ਸਮਾਣਾ,(ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਸਮਾਣਾ-ਪਾਤੜਾਂ ਰੋਡ ‘ਤੇ ਬੀਤੀ ਰਾਤ ਕਾਰ ਦੀ ਟਰੱਕ ਤੇ ਟੈਂਪੂ ਨਾਲ ਟੱਕਰ ‘ਚ ਸਮਾਣਾ ਸਦਰ ਮੁਖੀ ਇੰਸਪੈਕਟਰ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਹਰਸ਼ਦੀਪ ਦੀ ਲਾਸ਼ ਦਾ ਪੋਸਟਮਾਰਟਮ ਸਥਾਨਕ ਸਿਵਲ ਹਸਪਤਾਲ ਵਿਖੇ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਜਾਣਕਾਰੀ ਅਨੁਸਾਰ ਸਦਰ ਥਾਣਾ ਮੁਖੀ ਹਰਸ਼ਦੀਪ ਸਿੰਘ ਬੀਤੀ ਰਾਤ ਕਰੀਬ ਸਾਢੇ 11 ਵਜੇ ਆਪਣੇ ਦੋ ਸਾਥੀਆਂ ਦੀਪਕ ਗਰਗ ਪੁੱਤਰ ਤਰਸੇਮ ਚੰਦ ਭੋਲਾ ਸਰਪੰਚ ਪਿੰਡ ਗਾਜੀਪੁਰ ਅਤੇ ਪੁਨੀਤ ਕੁਮਾਰ ਉਰਫ਼ ਬੰਟੀ ਪੁੱਤਰ ਭੂਸ਼ਣ ਕੁਮਾਰ ਨਾਲ ਪਾਤੜਾਂ ਵੱਲ ਤੋਂ ਆ ਰਹੇ ਸਨ ਕਿ ਸਮਾਣਾ ਨੇੜੇ ਨਿਰਮਾਨ ਢਾਬੇ ਨੇੜੇ ਉਨ੍ਹਾਂ ਦੀ ਗੱਡੀ ਦੀ ਟਰੱਕ ਤੇ ਫਿਰ ਟੈਂਪੂ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਹਾਦਸੇ ਦੌਰਾਨ ਸਦਰ ਥਾਣਾ ਮੁਖੀ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋਵੇਂ ਸਾਥੀ ਦੀਪਕ ਗਰਗ ਤੇ ਪੁਨੀਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਦੋਂਕਿ ਮ੍ਰਿਤਕ ਹਰਸ਼ਦੀਪ ਸਿੰਘ ਦੀ ਲਾਸ਼ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਤੇ ਟੈਂਪੂ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਟਰੱਕ ਤੇ ਟੈਂਪੂ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।