‘ਸਾਉਣ ਮਹੀਨਾ ਅਤੇ ਪਿੱਪਲੀਂ ਪੀਂਘਾਂ’

‘ਸਾਉਣ ਮਹੀਨਾ ਅਤੇ ਪਿੱਪਲੀਂ ਪੀਂਘਾਂ’

ਸਾਲ ਦੇ 12 ਦੇਸੀ ਮਹੀਨਿਆਂ ਵਿੱਚੋਂ ਸਾਉਣ ਦੇ ਮਹੀਨੇ ਦੀ ਵਿਲੱਖਣ ਪਹਿਚਾਣ ਹੈ। ਜੇਠ-ਹਾੜ ਵਿੱਚ ਪੈਂਦੀਆਂ ਤੇਜ ਧੁੱਪਾਂ ਕਾਰਨ ਸੜ ਚੁੱਕੀ ਧਰਤੀ ਅਤੇ ਮੁਰਝਾਈਆਂ ਫ਼ਸਲਾਂ ’ਤੇ ਜਦੋਂ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਹੈ ਤਾਂ ਚਾਰੇ ਪਾਸੇ ਹਰਿਆਲੀ ਨਜ਼ਰ ਆਉਣ ਲੱਗਦੀ ਹੈ। ਪੰਛੀ ਚਹਿਕ ਉੱਠਦੇ ਹਨ। ਮੋਰ ਪੈਲਾਂ ਪਾਉਂਦੇ ਨਜ਼ਰ ਆਉਂਦੇ ਹਨ। ਕੋਇਲ ਆਪਣੀ ਸੁਰੀਲੀ ਅਤੇ ਮਿੱਠੀ ਅਵਾਜ਼ ਨਾਲ ਕਾਇਨਾਤ ਵਿੱਚ ਨਵੀਆਂ ਤਰੰਗਾਂ ਛੇੜਦੀ ਹੈ। ਪ੍ਰਕਿਰਤੀ ਵਿੱਚ ਆਉਂਦੀ ਇਹ ਤਬਦੀਲੀ ਹਰ ਜੀਵ-ਜੰਤੂ ਵਿੱਚ ਨਵਾਂ ਰੰਗ ਭਰਦੀ ਹੈ ਅਤੇ ਮੌਸਮ ਐਨਾ ਖੁਸ਼ਨੁਮਾ ਹੋ ਜਾਂਦਾ ਹੈ ਕਿ ਹਰ ਪਾਸੇ ਖੁਸ਼ੀਆਂ-ਖੇੜੇ ਪਰਤ ਆਉਂਦੇ ਹਨ।

ਸਾਉਣ ਦੇ ਮਹੀਨੇ ਨੂੰ ਮੀਂਹ ਪੈਣ ਦੇ ਮਹੀਨੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਅਸਮਾਨ ਵਿੱਚ ਛਾਈਆਂ ਕਾਲੀਆਂ ਘਟਾਵਾਂ ਮਨਮੋਹਕ ਦਿ੍ਰਸ਼ ਪੇਸ਼ ਕਰਦੀਆਂ ਹਨ। ਪੰਛੀਆਂ ਦੇ ਆਲ੍ਹਣਿਆਂ ਵਿੱਚ ਪਿਆ ਸੁੱਕਾ ਖੱਬਲ ਘਾਹ ਵੀ ਇਸ ਮਹੀਨੇ ਧਰਤੀ ’ਤੇ ਡਿੱਗ ਕੇ ਫਿਰ ਤੋਂ ਹਰਾ ਹੋ ਜਾਂਦਾ ਹੈ ਜੋ ਨਿਰਾਸ਼ਾ ਵਿੱਚ ਆਸ਼ਾ ਦੀ ਨਵੀਂ ਮਿਸਾਲ ਪੈਦਾ ਕਰਦਾ ਹੈ। ਇਸ ਮਹੀਨੇ ਦਾ ਜਿੱਥੇ ਕਿਸਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ, ਉੱਥੇ ਹੀ ਕੁੜੀਆਂ ਲਈ ਵੀ ਇਹ ਮਹੀਨਾ ਨਵੀਆਂ ਖੁਸ਼ੀਆਂ, ਉਮੰਗਾਂ ਅਤੇ ਚਾਅ ਲੈ ਕੇ ਆਉਂਦਾ ਹੈ।

ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਤਿਉਹਾਰ ਅਤੇ ਪਰੰਪਰਾਵਾਂ ਅਲੱਗ-ਅਲੱਗ ਮਹੀਨਿਆਂ ਨਾਲ ਜੁੜੀਆਂ ਹੋਈਆਂ ਹਨ। ਇਸੇ ਤਰ੍ਹਾਂ ਹੀ ਸਾਉਣ ਦੇ ਮਹੀਨੇ ਨੂੰ ਵੀ ਤੀਆਂ ਦੇ ਤਿਉਹਾਰ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਭਾਵੇਂ ਅਜੋਕੇ ਪਦਾਰਥਵਾਦੀ ਯੁੱਗ ਨੇ ਅੱਜ-ਕੱਲ੍ਹ ਦੀਆਂ ਮੁਟਿਆਰਾਂ ਨੂੰ ਅਜਿਹੇ ਰੀਤੀ-ਰਿਵਾਜ਼ਾਂ ਤੋਂ ਦੂਰ ਕਰ ਦਿੱਤਾ ਹੈ। ਹੁਣ ਇਹ ਤਿਉਹਾਰ ਵੀ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਜਾਂ ਪਾਰਕਾਂ ਤੱਕ ਸਿਮਟ ਕੇ ਰਹਿ ਗਏ ਹਨ।

ਹੁਣ ਦੀਆਂ ਮੁਟਿਆਰਾਂ ਤਾਂ ਪੀਂਘਾਂ ਝੂਟਣ ਤੋਂ ਵੀ ਡਰਦੀਆਂ ਹਨ। ਪਰ ਬਹੁਤੇ ਪਿੰਡਾਂ ਵਿੱਚ ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੱਡੇ ਪੱਧਰ ’ਤੇ ਮਨਾਏ ਜਾਣ ਦੇ ਉਪਰਾਲੇ ਪਿੰਡਾਂ ਵਿੱਚ ਬਣੇ ਕਲੱਬਾਂ ਵੱਲੋਂ ਕੀਤੇ ਜਾ ਰਹੇ ਹਨ ਜੋ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਤਿ ਜ਼ਰੂਰੀ ਵੀ ਹਨ। ਤਿੰਨ ਕੁ ਦਹਾਕੇ ਪਹਿਲਾਂ ਤੀਆਂ ਦਾ ਤਿਉਹਾਰ ਪਿੰਡ ਦੀ ਕਿਸੇ ਖੁੱਲ੍ਹੀ ਥਾਂ ’ਤੇ ਇੱਕ ਵੱਡੇ ਤਿਉਹਾਰ ਵਾਂਗ ਮਨਾਇਆ ਜਾਂਦਾ ਸੀ ਜਦੋਂ ਸਾਰੀਆਂ ਨਵ-ਵਿਆਹੀਆਂ ਕੁੜੀਆਂ ਆਪਣੇ-ਆਪਣੇ ਪੇਕੇ ਘਰ ਆਉਂਦੀਆਂ ਅਤੇ ਤੀਆਂ ਦੇ ਇਸ ਤਿਉਹਾਰ ਨੂੰ ਹੱਸਦੀਆਂ-ਟੱਪਦੀਆਂ ਰਲ-ਮਿਲ ਕੇ ਮਨਾਉਂਦੀਆਂ।

ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਅਤੇ 13 ਦਿਨ ਚੱਲਣ ਤੋਂ ਬਾਅਦ ਸਾਉਣ ਦੀ ਪੁੰਨਿਆ ਨੂੰ ਸਮਾਪਤ ਹੁੰਦਾ ਹੈ। ਇਹ ਤਿਉਹਾਰ ਵਿਆਹੀਆਂ ਕੁੜੀਆਂ ਦੇ ਮੁੜ ਮਿਲਣ ਦਾ ਸਬੱਬ ਵੀ ਬਣਦਾ ਹੈ। ਇਸ ਮਹੀਨੇ ਹਰ ਨਵੀਂ ਵਿਆਹੀ ਮੁਟਿਆਰ ਨੂੰ ਆਪਣੇ ਪੇਕੇ ਘਰ ਜਾਣ ਦੀ ਤਾਂਘ ਹੁੰਦੀ ਹੈ। ਕੁੜੀਆਂ ਦੇ ਮਨਾਂ ਵਿੱਚ ਦੱਬੇ ਚਾਅ ਇਸ ਮਹੀਨੇ ਹੁਲਾਰੇ ਲੈਣ ਲੱਗਦੇ ਹਨ। ਉਨ੍ਹਾਂ ਦੀਆਂ ਸੱਧਰਾਂ ਨੂੰ ਬੂਰ ਪੈਂਦਾ ਹੈ ਅਤੇ ਉਹ ਆਪਣੇ ਦਿਲ ਦੇ ਵਲਵਲਿਆਂ ਨੂੰ ਆਪਣੀਆਂ ਸਹੇਲੀਆਂ ਨਾਲ ਸਾਂਝਾ ਕਰਕੇ ਆਪਣੀਆਂ ਸੱਧਰਾਂ ਪੂਰੀਆਂ ਕਰਦੀਆਂ ਹਨ। ਰਹੁ-ਰੀਤਾਂ ਅਨੁਸਾਰ ਨਵੀਆਂ ਵਿਆਹੀਆਂ ਕੁੜੀਆਂ ਆਪਣਾ ਪਹਿਲਾ ਸਾਉਣ ਆਪਣੇ ਪੇਕੇ ਘਰ ਬਤੀਤ ਕਰਦੀਆਂ ਹਨ।

ਇਸ ਮਹੀਨੇ ਵਿੱਚ ਕੁੜੀਆਂ ਹੱਥਾਂ ’ਤੇ ਮਹਿੰਦੀ ਲਾ ਕੇ ਅਤੇ ਬਾਹਾਂ ਵਿੱਚ ਰੰਗਲੇ ਚੂੜੇ ਪਾ ਕੇ ਹਾਰ-ਸ਼ਿੰਗਾਰ ਕਰਦੀਆਂ ਹਨ। ਤੀਆਂ ਦੌਰਾਨ ਇੱਕ-ਦੂਜੀ ਨੂੰ ਮਿਲ ਕੇ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਹਨ। ਆਪਣੇ-ਆਪਣੇ ਸਹੁਰੇ ਪਰਿਵਾਰ ਦੇ ਵਰਤ-ਵਰਤਾਵੇ ਨੂੰ ਇੱਕ-ਦੂਜੀ ਕੋਲ ਦੱਸਦੀਆਂ ਹਨ। ਬੀਤੇ ਸਮੇਂ ਦੌਰਾਨ ਤੀਆਂ ਮੌਕੇ ਆਥਣ ਵੇਲੇ ਵੱਡੇ ਰੁੱਖਾਂ ’ਤੇ ਪੀਂਘਾਂ ਪਾਈਆਂ ਜਾਂਦੀਆਂ ਸਨ ਅਤੇ ਕੁੜੀਆਂ ਇੱਕ-ਦੂਜੀ ਨਾਲ ਮੁਕਾਬਲਾ ਕਰਦੀਆਂ ਹੋਈਆਂ ਜ਼ੋਰ ਦੀ ਪੀਂਘ ਚੜ੍ਹਾਉਣ ਦਾ ਯਤਨ ਕਰਦੀਆਂ। ਪੀਂਘ ਨੂੰ ਆਪਣੇ ਜ਼ੋਰ ਨਾਲ ਚੜ੍ਹਾਉਣਾ ਵੀ ਇੱਕ ਕਲਾ ਮੰਨਿਆ ਜਾਂਦਾ ਸੀ ਜੋ ਹਰ ਕੁੜੀ ਵਿੱਚ ਨਹੀਂ ਹੁੰਦੀ ਸੀ।

