ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਨਵੀਂ ਛੱਤ ਪਾ ਕੇ ਦਿੱਤਾ ਮਕਾਨ
Social Welfare: (ਮਨਜੀਤ ਨਰੂਆਣਾ) ਚੁੱਘੇ ਕਲਾਂ। ਜੇਠ ਹਾੜ੍ਹ ਦੀਆਂ ਤਪਦੀਆਂ ਦੁਪਹਿਰਾਂ, ਅੱਗ ਵਰ੍ਹਾਉਂਦੀਆਂ ਲੋਆਂ ਤੇ ਪੋਹ ਮਾਘ ਦੀਆਂ ਰਾਤਾਂ ਹੀ ਨਹੀਂ ਝੱਖੜ ਮੀਂਹ, ਹਨ੍ਹੇਰੀ ਵਾ-ਵਰੋਲ਼ੇ ਝੱਲ ਕੇ ਕੱਖਾਂ ਕਾਨਿਆਂ ਦੀ ਕੁੱਲੀ ’ਚ ਰਹਿਣ ਵਾਲੀ ਭੈਣ ਕਿਰਨਜੀਤ ਕੌਰ ਤੇ ਉਸ ਦੇ ਪਰਿਵਾਰ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਮਹੀਨਿਆਂ ਤੋਂ ਛੱਪਰ ’ਚ ਬੈਠੀ ਨੂੰ ਆਪਣਾ ਪੱਕਾ ਮਕਾਨ ਮਿਲ ਜਾਵੇਗਾ, ਪਰ ਉਸ ਦਾ ਇਹ ਸੁਫਨਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਰਾ ਕਰ ਦਿੱਤਾ ਹੈ, ਜਿਨ੍ਹਾਂ ਨੇ ਭੈਣ ਕਿਰਨਜੀਤ ਕੌਰ ਨੂੰ ਕੁੱਝ ਹੀ ਘੰਟਿਆਂ ’ਚ ਨਵੀਂ ਛੱਤ ਪਾ ਕੇ ਮਕਾਨ ਨੂੰ ਰੂਪ ਦੇ ਕੇ ਸੌਂਪ ਦਿੱਤਾ।
ਇਹ ਵੀ ਪੜ੍ਹੋ: Ladli Behna Yojana: ਮੁੱਖ ਮੰਤਰੀ ਦਾ ਵੱਡਾ ਐਲਾਨ, ਲਾਡਲੀ ਭੈਣਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ
ਬਲਾਕ ਚੁੱਘੇ ਕਲਾਂ ਦੇ ਐੱਮਐੱਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਜਿੰਮੇਵਾਰ ਸਤਨਾਮ ਸਿੰਘ ਇੰਸਾਂ ਵਾਸੀ ਬੀੜ ਤਲਾਬ ਨੇ ਦੱਸਿਆ ਕਿ ਪਿੰਡ ਬੀੜ ਤਲਾਬ ਦੀ ਕਿਰਨਜੀਤ ਕੌਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਉਹ ਆਪਣੇ ਪੂਰੇ ਪਰਿਵਾਰ ਸਮੇਤ ਛੱਪਰ ਬਣਾ ਕੇ ਰਹਿੰਦੀ ਸੀ। ਉਸ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਕੋਲ ਮਕਾਨ ਬਣਾਉਣ ਲਈ ਬੇਨਤੀ ਕੀਤੀ ਤਾਂ ਸ਼ਰਧਾਲੂਆਂ ਵੱਲੋਂ ਉਕਤ ਔਰਤ ਦੀ ਹਾਲਤ ਨੂੰ ਵੇਖਦਿਆਂ ਮਕਾਨ ਬਣਾਉਣ ਦਾ ਝੱਟ ਫੈਸਲਾ ਲੈ ਲਿਆ। ਕਿਰਨਜੀਤ ਕੌਰ ਮੁਤਾਬਕ ਅਸਮਾਨ ’ਚ ਬੱਦਲ ਛਾ ਜਾਣ ਨਾਲ ਹੀ ਉਸਦੀਆਂ ਚਿੰਤਾਵਾਂ ਵੀ ਵਧ ਜਾਂਦੀਆਂ ਸਨ ਕਿਉਂਕਿ ਛੱਪਰ ਮੀਂਹ ਕਾਰਨ ਚਿਉਣ ਲੱਗ ਜਾਂਦਾ ਸੀ, ਜਿਸ ਕਾਰਨ ਉਸ ਦੇ ਸਾਰੇ ਪਰਿਵਾਰ ਦਾ ਰਹਿਣਾ ਬਹੁਤ ਔਖਾ ਹੋ ਜਾਂਦਾ ਸੀ।
