ਬੇਅਦਬੀ ਮਾਮਲਿਆਂ ਨਾਲ ਪੂਜਨੀਕ ਗੁਰੂ ਜੀ ਦਾ ਕੋਈ ਲੈਣਾ ਦੇਣਾ ਨਹੀਂ : ਕੇਵਲ ਬਰਾੜ
(ਭੁਪਿੰਦਰ ਸਿੰਘ) ਫਰੀਦਕੋਟ। ਪੰਜਾਬ ਪੁਲਿਸ ਬੇਅਦਬੀ ਮਾਮਲੇ (Sacrilege case) ਦੀ ਵਿਗਿਆਨਿਕ ਤੇ ਨਿਰਪੱਖ ਜਾਂਚ ਨਾ ਕਰਕੇ ਡੇਰਾ ਸੱਚਾ ਸੌਦਾ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੀ ਹੈ। ਇਹ ਕਿਸੇ ਸਾਜਿਸ਼ ਦਾ ਹਿੱਸਾ ਹੈ। ਇਸ ਗੱਲ ਦਾ ਪ੍ਰਗਟਾਵਾ ਡੇਰਾ ਸੱਚਾ ਸੌਦਾ ਦੇ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਡੇਰੇ ਖਿਲਾਫ਼ ਕੋਈ ਸਬੂਤ ਨਹੀਂ। ਪੁਲਿਸ ਅਸਲ ਦੋਸ਼ੀਆਂ ਨੂੰ ਲੱਭਣ ਦੀ ਬਜਾਇ ਸਿਆਸੀ ਇਸ਼ਾਰਿਆਂ ’ਤੇ ਚੱਲ ਕੇ ਮਾਮਲੇ ਨੂੰ ਸੁਲਝਾਉਣ ਦੀ ਬਜਾਇ ਉਲਝਾ ਰਹੀ ਹੈ।
ਸ. ਬਰਾੜ ਨੇ ਆਖਿਆ ਕਿ ਸੀਬੀਆਈ ਬੇਅਦਬੀ ਮਾਮਲਿਆਂ (Sacrilege case) ਦੀ ਵਿਗਿਆਨਿਕ ਤੇ ਡੂੰਘਾਈ ਨਾਲ ਜਾਂਚ ਕਰ ਚੁੱਕੀ ਹੈ। ਸੀਬੀਆਈ ਨੇ ਡੇਰਾ ਸ਼ਰਧਾਲੂਆਂ ਨੂੰ ਗ੍ਰਿਫਤਾਰ ਕਰਕੇ ਹਰ ਤਰ੍ਹਾਂ ਦੀ ਬਰੀਕੀ ਨਾਲ ਜਾਂਚ ਕੀਤੀ। ਡੇਰਾ ਸ਼ਰਧਾਲੂਆਂ ਦੇ ਬਰੇਨ ਮੈਪਿੰਗ, ਪੋਲੀਗਰਾਫ਼ ਸਮੇਤ ਹਰ ਤਰ੍ਹਾਂ ਦੇ ਟੈਸਟ ਕਰਵਾਏ ਪਰ ਡੇਰਾ ਸ਼ਰਧਾਲੂ ਨਿਰਦੋਸ਼ ਸਾਬਤ ਹੋਏ। ਬਰਾੜ ਨੇ ਆਖਿਆ ਕਿ 2015 ’ਚ ਬੇਅਦਬੀ ਮਾਮਲਿਆਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਣ ਵਾਲੀ ਪੰਜਾਬ ਪੁਲਿਸ ਨੇ 2017 ’ਚ ਸਰਕਾਰ ਬਦਲਣ ਸਾਰ ਸਿਆਸੀ ਬਦਲੇਖੋਰੀ ਤਹਿਤ ਡੇਰਾ ਸ਼ਰਧਾਲੂਆਂ ਨੂੰ ਨਿਸ਼ਾਨੇ ’ਤੇ ਲੈ ਲਿਆ।
ਬਰਾੜ ਨੇ ਆਖਿਆ ਕਿ ਡੇਰਾ ਸ਼ਰਧਾਲੂਆਂ ’ਤੇ ਬੇਹੱਦ ਤਸ਼ੱਦਦ ਢਾਹ ਕੇ ਉਨ੍ਹਾਂ ’ਤੇ ਜ਼ੁਰਮ ਇਕਬਾਲ ਕਰਨ ਦਾ ਦਬਾਅ ਪਾਇਆ ਗਿਆ ਜਿਸ ਦਾ ਜ਼ਿਕਰ ਮਹਿੰਦਰਪਾਲ ਬਿੱਟੂ ਨੇ ਆਪਣੇ ਕਤਲ ਤੋਂ ਪਹਿਲਾਂ ਆਪਣੀ ਡਾਇਰੀ ’ਚ ਕੀਤਾ ਹੈ। ਬਿੱਟੂ ਦੇ ਪਰਿਵਾਰ ਵੱਲੋਂ ਉਸ ਦੀ ਡਾਇਰੀ ਦੇ ਆਧਾਰ ’ਤੇ ਹਾਈਕੋਰਟ ’ਚ ਪਟੀਸ਼ਨ ਪਾਈ ਗਈ ਹੈ ਜਿਸ ਦੀ ਸੁਣਵਾਈ ਹੋ ਰਹੀ ਹੈ। ਕੇਵਲ ਸਿੰਘ ਬਰਾੜ ਨੇ ਅੱਗੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਤੇ ਬੇਅਦਬੀ ਦੇ ਮਾਮਲਿਆਂ ’ਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