ਇਸ ਸਮੇਂ ਕੁੜੀਆਂ ਵੱਲੋਂ ਤੀਆਂ ਨਾਲ ਸਬੰਧਿਤ ਬੋਲੀਆਂ ਪਾਈਆਂ ਜਾਂਦੀਆਂ ਅਤੇ ਗਿੱਧੇ ਵਿੱਚ ਨੱਚ ਕੇ ਖੁਸ਼ੀ ਮਨਾਈ ਜਾਂਦੀ ਸੀ। ਚਾਰੇ ਪਾਸੇ ਗੋਲ ਘੇਰਾ ਬਣਾ ਕੇ ਖੜ੍ਹੀਆਂ ਮੁਟਿਆਰਾਂ ਗਿੱਧਾ ਪਾਉਂਦੀਆਂ ਅਤੇ ਇਸ ਘੇਰੇ ਵਿੱਚ ਨੱਚਣ ਵਾਲੀਆਂ ਕੁੜੀਆਂ ਇੱਕ-ਦੂਜੀ ਨਾਲ ਨੱਚਣ ਦਾ ਮੁਕਾਬਲਾ ਕਰਦੀਆਂ। ਸਾਉਣ ਦੀ ਪੁੰਨਿਆ ਨੂੰ ਜਦੋਂ ਇਹ ਤਿਉਹਾਰ ਖ਼ਤਮ ਹੁੰਦਾ ਤਾਂ ਬੋਲੀ ਪਾਈ ਜਾਂਦੀ ਅਤੇ ਫਿਰ ਮਿਲਣ ਦੇ ਵਾਅਦੇ ਨਾਲ ਕੁੜੀਆਂ ਇੱਕ-ਦੂਜੀ ਤੋਂ ਭਰੇ ਮਨਾਂ ਨਾਲ ਵਿੱਛੜ ਜਾਂਦੀਆਂ।

ਆਪਣੀਆਂ ਵਿਆਹੀਆਂ ਕੁੜੀਆਂ ਨੂੰ ਪੇਕੇ ਪਰਿਵਾਰ ਵੱਲੋਂ ਸਾਉਣ ਦੇ ਮਹੀਨੇ ਵਿੱਚ ਸੰਧਾਰਾ ਵੀ ਭੇਜਿਆ ਜਾਂਦਾ ਹੈ। ਜਿਸ ਵਿੱਚ ਕੱਪੜੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਇਸ ਮਹੀਨੇ ਪੈਂਦੇ ਮੀਂਹ ਨਾਲ ਜਦੋਂ ਮੌਸਮ ਪੂਰਾ ਠੰਢਾ ਹੋ ਜਾਂਦਾ ਤਾਂ ਘਰਾਂ ਵਿੱਚ ਖੁੱਲੇ੍ਹ-ਡੁੱਲੇ ਖੀਰ-ਪੂੜੇ ਬਣਾਏ ਜਾਂਦੇ ਜੋ ਅੱਜ-ਕੱਲ੍ਹ ਗੈਸ ਦੇ ਚੁੱਲ੍ਹਿਆਂ ’ਤੇ ਬਣਨ ਲੱਗੇ ਹਨ। ਪਰਿਵਾਰ ਦੀਆਂ ਬਜ਼ੁਰਗ ਔਰਤਾਂ ਖੀਰ-ਪੂੜੇ ਬਣਾਉਣ ਵਿੱਚ ਪੂਰੀਆਂ ਮਾਹਿਰ ਹੁੰਦੀਆਂ। ਸੁਆਦਲੇ ਦੁੱਧ ਨੂੰ ਪੂਰੀ ਤਰ੍ਹਾਂ ਕਾੜ੍ਹਕੇ ਬਣਾਈ ਖੀਰ ਅਜੋਕੇ ਮਹਿੰਗੇ ਪਕਵਾਨਾਂ ਨੂੰ ਪਰੇ ਕਰਦੀ ਸੀ।