ਕਿਰਨਜੀਤ ਕੌਰ ਦੀਆਂ ਹੁਣ ਆਪਣੇ ਅੱਧ ਡਿੱਗੇ ਮਕਾਨ ਦੀਆਂ ਚਿੰਤਾਵਾਂ ਮੁੱਕ ਗਈਆਂ ਹਨ ਕਿਉਂਕਿ ਬਲਾਕ ਚੁੱਘੇ ਕਲਾਂ ਦੇ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਖਸਤਾ ਹਾਲਤ ਮਕਾਨ ਨੂੰ ਨਵੇਂ ਸਿਰੇ ਤੋਂ ਉਸਾਰ ਕੇ ਕੁੱਝ ਘੰਟਿਆਂ ’ਚ ਹੀ ਇੱਕ ਨਵਾਂ ਰੂਪ ਦੇ ਦਿੱਤਾ ਹੈ। ਡੇਰਾ ਸ਼ਰਧਾਲੂਆਂ ਦੇ ਇਸ ਸ਼ਲਾਘਾਯੋਗ ਕਾਰਜ ਦੀ ਕਿਰਨਜੀਤ ਕੌਰ ਧੰਨਵਾਦ ਕਰਦੀ ਨਹੀਂ ਥੱਕਦੀ। Social Welfare

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਮੇਲ ਸਿੰਘ ਇੰਸਾਂ, ਬਲਰਾਜ ਇੰਸਾਂ ਬਾਹੋ ਸਿਵੀਆਂ, ਰਣਜੀਤ ਇੰਸਾਂ, ਗੁਰਪ੍ਰੀਤ ਇੰਸਾਂ ਤੋਂ ਇਲਾਵਾ ਭੈਣ ਬਿਮਲਾ ਇੰਸਾਂ ਬਹਿਮਣ ਦੀਵਾਨਾ, ਰਸਪ੍ਰੀਤ ਇੰਸਾਂ ਦਿਉਣ ਤੋਂ ਇਲਾਵਾ ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਜਿੰਮੇਵਾਰ ਸੇਵਾਦਾਰ ਸਤਨਾਮ ਇੰਸਾਂ ਬੀੜ ਤਲਾਬ ਮੌਜੂਦ ਸਨ।
‘ਫਰਿਸ਼ਤਿਆਂ ਤੋਂ ਘੱਟ ਨਹੀਂ ਹਨ ਡੇਰਾ ਸ਼ਰਧਾਲੂ’
ਇਸ ਮੌਕੇ ਕਿਰਨਜੀਤ ਕੌਰ ਨੇ ਦੱਸਿਆ ਕਿ ਗਰੀਬੀ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬੇਹੱਦ ਪਤਲੀ ਪੈ ਚੁੱਕੀ ਸੀ। ਇਸੇ ਕਰਕੇ ਹੀ ਉਹ ਆਪਣੇ ਅੱਧ ਢਹਿ ਚੁੱਕੇ ਮਕਾਨ ਦੀ ਮੁਰੰਮਤ ਕਰਵਾਉਣ ਦੇ ਵੀ ਯੋਗ ਨਹੀਂ ਸੀ। ਪਰ ਧੰਨ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਨ੍ਹਾਂ ਨੇ ਉਸ ਦੀ ਨਿੱਕੀ ਜਿਹੀ ਬੇਨਤੀ ’ਤੇ ਹੀ ਉਨ੍ਹਾਂ ਦੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਦਿੱਤਾ ਹੈ। ਉਸ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਹੋਰ ਤਾਂ ਉਨ੍ਹਾਂ ਕੋਲੋਂ ਕੁੱਝ ਕੀ ਲੈਣਾ ਸੀ, ਸਗੋਂ ਚਾਹ-ਪਾਣੀ ਵੀ ਆਪਣੇ ਪੱਲਿਓ ਪੀਤਾ। ਉਨ੍ਹਾਂ ਪੂਜਨੀਕ ਗੁਰੂ ਜੀ ਤੇ ਸਮੁੱਚੀ ਸਾਧ-ਸੰਗਤ ਦਾ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕਿ ਸਾਧ ਸੰਗਤ ਉਸ ਲਈ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹੈ, ਜਿਨ੍ਹਾਂ ਨੇ ਕੁੱਝ ਘੰਟਿਆਂ ’ਚ ਉਸ ਨੂੰ ਛੱਤ ਦਿੱਤੀ।














