ ਆਮ ਲੋਕਾਂ ਵਿੱਚ ਇਹ ਗੀਤ ਹਰਮਨ ਪਿਆਰੇ ਬਣੇ ਹੋਏ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਰੋੜਾਂ ਲੋਕ ਇਹਨਾਂ ਗੀਤਾਂ ਨੂੰ ਦੇਖ ਚੁੱਕੇ ਹਨ।
ਰਾਹਗੀਰਾਂ ਦੀ ਪਿਆਸ ਬੁਝਾਉਣ ਦਾ ਮਿਲਿਆ ਸੰਦੇਸ਼
ਗਰਮੀਆਂ ਦੇ ਇਹਨਾਂ ਦਿਨਾਂ ਵਿੱਚ ਰਾਹਗੀਰਾਂ ਦੀ ਪਿਆਸ ਬੁਝਾਉਣ ਦਾ ਸੰਦੇਸ਼ ਦਿੰਦੀ ਡਾਕੂਮੈਂਟਰੀ ਵੀ ਇਸ ਮੌਕੇ ਦਿਖਾਈ ਗਈ। ਡਾਕੂਮੈਂਟਰੀ ਵਿੱਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੇਕਰ ਲੋਕਾਂ ਦੀ ਪਿਆਸ ਬੁਝਾਉਣ ਲਈ ਘੜੇ ਆਦਿ ਭਰ ਕੇ ਰੱਖ ਦਿੱਤੇ ਜਾਣ ਤਾਂ ਇਹ ਬਹੁਤ ਹੀ ਪੁੰਨ ਦਾ ਕੰਮ ਹੈ। ਡਾਕੂਮੈਂਟਰੀ ਵਿੱਚ ਦਰਸਾਇਆ ਗਿਆ ਕਿ ਸਾਧ-ਸੰਗਤ ਕਿਸ ਤਰ੍ਹਾਂ ਛਬੀਲਾਂ ਲਗਾ ਕੇ ਲੋਕਾਂ ਦੀ ਪਿਆਸ ਬੁਝਾਉਂਦੀ ਹੈ। ਵੀਡੀਓ ਜਰੀਏ ਇਸ ਕਾਰਜ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।