ਜਿਨ੍ਹਾਂ ਔਰਤਾਂ ਨੇ ਉਹ ਸਮਾਂ ਹੰਢਾਇਆ ਹੈ ਉਹ ਅੱਜ ਵੀ ਉਸ ਵੇਲੇ ਨੂੰ ਯਾਦ ਕਰਦੀਆਂ ਹੋਈਆਂ ਉਸਦੇ ਮੁੜ ਆਉਣ ਦੀ ਉਡੀਕ ਕਰਦੀਆਂ ਹਨ ਅਤੇ ਉਨ੍ਹਾਂ ਸਮਿਆਂ ਨੂੰ ਆਪਣੀ ਨਵੀ ਪੀੜ੍ਹੀ ਨਾਲ ਸਾਂਝਾ ਕਰਕੇ ਅੱਜ ਵੀ ਆਪਣੇ-ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰਦੀਆਂ ਹਨ ਪਰ ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਹੋਇਆ ਪਾਣੀ ਅਤੇ ਸਮਾਂ ਕਦੇ ਵਾਪਸ ਨਹੀਂ ਆਉਂਦੇ।

ਅਜੋਕੀ ਬਦਲਦੀ ਜੀਵਨਸ਼ੈਲੀ ਵਿੱਚ ਹੁਣ ਵੱਡੇ ਬਦਲਾਅ ਆ ਚੁੱਕੇ ਹਨ ਜਿਸ ਕਾਰਨ ਸਾਡਾ ਕਿਰਤ ਸੱਭਿਆਚਾਰ ਅਤੇ ਅਜਿਹੇ ਤਿਉਹਾਰ ਤੇਜੀ ਨਾਲ ਅਲੋਪ ਹੁੰਦੇ ਜਾ ਰਹੇ ਹਨ। ਅੱਜ-ਕੱਲ੍ਹ ਦੀਆਂ ਮੁਟਿਆਰਾਂ ਜਿੱਥੇ ਪੰਜਾਬੀ ਸੱਭਿਆਚਾਰ ਦੀ ਅਜਿਹੀ ਅਨੋਖੀ ਅਤੇ ਵਿਲੱਖਣ ਪਹਿਚਾਣ ਤੋਂ ਅਣਜਾਣ ਹੋ ਰਹੀਆਂ ਹਨ, ਉੱਥੇ ਹੀ ਪੰਜਾਬੀ ਸੱਭਿਆਚਾਰ ਦੇ ਗੀਤਾਂ, ਬੋਲੀਆਂ, ਪਹਿਰਾਵੇ ਅਤੇ ਵਿਰਾਸਤ ਤੋਂ ਵੀ ਦੂਰ ਹੋ ਰਹੀਆਂ ਹਨ ਜੋ ਪੰਜਾਬੀ ਸੱਭਿਆਚਾਰ ਲਈ ਸ਼ੁੱਭ ਸੰਕੇਤ ਨਹੀਂ ਹੈ। ਅਜਿਹੇ ਤਿਉਹਾਰਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਹੁਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਢੁੱਕਵੇਂ ਉਪਰਾਲੇ ਕਰਨ ਦੀ ਲੋੜ ਹੈ।
ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953
ਜਗਤਾਰ ਸਮਾਲਸਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